ਟਰੰਪ ਦੀ ਕਨਵੈਨਸ਼ਨ ਨੂੰ ਲੈ ਕੇ ਸਿਹਤ ਮਾਹਿਰ ਫਿਕਰਮੰਦ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪਿੱਛੇ ਜਿਹੇ ਵ੍ਹਾਈਟ ਹਾਊਸ ਦੇ ਵਿਹੜੇ ’ਚ ਸੱਦੀ ਗਈ ਰਿਪਬਲਿਕਨ ਦੀ ਕਨਵੈਨਸ਼ਨ ’ਤੇ ਫਿਕਰ ਜ਼ਾਹਿਰ ਕਰਦਿਆਂ ਸਿਹਤ ਮਾਹਿਰਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਰਾਸ਼ਟਰਪਤੀ ਦੇ 1500 ਮਹਿਮਾਨ ਆਪਣੇ ਨਾਲ ਕਰੋਨਾਵਾਇਰਸ ਲੈ ਕੇ ਆਏ ਹੋਣ ਤੇ ਇਹ ਵਾਇਰਸ ਅੱਗੇ ਵੰਡ ਦਿੱਤਾ ਹੋਵੇ। ਜ਼ਿਕਰਯੋਗ ਹੈ ਕਿ ਇਸ ਕਨਵੈਨਸ਼ਨ ਦੌਰਾਨ ਜ਼ਿਆਦਾਤਾਰ ਲੋਕਾਂ ਨੇ ਮਾਸਕ ਨਹੀਂ ਲਾਇਆ ਹੋਇਆ ਸੀ ਤੇ ਨਾ ਹੀ ਸਮਾਜਿਕ ਦੂਰੀ ਦਾ ਖਿਆਲ ਰੱਖਿਆ ਗਿਆ ਸੀ।

ਜੌਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਲੋਕ ਸਿਹਤ ਬਾਰੇ ਪ੍ਰੋਫੈਸਰ ਡਾ. ਲਿਏਨਾ ਵੇਨ ਨੇ ਕਿਹਾ, ‘ਅਜਿਹੀ ਸੰਭਾਵਨਾ ਹੈ ਬਹੁਤ ਸਾਰੇ ਲੋਕ ਕਰੋਨਾ ਪੀੜਤ ਹੋਣ ਤੇ ਉਨ੍ਹਾਂ ਨੂੰ ਇਸ ਬਾਰੇ ਪਤਾ ਨਾ ਹੋਵੇ। ਮੈਨੂੰ ਇਸ ਗੱਲ ਦੀ ਚਿੰਤਾ ਹੈ ਕਿ ਇਨ੍ਹਾਂ ਪੀੜਤ ਵਿਅਕਤੀਆਂ ਤੋਂ ਉਹ ਤੰਦਰੁਸਤ ਵਿਅਕਤੀ ਵੀ ਪੀੜਤ ਹੋ ਸਕਦੇ ਹਨ ਜੋ ਆਪਣੇ ਘਰਾਂ ਨੂੰ ਗਏ ਹਨ।’ ਸਿਹਤ ਮਾਹਿਰਾਂ ਵੱਲੋਂ ਮਾਸਕ ਦੀ ਵਰਤੋਂ ’ਤੇ ਜ਼ੋਰ ਦਿੱਤੇ ਜਾਣ ਦੇ ਬਾਵਜੂਦ ਇਸ ਕਨਵੈਨਸ਼ਨ ਮੌਕੇ ਜ਼ਿਆਦਾਤਰ ਲੋਕਾਂ ਨੇ ਮਾਸਕ ਨਹੀਂ ਪਹਿਨੇ ਹੋਏ ਸੀ। ਇਸ ਦੌਰਾਨ ਬੈਠਣ ਲਈ ਲਾਈਆਂ ਗਈਆਂ ਕੁਰਸੀਆਂ ਵਿਚਾਲੇ ਵੀ ਨਿਰਧਾਰਤ 6 ਫੁੱਟ ਦੀ ਦੂਰੀ ਨਹੀਂ ਸੀ। ਦੂਜੇ ਪਾਸੇ ਟਰੰਪ ਦੀ ਚੋਣ ਮੁਹਿੰਮ ਚਲਾਉਣ ਵਾਲੀ ਟੀਮ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਕਨਵੈਨਸ਼ਨ ਦੌਰਾਨ  ਸਾਰੀਆਂ ਹਦਾਇਤਾਂ ਦਾ ਪਾਲਣ ਕੀਤਾ ਗਿਆ ਹੈ।  ਉਨ੍ਹਾਂ ਹੋਰ ਵੇਰਵੇ ਨਸ਼ਰ ਨਹੀਂ ਕੀਤੇ।

Previous articleਵਿਦਿਆਰਥੀ ‘ਖਿਲੌਨੇ ਪੇ ਚਰਚਾ’ ਨਹੀਂ ‘ਪਰੀਕਸ਼ਾ ਪੇ ਚਰਚਾ’ ਸੁਣਨੀ ਚਾਹੁੰਦੇ ਸੀ: ਰਾਹੁਲ
Next articleਫ਼ੌਜ ਨੂੰ ਕਦੇ ‘ਨਿੱਜੀ ਮੰਤਵਾਂ ਦੀ ਪੂਰਤੀ ਲਈ’ ਨਹੀਂ ਵਰਤਾਂਗਾ: ਬਾਇਡਨ