ਮੋਦੀ ਨੂੰ ‘ਸ਼ਿਕਾਇਤ’ ਲਾ ਕੇ ਸਟਾਰ ਬਣੀ ਮਾਹੀਰੂਹ

ਸ੍ਰੀਨਗਰ, (ਸਮਾਜ ਵੀਕਲੀ): ਜੰਮੂ ਕਸ਼ਮੀਰ ਦੀ ਛੇ ਸਾਲਾਂ ਦੀ ਬੱਚੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤੀ ਗਈ ਇਕ ਅਪੀਲ ਵਾਇਰਲ ਹੋ ਗਈ ਹੈ। ਮਾਹੀਰੂਹ ਇਰਫ਼ਾਨ ਨੇ 71 ਸਕਿੰਟ ਦੀ ਵੀਡੀਓ ਵਿਚ ਆਨਲਾਈਨ ਕਲਾਸ ਬਾਰੇ ਗੱਲਬਾਤ ਕੀਤੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਨਿੱਕੀ ਬੱਚੀ ਦੇ ਘਰ ਅੱਗੇ ਮੀਡੀਆ ਕੈਮਰਿਆਂ ਦੀ ਕਤਾਰ ਲੱਗ ਗਈ ਹੈ ਜੋ ਕਿ ਉਸ ਦੀ ‘ਸਾਊਂਡਬਾਈਟ’ ਲੈਣ ਲਈ ਉੱਥੇ ਪੁੱਜੇ ਹਨ। ਮਾਹੀਰੂਹ ਤੇ ਉਸ ਦਾ ਪਰਿਵਾਰ ਇਸ ਸਭ ਦਾ ਆਨੰਦ ਲੈ ਰਿਹਾ ਹੈ।

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਵਾਇਰਲ ਹੋਈ ਵੀਡੀਓ ਤੋਂ ਬਾਅਦ ਬੱਚੀ ਮੀਡੀਆ ਸਟਾਰ ਬਣ ਗਈ ਹੈ। ਜਦ ਉਸ ਨੂੰ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਨੂੰ ਵੀਡੀਓ ਕਿਉਂ ਪੋਸਟ ਕੀਤੀ ਤਾਂ ਉਸ ਨੇ ਕਿਹਾ ਕਿ ਕੋਵਿਡ ਦੌਰਾਨ ਬਹੁਤ ਜ਼ਿਆਦਾ ਪੜ੍ਹਾਈ ਆਨਲਾਈਨ ਹੋ ਰਹੀ ਹੈ। ਬੱਚਿਆਂ ਨੂੰ ਖੇਡਣ ਲਈ ਵੀ ਕੁਝ ਸਮਾਂ ਮਿਲਣਾ ਚਾਹੀਦਾ ਹੈ। ਪੱਤਰਕਾਰਾਂ ਨੂੰ ਉਸ ਨੇ ਦੱਸਿਆ ਕਿ ਪਹਿਲਾਂ ਕਲਾਸ ਲੱਗਦੀ ਹੈ ਤੇ ਫਿਰ ਹੋਮਵਰਕ ਮਿਲਦਾ ਹੈ। ਵੀਡੀਓ ਵਿਚ ਵੀ ਮਾਹੀਰੂਹ ਪ੍ਰਧਾਨ ਮੰਤਰੀ ਨੂੰ ਹੋਮਵਰਕ ਦਾ ਬੋਝ ਘਟਾਉਣ ਦੀ ਅਪੀਲ ਕਰ ਰਹੀ ਹੈ।

ਬੱਚੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸਕੂਲ ਸਿੱਖਿਆ ਵਿਭਾਗ ਨੂੰ ਹੁਕਮ ਦਿੱਤਾ ਹੈ ਕਿ ਉਹ 48 ਘੰਟਿਆਂ ਵਿਚ ਕੋਈ ਨੀਤੀ ਲੈ ਕੇ ਆਉਣ ਜਿਸ ਰਾਹੀਂ ਸਕੂਲੀ ਵਿਦਿਆਰਥੀਆਂ ਤੋਂ ਬੋਝ ਘਟਾਇਆ ਜਾ ਸਕੇ। ਵੀਡੀਓ ਵਿਚ ਬੱਚੀ ਮੋਦੀ ਨੂੰ ਸਲਾਮ ਕਰਦਿਆਂ ਕਹਿੰਦੀ ਹੈ ‘ਮੋਦੀ ਸਾਹਿਬ! ਮੇਰੀ ਕਲਾਸ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ ਦੋ ਵਜੇ ਤੱਕ ਲੱਗਦੀ ਹੈ। ਐਨਾ ਹੋਮਵਰਕ ਤਾਂ ਛੇਵੀਂ, ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਿਲਦਾ ਹੈ। ਨਿੱਕੇ ਬੱਚਿਆਂ ਨੂੰ ਐਨਾ ਕੰਮ ਕਿਉਂ ਦਿੱਤਾ ਜਾ ਰਿਹਾ ਹੈ ਮੋਦੀ ਸਾਹਿਬ?’ ਉਪ ਰਾਜਪਾਲ ਸਿਨਹਾ ਨੇ ਇਸ ਨੂੰ ‘ਬਹੁਤ ਪਿਆਰੀ ਸ਼ਿਕਾਇਤ’ ਕਰਾਰ ਦਿੱਤਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਦੇਸ਼ੀ ਵੈਕਸੀਨ ਨੂੰ ਪ੍ਰਵਾਨਗੀ ਦੇਣ ਦੀ ਪ੍ਰਕਿਰਿਆ ਹੋਈ ਸੁਖਾਲੀ
Next articleਨਵੇਂ ਜ਼ਿਲ੍ਹੇ ਦੀ ਕਮਾਨ ਮਹਿਲਾ ਅਧਿਕਾਰੀਆਂ ਹੱਥ