ਨਵੀਂ ਦਿੱਲੀ (ਸਮਾਜ ਵੀਕਲੀ) : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਵਿਦਿਆਰਥੀ ਚਾਹੁੰਦੇ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ਦੌਰਾਨ ਨੀਟ ਤੇ ਜੇਈਈ ਪ੍ਰੀਖਿਆਵਾਂ ਦੇ ਮੁੱਦੇ ਨੂੰ ਮੁਖਾਤਿਬ ਹੁੰਦੇ, ਪਰ ਸ੍ਰੀ ਮੋਦੀ ‘ਖਿਲੌਨੇ ਪੇ ਚਰਚਾ’ ਕਰ ਗੲੇ। ਉਨ੍ਹਾਂ ਕਿਹਾ ਕਿ ਵਿਦਿਆਰਥੀ ‘ਖਿਲੌਨੇ ਪੇ ਚਰਚਾ’ ਨਹੀਂ ਬਲਕਿ ‘ਪ੍ਰੀਕਸ਼ਾ ਪੇ ਚਰਚਾ’ ਸੁਣਨੀ ਚਾਹੁੰਦੇ ਸੀ।
ਚੇਤੇ ਰਹੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੌਰਾਨ ਕਿਹਾ ਸੀ ਕਿ ਮੁਲਕ ਦੇ ਖਿਡੌਣਾ ਸਨਅਤ ਦੀ ਹੱਬ ਬਣਨ ਲਈ ਲੋੜੀਂਦੀ ਪ੍ਰਤਿਭਾ ਤੇ ਸਮਰੱਥਾ ਮੌਜੂਦ ਹੈ। ਪ੍ਰਧਾਨ ਮੰਤਰੀ ਨੇ ਉੱਦਮੀਆਂ ਨੂੰ ਇਸ ਪਾਸੇ ਪੇਸ਼ਕਦਮੀ ਦਾ ਸੱਦਾ ਦਿੱਤਾ ਸੀ। ਰਾਹੁਲ ਗਾਂਧੀ ਨੇ ਇਕ ਟਵੀਟ ’ਚ ਕਿਹਾ, ‘ਜੇਈਈ-ਨੀਟ ਉਮੀਦਵਾਰ ਚਾਹੁੰਦੇ ਸੀ ਕਿ ਪ੍ਰਧਾਨ ਮੰਤਰੀ ‘ਪਰੀਕਸ਼ਾ ਪੇ ਚਰਚਾ’ ਕਰਦੇ, ਪਰ ਪ੍ਰਧਾਨ ਮੰਤਰੀ ‘ਖਿਲੌਨੇ ਪੇ ਚਰਚਾ’ ਕਰ ਗੲੇ। ਰਾਹੁਲ ਗਾਂਧੀ ਤੇ ਕਾਂਗਰਸ ਵੱਲੋਂ 1 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਜੇਈਈ ਤੇ ਨੀਟ ਪ੍ਰੀਖਿਆਵਾਂ ਨੂੰ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਰੱਦ ਕੀਤੇ ਜਾਣ ਦੀ ਹਮਾਇਤ ਕੀਤੀ ਜਾ ਰਹੀ ਹੈ।