ਵਿਤਕਰੇ ਤੇ ਹਿੰਸਾ ਵਾਲਾ ਨਿਜ਼ਾਮ ਰੱਦ ਕਰਨ ਦੀ ਲੋੜ: ਮਨਮੋਹਨ ਸਿੰਘ

ਚੰਡੀਗੜ੍ਹ– ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਅੱਜ ਕਿਹਾ ਕਿ ਜਦ ਹੁਣ ਗੁਰਪੁਰਬ ਮਨਾਇਆ ਜਾ ਰਿਹਾ ਹੈ ਤਾਂ ਸਾਨੂੰ ਗੁਰੂ ਨਾਨਕ ਦੀ ਵਿਰਾਸਤ ਅਤੇ ਸੁਨੇਹੇ ਉਤੇ ਗੌਰ ਕਰਨ ਦੀ ਲੋੜ ਹੈ। ਇਹ ਪੜਚੋਲ ਕਰਨ ਦੀ ਲੋੜ ਹੈ ਕਿ ਕੀ ਅਸੀਂ ਉਸ ’ਤੇ ਖ਼ਰੇ ਉਤਰੇ ਹਾਂ? ਉਨ੍ਹਾਂ ਕਿਹਾ ਕਿ ਮੌਜੂਦਾ ਢਾਂਚਾ ਰੱਦ ਕਰਨ ਅਤੇ ਨਵਾਂ ਉਸਾਰਨ ਦੀ ਲੋੜ ਹੈ, ਜਿਸ ਵਿਚ ਹਿੰਸਾ, ਜਾਤ-ਪਾਤ, ਲਿੰਗ ਦੇ ਅਧਾਰ ’ਤੇ ਵਿਤਕਰਾ ਅਤੇ ਅਮੀਰਾਂ ਵਲੋਂ ਗਰੀਬਾਂ ਦੀ ਲੁਟ-ਖਸੁੱਟ ਨਾ ਹੋਵੇ।
ਅੱਜ ਇੱਥੇ ‘ਕਰਿਡ’ ਵੱਲੋਂ ਬਾਬੇ ਨਾਨਕ ਦੇ 550ਵੇਂ ਗੁਰਪੁਰਬ ਦੇ ਸਬੰਧ ’ਚ ਕਰਵਾਏ ਦੋ ਰੋਜ਼ਾ ਸੈਮੀਨਾਰ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਜੋਕੇ ਸੰਸਾਰ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਦਰਤੀ ਸੋਮਿਆਂ ਦੀ ਅੰਨ੍ਹੇਵਾਹ ਲੁੱਟ ਹੋ ਰਹੀ ਹੈ, ਹਥਿਆਰਾਂ ਦੀ ਦੌੜ ਜਾਰੀ ਹੈ, ਸੰਸਾਰ ਦੇ ਵੱਖ-ਵੱਖ ਹਿੱਸਿਆਂ ਵਿਚ ਹਿੰਸਾ ਹੋ ਰਹੀ ਹੈ ਤੇ ਮਨੁੱਖਤਾ ਰੋ ਰਹੀ ਹੈ, ਵਿਤਕਰਾ ਵੱਧ ਰਿਹਾ ਹੈ। ਮੱਧ-ਪੂਰਬ ਵਿਚ ਬੱਚੇ ਅਤੇ ਉਨ੍ਹਾਂ ਦੇ ਮਾਪੇ ਰੋ ਰਹੇ ਹਨ। ਇਸ ਕਰਕੇ ਸੰਸਾਰ ਵਿਚ ਬਦਲਵੇਂ ਮਾਡਲ ਦੀ ਲੋੜ ਹੈ ਜਿਸ ਵਿਚ ਵਿਤਕਰੇ ਲਈ ਕੋਈ ਥਾਂ ਨਾ ਹੋਵੇ। ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੀ ਬਾਣੀ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਸੱਭਿਅਤਾਵਾਂ ਵਿਚ ਟਕਰਾਅ ਸੀ। ਇਸ ਕਰਕੇ ਵੱਖ-ਵੱਖ ਧਰਮਾਂ ਦੇ ਲੋਕ ਸ਼ਾਂਤੀ ਲਈ ਨੇੜੇ ਆਏ ਤੇ ਨਤੀਜੇ ਵਜੋਂ ਭਗਤੀ ਅਤੇ ਸੂਫੀ ਲਹਿਰਾਂ ਜਨਮੀਆਂ। ਉਨ੍ਹਾਂ ਕਿਹਾ ਕਿ ਬਾਬੇ ਨਾਨਕ ਨੂੰ ਸੁਲਤਾਨਪੁਰ ਲੋਧੀ ਵਿਚ ਕਾਲੀ ਵੇਈਂ ਵਿਚ ਚੁੱਭੀ ਲਾਉਣ ਤੋਂ ਬਾਅਦ ਗਿਆਨ ਹੋਇਆ ਤਾਂ ਉਨ੍ਹਾਂ ਜਿਹੜੇ ਪਹਿਲੇ ਸ਼ਬਦ ਉਚਾਰੇ ਉਹ ‘ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ’ ਸੀ। ਇਨ੍ਹਾਂ ਤੋਂ ਸਪੱਸ਼ਟ ਹੈ ਕਿ ਉਹ ਮਾਨਵਤਾ ਨੂੰ ਧਰਮ, ਜਾਤ-ਪਾਤ ਦੀਆਂ ਵਲਗਣਾਂ ਵਿਚੋ ਬਾਹਰ ਕੱਢਣਾ ਅਤੇ ਆਪਸ ਵਿਚ ਜੋੜਨਾ ਚਾਹੁੰਦੇ ਸਨ। ਉਨ੍ਹਾਂ ਦੇ ਸੁਨੇਹੇ ਨੂੰ ਅਪਨਾਉਣ ਦੀ ਲੋੜ ਹੈ। ਸਾਬਕਾ ਕੇਂਦਰੀ ਮੰਤਰੀ ਮੁਰਲੀ ਮਨੋਹਰ ਜੋਸ਼ੀ ਨੇ ਇਸ ਮੌਕੇ ਕਿਹਾ ਕਿ ਵਿਸ਼ਵੀਕਰਨ ਨੇ ਸੰਸਾਰ ਨੂੰ ਜੋੜ ਕੇ ਵੱਧ ਵਿਤਕਰੇ ਪੈਦਾ ਕੀਤੇ ਹਨ। ਇਸ ਕਰਕੇ ਸੰਸਾਰ ਵਿਚ ਹਿੰਸਾ ਅਤੇ ਹੋਰ ਬੁਰਾਈਆਂ ਵੱਧ ਗਈਆਂ ਹਨ। ਇਸੇ ਸੰਦਰਭ ਵਿਚ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਦੀ ਪਹਿਲਾਂ ਨਾਲੋਂ ਅਹਿਮੀਅਤ ਹੋਰ ਵੱਧ ਗਈ ਹੈ। ਡਾ. ਕੰਵਲਜੀਤ ਕੌਰ ਢਿੱਲੋਂ ਨੇ ਕਿਹਾ ਕਿ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਮੱਥਾ ਟੇਕਣ ਤਕ ਸੀਮਤ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਤਾਂ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਰਾਣੀਆਂ ਵੀ ਸਤੀ ਹੋਈਆਂ ਸਨ। ਅੱਜ ਵੀ ਸਿੱਖੀ ਵਿਚ ਜਾਤ-ਪਾਤ ਹੈ ਤੇ ਅਨੇਕ ਸਿੱਖ ਅਣਖ ਬਦਲੇ ਧੀਆਂ ਨੂੰ ਕਤਲ ਕਰ ਰਹੇ ਹਨ।

Previous articleਕਰਤਾਰਪੁਰ ਲਾਂਘੇ ਦਾ ਉਦਘਾਟਨ ਅੱਜ
Next articleਮਹਾਰਾਸ਼ਟਰ: ਫੜਨਵੀਸ ਵੱਲੋਂ ਮੁੱਖ ਮੰਤਰੀ ਵਜੋਂ ਅਸਤੀਫ਼ਾ