ਕਿਸੇ ਵੀ ਨਿਜ਼ਾਮ ਦੇ ਵਧਣ-ਫੁੱਲਣ ਤੇ ਵਿਕਾਸ ਕਰਨ ਲਈ ਉੱਥੋਂ ਦੇ ਵਿਦਿਅਕ ਢਾਂਦੇ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਜੇ ਵਿਦਿਅਕ ਢਾਂਚਾ ਤੇ ਵਿਦਿਆ ਪ੍ਰਣਾਲੀ ਬਾਰੇ ਲੋਕ ਸੁਚੇਤ ਹੋਣਗੇ ਤਾਂ ਹੀ ਨਿਜ਼ਾਮ ਪਿੱਛਾਂਹ ਖਿੱਚੂ ਅਲਾਮਤਾਂ ਦਾ ਸ਼ਿਕਾਰ ਹੋਣ ਤੋਂ ਬਚਿਆ ਰਹੇਗਾ। ਇਸ ਲਈ ਕਲਾ, ਸਾਹਿਤ ਤੇ ਸਿਨਮਾ ਦੇ ਖੇਤਰ ਵਿਚ ਵਿਦਿਆਤੰਤਰ ਪ੍ਰਤੀ ਗੰਭੀਰਤਾ ਤੇ ਸੰਵੇਦਨਸ਼ੀਲ ਹੋਣਾ ਚੇਤਨ ਤੇ ਸੂਝਵਾਨ ਲੋਕਾਂ ਦੀ ਨਿਸ਼ਾਨੀ ਹੈ। ਇਸ ਵਿਚ ਸਿਨਮਾ ਦੀ ਭੂਮਿਕਾ ਅਹਿਮ ਹੈ।
ਵਿਦਿਆ ਤੇ ਇਸ ਨਾਲ ਜੁੜੇ ਮੁੱਦਿਆਂ ਲਈ ਭਾਰਤੀ ਸਿਨਮਾ ਕੋਈ ਖ਼ਾਸ ਗੰਭੀਰਤਾ ਨਾਲ ਪੇਸ਼ ਨਹੀਂ ਆਉਂਦਾ। ਕੁਝ ਫ਼ਿਲਮਾਂ ਹਨ ਜਿਨ੍ਹਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ, ਇਸ ਵਿਚ ‘ਨਿੱਲ ਬਟੇ ਸਨਾਟਾ’, ‘ਆਰਕਸ਼ਣ’, ‘ਚਾਕ ਐਂਡ ਡਸਟਰ’, ‘ਤਾਰੇ ਜ਼ਮੀਨ ਪਰ’, ‘ਇੰਗਲਿਸ਼ ਵਿੰਗਲਿਸ਼’, ‘ਹਿੰਦੀ ਮੀਡੀਅਮ’ ਆਦਿ। ਇਹ ਫ਼ਿਲਮਾਂ ਹਿੰਦੋਸਤਾਨੀ ਬੰਦੇ ਦੇ ਮਨ ਅੰਦਰ ਜਾਗੀਰਦਾਰੂ ਤੇ ਬਸਤੀਵਾਦੀ ਨਿਜ਼ਾਮ ਦੀਆਂ ਬਣਾਈਆਂ ਪਰਤਾਂ ਨੂੰ ਉਧੇੜਦੀਆਂ ਨਜ਼ਰ ਆਉਂਦੀਆਂ ਹਨ। ਦੂਜੀ ਤਰਫ਼ ਜਦੋਂ ਪੰਜਾਬੀ ਸਿਨਮਾ ਬਾਰੇ ਗੱਲ ਚੱਲਦੀ ਹੈ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਪੰਜਾਬੀ ਨਿਜ਼ਾਮ ਦਾ ਸਿਨਮਾ ਨਾਲ ਜੋ ਸਬੰਧ ਹੈ, ਉਹ ਵਿਰੋਧੀ ਗੁੱਟ ਵਰਗਾ ਹੈ। ਪੰਜਾਬੀ ਸਿਨਮਾ ਤਾਂ ਵਿਦਿਅਕ ਢਾਂਚੇ ਨੂੰ ਢਾਹ ਲਾਉਂਦਾ ਨਜ਼ਰ ਆਉਂਦਾ ਹੈ। ਇਹ ਪ੍ਰਬੰਧ ਨਾਲ ਜੁੜੀਆਂ ਕੀਮਤਾਂ ਨੂੰ ਤੋੜਦਾ ਨਜ਼ਰ ਆਉਂਦਾ ਹੈ। ਭਾਵੇਂ ਪੰਜਾਬ ਨੂੰ ਦੂਜੇ ਸੂਬਿਆਂ ਨਾਲੋਂ ਜ਼ਿਆਦਾ ਵਿਦਿਅਕ ਸੰਸਥਾਵਾਂ ਨੂੰ ਚਲਾਉਣ ਦਾ ਮਾਣ ਹਾਸਲ ਹੈ ਅਤੇ ਲੋਕਾਂ ਦੀ ਸਿੱਖਿਆ ਪ੍ਰਤੀ ਰੁਚੀ ਵੀ ਜ਼ਿਆਦਾ ਹੈ, ਪਰ ਪੰਜਾਬੀ ਫ਼ਿਲਮਾਂ ਵਿਚ ਇਹ ਦ੍ਰਿਸ਼ ਆਮ ਦੇਖਣ ਨੂੰ ਮਿਲਦੇ ਹਨ ਕਿ ਫ਼ਿਲਮਾਂ ਵਿਚਲੇ ਕਿਰਦਾਰ ਭਾਵੇਂ ਮਰਦ ਹੋਣ ਜਾਂ ਔਰਤ, ਉਹ ਕਲਾਸ ਰੂਮ ਦੀ ਮਰਿਆਦਾ ਨੂੰ ਭੰਗ ਕਰਦੇ ਨਜ਼ਰ ਆਉਣਗੇ। ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਨੂੰ ਭੱਦੇ ਰੂਪ ਵਿਚ ਮਜ਼ਾਕ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਵਿਦਿਅਕ ਸੰਸਥਾਵਾਂ ਨੂੰ ਆਸ਼ਕੀ ਦਾ ਅੱਡਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਅਧਿਆਪਕ ਤੇ ਸ਼ਿਸ਼ ਦਾ ਜੋ ਰਿਸ਼ਤਾ ਹੈ, ਉਸ ਦੀ ਆਪਣੀ ਪਰੰਪਰਾ ਹੈ, ਪਰ ਇੱਥੇ ਉਸ ਤੋਂ ਬੇਮੁੱਖ ਹੋ ਕੇ ਗ਼ਲਤ ਧਾਰਨਾਵਾਂ ਪੇਸ਼ ਕੀਤੀਆਂ ਜਾਂਦੀਆਂ ਹਨ।ਸ਼ੁਰੂਆਤੀ ਦੌਰ ਦੀ ਪੰਜਾਬੀ ਫ਼ਿਲਮ ‘ਮਨੁ ਜੀਤੇ ਜਗੁ ਜੀਤੁ’ ਤੇ ਥੋੜ੍ਹਾ ਸਮਾਂ ਪਹਿਲਾਂ ਰਿਲੀਜ਼ ਹੋਈ ‘ਅਰਦਾਸ’ ਫ਼ਿਲਮ ਵਿਚ ਅਧਿਆਪਕ ਦੀ ਜੋ ਭੂਮਿਕਾ ਹੈ, ਉਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਭਾਵੇਂ ਪਹਿਲੀ ਫ਼ਿਲਮ ਦਾ ਮੂਲ ਆਸ਼ਾ ਧਾਰਮਿਕ ਹੋਵੇ ਜਾਂ ਫਿਰ ਦੂਜੀ ਵਿਸ਼ੇ ਪੱਖੋਂ ਖਿੰਡੀ ਪੁੰਡੀ ਹੋਵੇ। ਇਨ੍ਹਾਂ ਦਾ ਜ਼ਿਕਰ ਕਰਨਾ ਬਣਦਾ ਹੈ। ਅਧਿਆਪਕ ਦਾ ਜੋ ਕਰਤੱਵ ਤੇ ਜ਼ਿੰਮੇਵਾਰੀ ਇਨ੍ਹਾਂ ਫ਼ਿਲਮਾਂ ਰਾਹੀਂ ਦਰਸ਼ਕਾਂ ਸਾਹਮਣੇ ਪੇਸ਼ ਕੀਤੀ ਗਈ ਹੈ, ਉਸ ਤੋਂ ਮੁਨਕਰ ਹੋ ਕੇ ਨਹੀਂ ਸਰਦਾ। ਜਦੋਂ ਦੁਨੀਆਂ ਦੇ ਹੋਰ ਖਿੱਤਿਆਂ ਦਾ ਵਿਦਿਆ ਪ੍ਰਤੀ ਸਿਨਮਾ ਦਾ ਜ਼ਿਕਰ ਹੁੰਦਾ ਹੈ ਤਾਂ ਇਰਾਨੀ ਲੇਖਕ ਤੇ ਨਿਰਦੇਸ਼ਕ ਸਮੀਰਾ ਮੈਕਮਲਬਫ ਵੱਲੋਂ ਤਿਆਰ ਕੀਤੀ ਗਈ ਫ਼ਿਲਮ ‘ਬਲੈਕਬੋਰਡਜ਼’ ਤਾਰੀਫ਼ ਯੋਗ ਹੈ। ਇਸ ਫ਼ਿਲਮ ਨੂੰ ਦੁਨੀਆਂ ਦੇ ਦਰਜਨਾਂ ਐਵਾਰਡਾਂ ਨਾਲ ਨਿਵਾਜਿਆ ਗਿਆ। ਇਰਾਨ ਤੇ ਇਰਾਕ ਯੁੱਧ ਦੌਰਾਨ ਇਰਾਕ ਨੇ ਰਸਾਇਣਿਕ ਬੰਬਾਰੀ ਨਾਲ ਇਰਾਨ ਦਾ ਜੋ ਹਾਲ ਕੀਤਾ, ਉਸਦਾ ਸਿੱਖਿਆਤੰਤਰ ’ਤੇ ਅਸਰ ਪੈਣਾ ਸੁਭਾਵਿਕ ਸੀ। ਇਸ ਤਬਾਹੀ ਤੋਂ ਬਾਅਦ ਅਧਿਆਪਕਾ ਨੇ ਉੱਥੋਂ ਦੇ ਸਮਾਜ ਨੂੰ ਸਿੱਖਿਅਤ ਕਰਨ ਦਾ ਬੀੜਾ ਚੁੱਕਿਆ। ਇਸ ਫ਼ਿਲਮ ਵਿਚ ਉਸਦੀ ਬਾ-ਕਮਾਲ ਪੇਸ਼ਕਾਰੀ ਕੀਤੀ ਗਈ ਹੈ। ਉਹ ਅਧਿਆਪਕ ਆਪਣੇ ਮੋਢਿਆਂ ’ਤੇ ਬਲੈਕ ਬੋਰਡ ਚੁੱਕ ਕੇ ਉੱਚੀਆਂ ਨੀਵੀਆਂ ਪਹਾੜੀਆਂ ਤੋਂ ਲੰਘਦਿਆਂ, ਇਰਾਕੀ ਸੈਨਕਾਂ ਤੋਂ ਬਚ ਕੇ ਦੂਰ-ਦੁਰਾਡੇ ਪਿੰਡਾਂ ਦੇ ਲੋਕਾਂ, ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤਕ ਨੂੰ ਸਿੱਖਿਅਤ ਕਰਨ ਦੀ ਘਾਲਣਾ ਕਰਦੀ ਹੈ। ਇਹ ਫ਼ਿਲਮ ਯਥਾਰਥ, ਗਲਪ ਤੇ ਸੁਪਨਿਆਂ ਦੇ ਸੁਮੇਲ ਰਾਹੀਂ ਬੰਦੇ ਤੇ ਸਮਾਜ ਦੀ ਦਸ਼ਾ ਤੇ ਦਿਸ਼ਾ ਨੂੰ ਨਿਰਧਾਰਤ ਕਰਦੀ ਹੈ। ਜਿਸ ਤੋਂ ਇਹ ਦੇਖਣ ਨੂੰ ਮਿਲਦਾ ਹੈ ਕਿ ਕੋਈ ਨਿਜ਼ਾਮ ਜਦੋਂ ਜੜਾਂ ਤੋਂ ਟੁੱਟਦਾ ਹੈ ਤਾਂ ਅਧਿਆਪਕ ਦੀ ਜੋ ਜ਼ਿੰਮੇਵਾਰੀ ਤੇ ਕਰਤੱਵ ਬਣਦਾ ਹੈ, ਉਹ ਨਾ ਭੁਲਾਉਣਯੋਗ ਹੈ ਜਿਸ ਨਾਲ ਉਹ ਨਿਜ਼ਾਮ ਨੂੰ ਨਵੇਂ ਸਿਰਿਓ ਪੈਰਾਂ ’ਤੇ ਖੜ੍ਹਾ ਕਰਨ ਦਾ ਹੰਭਲਾ ਮਾਰਦਾ ਹੈ। ਪੰਜਾਬੀ ਨਿਜ਼ਾਮ ਵਿਚ ਸਿਰਫ਼ ਅਧਿਆਪਕ ਦੀ ਜ਼ਿੰਮੇਵਾਰੀ ਤੇ ਕਰਤੱਵ ਨਿਰਧਾਰਤ ਕਰਨ ਦਾ ਸਵਾਲ ਪੈਦਾ ਨਹੀਂ ਹੁੰਦਾ, ਸਗੋਂ ਸਰਕਾਰ ਤੇ ਹੋਰ ਤੰਤਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਸਕਦੇ ਜਿਸ ਨਾਲ ਸਮਾਜ ਨੂੰ ਮਾਰੂ ਨਤੀਜਿਆਂ ਦਾ ਸਾਹਮਣਾ ਕਰਨਾ ਪਵੇ।
INDIA ਵਿਦਿਆ ਤੋਂ ਬੇਮੁੱਖ ਹੋਇਆ ਸਿਨਮਾ