ਵਿਦੇਸ਼ੀ ਕੋਚ ਦੇ ਸੁਝਾਅ ਕਾਰਨ ਖੇਡ ਵਿੱਚ ਸੁਧਾਰ ਹੋਇਆ: ਸਿੰਧੂ

ਵਿਸ਼ਵ ਚੈਂਪੀਅਨ ਪੀਵੀ ਸਿੰਧੂ ਨੇ ਅੱਜ ਕਿਹਾ ਕਿ ਭਾਰਤ ਦੇ ਵਿਦੇਸ਼ੀ ਬੈਡਮਿੰਟਨ ਕੋਚ ਕਿਮ ਜ਼ੀ ਹਿਉਨ ਨੇ ਉਸ ਨੂੰ ਖੇਡ ਵਿੱਚ ਬਦਲਾਅ ਕਰਨ ਦੇ ਸੁਝਾਅ ਦਿੱਤੇ, ਜਿਨ੍ਹਾਂ ’ਤੇ ਕੰਮ ਕਰਨ ਨਾਲ ਉਸ ਨੂੰ ਕਾਫ਼ੀ ਮਦਦ ਮਿਲੀ। ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਸਿੰਧੂ ਨੇ ਹਾਲ ਹੀ ਵਿੱਚ ਬੀਡਬਲਯੂਐੱਫ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਜਾਪਾਨ ਦੀ ਨੋਜ਼ੋਮੀ ਓਕੂਹਾਰਾ ਨੂੰ ਹਰਾਇਆ ਹੈ।
ਇਹ ਪੁੱਛਣ ’ਤੇ ਕਿ ਕੀ ਕਿਮ ਦੀ ਸਲਾਹ ਦਾ ਉਸ ਦੀ ਖੇਡ ’ਤੇ ਕੋਈ ਅਸਰ ਪਿਆ, ਸਿੰਧੂ ਨੇ ਕਿਹਾ, ‘‘ਯਕੀਨੀ ਤੌਰ ’ਤੇ ਇਸ ਦਾ ਕਾਫ਼ੀ ਅਸਰ ਪਿਆ, ਕਿਉਂਕਿ ਉਹ ਬੀਤੇ ਕੁੱਝ ਮਹੀਨਿਆਂ ਤੋਂ ਸਾਡੇ ਨਾਲ ਹਨ।’’ ਉਸ ਨੇ ਕਿਹਾ, ‘‘ਉਨ੍ਹਾਂ ਨੇ ਮੈਨੂੰ ਕੁੱਝ ਬਦਲਾਅ ਬਾਰੇ ਸੁਝਾਅ ਦਿੱਤੇ ਅਤੇ ਮੈਨੂੰ ਲਗਦਾ ਹੈ ਕਿ ਇਸ ਤੋਂ ਕਾਫ਼ੀ ਮਦਦ ਮਿਲੀ। ਅਸੀਂ ਇਸ ’ਤੇ ਕੰਮ ਕੀਤਾ, ਬੇਸ਼ੱਕ ਗੋਪੀ ਸਰ (ਮੁੱਖ ਕੋਚ ਪੁਲੇਲਾ ਗੋਪੀਚੰਦ) ਦੇ ਮਾਰਗ ਦਰਸ਼ਨ ਵਿੱਚ ਇਹ ਕਾਫ਼ੀ ਚੰਗਾ ਰਿਹਾ। ਮੇਰੇ ਹੁਨਰ ਵਿੱਚ ਕਾਫ਼ੀ ਵਾਧਾ ਹੋਇਆ ਅਤੇ ਹੁਣ ਵੀ ਕਾਫ਼ੀ ਸੁਧਾਰ ਹੋ ਸਕਦਾ ਹੈ।’’ ਸਿੰਧੂ ਨੂੰ ਇੱਥੇ ਕਰਵਾਏ ਪ੍ਰੋਗਰਾਮ ਦੌਰਾਨ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ।
ਇਹ ਪੁੱਛਣ ’ਤੇ ਕਿ ਕੀ 2017 ਦੇ ਫਾਈਨਲ ਵਿੱਚ ਓਕੂਹਾਰਾ ਤੋਂ ਮਿਲੀ ਹਾਰ ਉਸ ਦੇ ਦਿਮਾਗ਼ ਵਿੱਚ ਸੀ ਤਾਂ ਸਿੰਧੂ ਨੇ ਕਿਹਾ ਕਿ ਅਜਿਹਾ ਨਹੀਂ ਸੀ। ਸਿੰਧੂ ਨੇ ਕਿਹਾ ਕਿ ਉਸ ਨੂੰ ਵੱਧ ਹਮਲਾਵਰ ਹੋ ਕੇ ਖੇਡਣ ਅਤੇ ਫੁਰਤੀ ਵਿਖਾਉਣ ਦਾ ਫ਼ਾਇਦਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਮਿਲਿਆ।

Previous articleਦੱਖਣੀ ਅਫਰੀਕਾ ‘ਏ’ ਖ਼ਿਲਾਫ਼ ਭਾਰਤ ਦੀ ਨਜ਼ਰ ਨੌਜਵਾਨ ਕ੍ਰਿਕਟਰਾਂ ’ਤੇ
Next articleਕੌਮੀ ਜੂਨੀਅਰ ਰੱਸਾਕਸ਼ੀ ਚੈਂਪੀਅਨਸ਼ਿਪ: ਪੰਜਾਬ ਨੇ ਤਿੰਨ ਚਾਂਦੀ ਦੇ ਤਗ਼ਮੇ ਜਿੱਤੇ