ਘਰ ਪਰਿਵਾਰ ਦੀ ਕਹਾਣੀ ਹਿੱਟ

ਤਿਕੋਣੀ ਪ੍ਰੇਮ ਕਹਾਣੀ, ਐਕਸ਼ਨ ਅਤੇ ਰੁਮਾਂਸ ਤੋਂ ਇਲਾਵਾ ਅੱਜ ਦੇ ਦੌਰ ਵਿਚ ਜਿਨ੍ਹਾਂ ਵਿਸ਼ਿਆਂ ’ਤੇ ਫ਼ਿਲਮਸਾਜ਼ ਹੱਥ ਅਜ਼ਮਾ ਰਹੇ ਹਨ, ਉਨ੍ਹਾਂ ਵਿਚ ਪਰਿਵਾਰ ਦਾ ਫਾਰਮੂਲਾ ਹਿੱਟ ਰਿਹਾ ਹੈ। ਦਰਅਸਲ, ਬੌਲੀਵੁੱਡ ਵਿਚ ‘ਬਧਾਈ ਹੋ’ ਅਤੇ ਹਾਲੀਆ ਰਿਲੀਜ਼ ‘ਸਿੰਬਾ’ ਵਰਗੀਆਂ ਫ਼ਿਲਮਾਂ ਦੀ ਸਫਲਤਾ ਨੇ ਸਾਬਤ ਕਰ ਦਿੱਤਾ ਹੈ ਕਿ ਦਰਸ਼ਕ ਬਜਟ ਨਹੀਂ ਵਿਸ਼ਾ ਦੇਖਣਾ ਪਸੰਦ ਕਰਦੇ ਹਨ। ਹਿੰਦੀ ਫ਼ਿਲਮਾਂ ਵਿਚ ਅੱਜ ਵੀ ਘਰ ਪਰਿਵਾਰ ਦੀ ਕਹਾਣੀ ਹਿੱਟ ਹੈ।

ਹਿੰਦੀ ਫ਼ਿਲਮਾਂ ਵਿਚ ਪਰਿਵਾਰ ਦਾ ਮਹੱਤਵ ਫਿਰ ਵਧ ਰਿਹਾ ਹੈ। ‘ਬਧਾਈ ਹੋ’ ਤੋਂ ਬਾਅਦ ‘ਸਿੰਬਾ’ ਦੂਜੀ ਵੱਡੀ ਹਿੱਟ ਫ਼ਿਲਮ ਹੈ ਜਿਸ ਵਿਚ ਪਰਿਵਾਰ ਦੇ ਮਹੱਤਵ ਨੂੰ ਕੇਂਦਰ ਵਿਚ ਰੱਖਿਆ ਗਿਆ ਹੈ। ਤਾਜ਼ਾ ਰਿਲੀਜ਼ ਇਸ ਫ਼ਿਲਮ ਦਾ ਨਾਇਕ ਸਿੰਬਾ ਅਨਾਥ ਨੌਜਵਾਨ ਹੈ, ਪਰ ਉਸਨੇ ਬਹੁਤ ਨਾਟਕੀ ਢੰਗ ਨਾਲ ਗ਼ੈਰਾਂ ਵਿਚਕਾਰ ਆਪਣਾ ਪਰਿਵਾਰ ਬਣਾ ਲਿਆ। ਦਰਸ਼ਕਾਂ ਨੇ ਉਸਦੇ ਇਸ ਪਰਿਵਾਰ ਨੂੰ ਆਪਣਾ ਸਮਝਿਆ ਹੈ। ਜ਼ਿਕਰਯੋਗ ਹੈ ਕਿ ਸਾਡੇ ਜ਼ਿਆਦਾਤਰ ਨਿਰਮਾਤਾ ਹਮੇਸ਼ਾਂ ਇਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੀਆਂ ਫ਼ਿਲਮਾਂ ਪਰਿਵਾਰਕ ਹੁੰਦੀਆਂ ਹਨ। ਮੁਸ਼ਕਿਲ ਇਹ ਹੈ ਕਿ ਉਹ ਅਕਸਰ ਅਜਿਹੀਆਂ ਫ਼ਿਲਮਾਂ ਦੇ ਨਾਂ ’ਤੇ ਸਿਰਫ਼ ਸਸਤਾ ਰੁਮਾਂਸ ਅਤੇ ਬੇਵਜ੍ਹਾ ਦਾ ਐਕਸ਼ਨ ਪਰੋਸ ਦਿੰਦੇ ਹਨ, ਪਰ ‘ਬਧਾਈ ਹੋ’ ਦੀ ਗੱਲ ਜਾਣ ਦਈਏ ਤਾਂ ‘ਸਿੰਬਾ’ ਅਜਿਹਾ ਨਹੀਂ ਕਰਦੀ ਕਿਉਂਕਿ ‘ਸਿੰਬਾ’ ਦਾ ਹੀਰੋ ਸਭ ਕੁਝ ਭੁਲਾ ਕੇ ਆਪਣੇ ਪਰਿਵਾਰ ਲਈ ਸਭ ਕੁਝ ਦਾਅ ’ਤੇ ਲਗਾ ਦਿੰਦਾ ਹੈ। ਕੁਝ ਮਹੀਨੇ ਪਹਿਲਾਂ ਰਿਲੀਜ਼ ਹੋਈ ਫ਼ਿਲਮ ‘ਬਧਾਈ ਹੋ’ ਤੋਂ ਤੁਸੀਂ ਇਸ ਗੱਲ ਨੂੰ ਪੂਰੀ ਸ਼ਿੱਦਤ ਨਾਲ ਸਮਝ ਸਕਦੇ ਹੋ। ਇਸ ਫ਼ਿਲਮ ਵਿਚ ਦਾਦੀ, ਮਾਤਾ-ਪਿਤਾ ਸਭ ਮੌਜੂਦ ਹਨ ਅਤੇ ਫ਼ਿਲਮ ਦੀ ਕਹਾਣੀ ਨੂੰ ਅੱਗੇ ਵਧਾਉਣ ਅਤੇ ਉਸਨੂੰ ਦਿਲਚਸਪ ਰੰਗ ਦੇਣ ਵਿਚ ਉਸਦਾ ਅਹਿਮ ਯੋਗਦਾਨ ਹੈ। ਦੇਖਿਆ ਜਾਏ ਤਾਂ ਇਹ ਕੋਈ ਨਵੀਂ ਗੱਲ ਨਹੀਂ ਹੈ ਜਿਸ ਵੀ ਫ਼ਿਲਮ ਵਿਚ ਪਰਿਵਾਰ ਦੀਆਂ ਗੱਲਾਂ ਹੁੰਦੀਆਂ ਹਨ, ਉਸਨੂੰ ਪੂਰਾ ਪਰਿਵਾਰ ਦੇਖਣਾ ਪਸੰਦ ਕਰਦਾ ਹੈ।

ਇਸ ਲਈ ਵੀਹ ਕਰੋੜ ਰੁਪਏ ਵਿਚ ਬਣੀ ਅਤੇ 100 ਕਰੋੜ ਤੋਂ ਜ਼ਿਆਦਾ ਕੀ ਕਮਾਈ ਕਰ ਚੁੱਕੀ ਫ਼ਿਲਮ ‘ਸੋਨੂ ਕੇ ਟੀਟੂ ਕੀ ਸਵੀਟੀ’ ਦਾ ਉਦਾਹਰਨ ਦੇਣਾ ਵੀ ਜ਼ਰੂਰੀ ਹੈ। ਇਸ ਰੁਮਾਂਟਿਕ ਡਰਾਮੇ ਦੇ ਹਰ ਫਰੇਮ ਵਿਚ ਪਰਿਵਾਰ ਮੌਜੂਦ ਹੈ। ਸਪੱਸ਼ਟ ਹੈ ਕਿ ਇਸਦੇ ਨਿਰਦੇਸ਼ਕ ਲਵ ਰੰਜਨ ਨੇ ਇਨ੍ਹਾਂ ਰਿਸ਼ਤਿਆਂ ਨੂੰ ਬਹੁਤ ਕਰੀਬ ਤੋਂ ਦੇਖਿਆ ਹੈ। ਸੋਨੂ, ਟੀਟੂ ਦੇ ਪਿਤਾ ਦੇ ਦੋਸਤ ਦਾ ਬੇਟਾ ਹੈ, ਪਰ ਉਹ ਟੀਟੂ ਦੇ ਪਰਿਵਾਰ ਦਾ ਅਹਿਮ ਮੈਂਬਰ ਹੈ। ਟੀਟੂ ਦੀ ਦਾਦੀ, ਦਾਦਾ ਅਤੇ ਮਾਂ ਉਸਦੇ ਆਪਣੇ ਹਨ। ਫ਼ਿਲਮ ‘ਹੇਟ ਸਟੋਰੀ-4’ ਦੀ ਆਮ ਜਿਹੀ ਕਹਾਣੀ ਵਾਲੀ ਫ਼ਿਲਮ ਵਿਚ ਵੀ ਪਰਿਵਾਰਕ ਜਦੋਜਹਿਦ ਸਾਫ਼ ਦਿਖਾਈ ਦਿੰਦੀ ਹੈ, ਪਰ ਇਸਦੇ ਪਰਿਵਾਰ ਦੇ ਮੈਂਬਰਾਂ ਨੂੰ ਕੋਈ ਗੰਭੀਰ ਜਾਮਾ ਨਹੀਂ ਪਹਿਨਾਇਆ ਗਿਆ। ਬਲਕਿ ਇਸਦੀ ਕਹਾਣੀ ਵਿਚ ਬੋਲਡਨੈੱਸ ਬਹੁਤ ਜ਼ਿਆਦਾ ਭਾਰੂ ਹੈ। ਇਹੀ ਕਾਰਨ ਹੈ ਕਿ ਪਰਿਵਾਰ ਦੀ ਮੌਜੂਦਗੀ ਦੇ ਬਾਵਜੂਦ ਇਹ ਫ਼ਿਲਮ ਬਿਲਕੁਲ ਵੀ ਪ੍ਰਭਾਵਿਤ ਨਹੀਂ ਕਰ ਸਕੀ। ਪਿਛਲੇ ਸਾਲ ਦੀ ਇਕ ਛੋਟੀ ਜਿਹੀ ਫ਼ਿਲਮ ‘ਤੁਮਹਾਰੀ ਸੁਲੂ’ ਦੀ ਛੋਟੀ ਜਿਹੀ ਸਫਲਤਾ ਨੂੰ ਬੇਸ਼ੱਕ ਤੁਸੀਂ ਨਜ਼ਰਅੰਦਾਜ਼ ਕਰ ਦਿਓ, ਪਰ ਇਸ ਫ਼ਿਲਮ ਵਿਚ ਵੀ ਤੁਹਾਨੂੰ ਕਿਧਰੇ ਨਾ ਕਿਧਰੇ ਪਰਿਵਾਰ ਪੂਰੀ ਗਹਿਰਾਈ ਨਾਲ ਮੌਜੂਦ ਦਿੱਸੇਗਾ। ਸੁਲੂ ਇਕ ਘਰੇਲੂ ਔਰਤ ਹੈ। ਫਿਰ ਉਹ ਕੰਮਕਾਜੀ ਔਰਤ ਦੀ ਸ਼੍ਰੇਣੀ ਵਿਚ ਆ ਜਾਂਦੀ ਹੈ, ਪਰ ਫਿਰ ਵੀ ਉਹ ਪਰਿਵਾਰ ਨਾਲ ਜੁੜੀ ਰਹਿੰਦੀ ਹੈ।ਇਕ ਅਹਿਮ ਵਿਸ਼ੇ ’ਤੇ ਬਣੀ ਫ਼ਿਲਮ ‘ਪੈਡਮੈਨ’ ਦੇ ਪਿਛੋਕੜ ਵਿਚ ਪਰਿਵਾਰ ਦੀ ਮੌਜੂਦਗੀ ਤੋਂ ਤੁਸੀਂ ਇਨਕਾਰ ਨਹੀਂ ਕਰ ਸਕਦੇ। ਇਕ ਪਾਸੇ ਜਿੱਥੇ ਪੈਡਮੈਨ ਆਪਣੇ ਸੰਕਲਪ ਵਿਚ ਨਵਾਂ ਰੰਗ ਭਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉੱਥੇ ਪਰਿਵਾਰ ਨਾਲ ਉਸਦੀ ਇਕਸੁਰਤਾ ਜ਼ਬਰਦਸਤ ਹੈ। ਉਸਨੂੰ ਹਮੇਸ਼ਾਂ ਪਰਿਵਾਰ ਨਾਲ ਉੱਠਦੇ ਬੈਠਦੇ ਦਿਖਾਇਆ ਗਿਆ ਹੈ। ਇਹ ਫ਼ਿਲਮ ਬੇਸ਼ੱਕ ਜ਼ਿਆਦਾ ਕਾਰੋਬਾਰ ਨਹੀਂ ਕਰ ਸਕੀ, ਪਰ ਫਿਰ ਵੀ ਇਹ ਉਨ੍ਹਾਂ ਫ਼ਿਲਮਾਂ ਦੇ ਵਰਗ ਵਿਚ ਆਉਂਦੀ ਹੈ ਜਿਨ੍ਹਾਂ ਵਿਚ ਪਰਿਵਾਰ ਦੇਖਣ ਨੂੰ ਮਿਲਦਾ ਹੈ। ਅਕਸ਼ੈ ਕੁਮਾਰ ਅਜਿਹੀਆਂ ਫ਼ਿਲਮਾਂ ਜ਼ਿਆਦਾ ਕਰ ਰਿਹਾ ਹੈ ਜਿਨ੍ਹਾਂ ਵਿਚ ਉਸਨੂੰ ਪਰਿਵਾਰਕ ਵਿਅਕਤੀ ਦਿਖਾਇਆ ਜਾਂਦਾ ਹੈ। ਇਸ ਵਿਚ ਉਸਦੀ ਪਿਛਲੀ ਫ਼ਿਲਮ ‘ਟੌਇਲਟ ਏਕ ਪ੍ਰੇਮ ਕਥਾ’ ਦਾ ਉਦਾਹਰਨ ਦੇਣਾ ਹੀ ਕਾਫ਼ੀ ਹੈ। ਇਹ ਸੰਦੇਸ਼ ਪ੍ਰਧਾਨ ਫ਼ਿਲਮ ਹੈ, ਪਰ ਪਿਛੋਕੜ ਵਿਚ ਪਰਿਵਾਰ ਅਤੇ ਪਰਿਵਾਰ ਦੀਆਂ ਗੱਲਾਂ ਹਨ। ਆਮਿਰ ਖ਼ਾਨ ਵੀ ਉਨ੍ਹਾਂ ਕੁਝ ਅਭਿਨੇਤਾਵਾਂ ਵਿਚੋਂ ਇਕ ਹੈ ਜਿਨ੍ਹਾਂ ਦੀਆਂ ਫ਼ਿਲਮਾਂ ਵਿਚ ਪਰਿਵਾਰ ਜ਼ਰੂਰ ਰਹਿੰਦਾ ਹੈ। ਉਸਦੀ ਹੁਣ ਤਕ ਦੀ ਸਭ ਤੋਂ ਵੱਡੀ ਹਿੱਟ ਫ਼ਿਲਮ ‘ਦੰਗਲ’ ਦਾ ਪਿਛੋਕੜ ਬੇਸ਼ੱਕ ਕੁਸ਼ਤੀ ਹੋਵੇ, ਪਰ ਪਰਿਵਾਰ ਫ਼ਿਲਮ ਦੇ ਫਰੇਮ ਵਿਚ ਹੈ। ਜੇਕਰ ਮਹਾਵੀਰ ਸਿੰਘ ਫੋਗਾਟ ਆਪਣੀਆਂ ਬੇਟੀਆਂ ਨੂੰ ਕੁਸ਼ਤੀ ਵਿਚ ਚੈਂਪੀਅਨ ਬਣਾਉਣ ਲਈ ਦ੍ਰਿੜ ਹੈ ਤਾਂ ਉਸਦਾ ਪਰਿਵਾਰ ਉਸਦੀ ਇਸ ਦ੍ਰਿੜਤਾ ਦਾ ਪੂਰਾ ਸਮਰਥਨ ਕਰਦਾ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਨਿਤੇਸ਼ ਤਿਵਾਰੀ ਦਾ ਕਹਿਣਾ ਹੈ, ‘ਮੇਰਾ ਖਿਆਲ ਹੈ, ਫ਼ਿਲਮ ਵਿਚ ਪਰਿਵਾਰ ਦਾ ਹੋਣਾ ਜ਼ਰੂਰੀ ਹੈ। ਇਸਦੇ ਕਈ ਫਾਇਦੇ ਹਨ। ਪਹਿਲਾ ਤਾਂ ਇਹ ਕਿ ਫ਼ਿਲਮ ਦੇ ਵਿਸ਼ੇ ਨੂੰ ਸਹਿਜ ਵਿਸਥਾਰ ਮਿਲਦਾ ਹੈ, ਦੂਜਾ ਪਰਿਵਾਰਕ ਦਰਸ਼ਕ ਵਰਗ ਦੀ ਮਦਦ ਇਸਨੂੰ ਜ਼ਿਆਦਾ ਮਿਲਦੀ ਹੈ।’ ਇਕ ਦੌਰ ਸੀ ਜਦੋਂ ਦੱਖਣ ਦੀਆਂ ਜ਼ਿਆਦਾਤਰ ਫ਼ਿਲਮਾਂ ਪਰਿਵਾਰਕ ਡਰਾਮਾ ਹੁੰਦੀਆਂ ਸਨ। ਬਾਅਦ ਵਿਚ ਮੁੰਬਈ ਫ਼ਿਲਮ ਇੰਡਸਟਰੀ ਵਿਚ ਇਹ ਬੀੜਾ ਰਾਜਸ਼੍ਰੀ ਦੇ ਤਾਰਾਚੰਦ ਬੜਜਾਤੀਆ ਨੇ ਚੁੱਕਿਆ। ਉਨ੍ਹਾਂ ਨੇ ਪਰਿਵਾਰ ਨੂੰ ਮੂਲ ਮੰਤਰ ਦੀ ਤਰ੍ਹਾਂ ਵਰਤਿਆ। ਘੱਟ ਬਜਟ ਦੀਆਂ ਛੋਟੀਆਂ ਪਰਿਵਾਰਕ ਫ਼ਿਲਮਾਂ ਵਿਚ ਕਦੇ ਪਰਿਵਾਰ ਹਾਸ਼ੀਏ ਅਤੇ ਕਦੇ ਮਿਡਲ ਅਤੇ ਕਦੇ ਕੇਂਦਰ ਵਿਚ ਰਹਿੰਦਾ ਸੀ। ਫ਼ਿਲਮ ਦਾ ਵਿਸ਼ਾ ਕਦੇ ਪਿੰਡ ਤੇ ਕਦੇ ਸ਼ਹਿਰ ਘੁੰਮਦਾ ਸੀ। ਇਸ ਲਈ ਉਸਦੀ ਫ਼ਿਲਮ ‘ਨਦੀਆ ਕੇ ਪਾਰ’ ਦੀ ਉਦਾਹਰਨ ਕਾਫ਼ੀ ਹੈ। ਇਹ ਫ਼ਿਲਮ ਸੁਪਰਹਿੱਟ ਰਹੀ। ਬਾਅਦ ਵਿਚ ਕਈ ਸਾਲ ਬਾਅਦ ਰਾਜਸ਼੍ਰੀ ਦੇ ਨਵੀਂ ਪੀੜ੍ਹੀ ਦੇ ਨਿਰਦੇਸ਼ਕ ਸੂਰਜ ਬੜਜਾਤੀਆ ਨੇ ਇਸ ਕਹਾਣੀ ਦਾ ਸ਼ਹਿਰੀਕਰਨ ਕਰ ਦਿੱਤਾ। ‘ਹਮ ਆਪਕੇ ਹੈਂ ਕੌਨ’ ਦੇ ਰੂਪ ਵਿਚ ਇਸਨੇ ‘ਨਦੀਆ ਕੇ ਪਾਰ’ ਦੀ ਸਫਲਤਾ ਨੂੰ ਵੀ ਪਛਾੜ ਦਿੱਤਾ। ਇਹ ਵੀ ਦਿਲਚਸਪ ਹੈ ਕਿ ਨਿੱਜੀ ਜ਼ਿੰਦਗੀ ਵਿਚ ਬੜਜਾਤੀਆ ਪਰਿਵਾਰ ਅੱਜ ਵੀ ਸਮੂਹਿਕ ਪਰਿਵਾਰ ਦੀ ਸਰਵੋਤਮ ਉਦਾਹਰਨ ਹੈ। ਅੱਜ ਵੀ ਉਨ੍ਹਾਂ ਦੇ ਬੈਨਰ ਦੀਆਂ ਫ਼ਿਲਮਾਂ ਦਾ ਆਧਾਰ ਪਰਿਵਾਰ ਹੁੰਦਾ ਹੈ।

Previous articleਸੇਰੇਨਾ ਦੀ ਜੇਤੂ ਮੁਹਿੰਮ ਨੂੰ ਪਲਿਸਕੋਵਾ ਨੇ ਪਾਈ ਨੱਥ
Next articleਵਿਦਿਆ ਤੋਂ ਬੇਮੁੱਖ ਹੋਇਆ ਸਿਨਮਾ