ਵਿਗਿਆਨਿਕ ਜੀਵਨ-ਪਥ ਦੇ ਮੋਢੀ : ਗੌਤਮ ਬੁੱਧ

ਤਥਾਗਤ ਗੌਤਮ ਬੁੱਧ 

ਬੁੱਧ ਜੈਅੰਤੀ ਤੇ ਵਿਸ਼ੇਸ਼

 

– ਲਾਹੌਰੀ ਰਾਮ ਬਾਲੀ

ਬੁੱਧ ਗੌਤਮ ਬੁੱਧ ਨੂੰ ਹੋਏ  2580  ਸਾਲਾਂ ਤੋਂ ਵੱਧ ਸਮਾਂ ਹੋ ਚੁਕਾ ਹੈ ਤਾਂ ਵੀ ਉਨ੍ਹਾਂ ਦਾ ਧੱਮ ਦੁਨੀਆਂ ਦੇ ਅਨੇਕ ਦੇਸ਼ਾਂ ਵਿਚ ਪ੍ਰਚਲਿਤ ਹੈ. ਉਨ੍ਹਾਂ ਦੀ ਜੀਵਨ-ਗਾਥਾ ਇਵੇਂ ਹੈ:

ਸਿਧਾਰਥ (ਬੁੱਧ ਦਾ ਬਚਪਨ ਦਾ ਨਾਂ) ਨੇ 29 ਵਰਸ਼ ਦੀ ਉਮਰ (534  ਈਸਾ ਪੂਰਵ) ਵਿਚ ਆਪਣੇ ਘਰ ਦਾ ਤਿਆਗ ਕੀਤਾ. 6  ਵਰਸ਼ ਤਕ ਯੋਗ ਤਪਸਿਆ ਕਰਨ ਤੋਂ ਬਾਅਦ ਧਿਆਨ ਅਤੇ ਚਿੰਤਨ ਦੁਆਰਾ 36 ਵਰਸ਼ ਦੀ ਉਮਰ ਵਿਚ  (528 ਈਸਾ ਪੂਰਵ) ਨੂੰ ਬੋਧੀ ਗਿਆਨ ਪ੍ਰਾਪਤ ਕਰ ਉਹ ਬੁੱਧ ਹੋਏ. ਫਿਰ 45 ਵਰਸ਼ ਤਕ  ਉਨ੍ਹਾਂ ਨੇ ਆਪਣੇ ਧੱਮ (ਦਰਸ਼ਣ) ਦਾ ਉਪਦੇਸ਼ ਕਰ 80  ਸਾਲਾਂ ਦੀ ਉਮਰ ਵਿਚ  (483 ਈਸਾ ਪੂਰਵ)  ਕੁਸ਼ੀਨਗਰ ਵਿਖੇ ਨਿਰਵਾਣ ਪ੍ਰਾਪਤ ਕੀਤਾ.

ਭੀਮ ਪਤ੍ਰਿਕਾ ਸੰਪਾਦਕ ਲਾਹੌਰੀ ਰਾਮ ਬਾਲੀ

ਬੁੱਧ ਨੇ ਇਨਸਾਨ ਨੂੰ ਗੈਬੀ ਸ਼ਕਤੀਆਂ ਅਤੇ ਇਲਹਾਮੀ ਕਿਤਾਬਾਂ ਦੀ ਗੁਲਾਮੀ ਤੋਂ ਆਜ਼ਾਦ ਕਰਾਇਆ. ਉਨ੍ਹਾਂ ਦੇ ਧੱਮ ਦਾ ਕੇਂਦਰ ਬਿੰਦੂ   ਇਨਸਾਨ ਹੈ ਜਿਸਨੂੰ ਉਨ੍ਹਾਂ ਕਿਹਾ: “ਆਪਣਾ ਦੀਪਕ ਆਪ ਬਣੋ”. ਬਾਬਾਸਾਹਿਬ ਭੀਮ ਰਾਓ ਅੰਬੇਡਕਰ ਆਪਣੇ ਗਰੰਥ ‘ਬੁੱਧ ਅਤੇ ਉਨ੍ਹਾਂ ਦਾ ਧੱਮ’ ਵਿਚ ਇਹ ਲਿਖਦੇ ਹਨ:’Buddhism is nothing if not Rationalism’  ਅਰਥਾਤ: ਬੁੱਧਇਜਮ ਜੇਕਰ ਤਰਕਸ਼ੀਲ ਨਹੀਂ ਤਾਂ ਕੁਝ ਵੀ ਨਹੀਂ’. (The Buddha and His Dhamma, Bombay 1984 Edition Page 175).

ਭਾਰਤ ਦੇ ਮਸ਼ਹੂਰ ਦਾਰਸ਼ਨਿਕ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਡਾ. ਕਹਿਣਾ ਹੈ ਕਿ ਬੁੱਧਇਜਮ ਅਤੇ ਹਿੰਦੂਵਾਦ ਵਿਚ ਅਧਿਆਤਮਿਕ ਸਿਧਾਂਤ ਵਿਚ ਜਿਆਦਾ ਫਰਕ ਨਹੀਂ ਹੈ ਜਿਵੇਂ ਕਿ “ਬੋਧੀ-ਸਿਧਾਂਤ ਅਤੇ ਉਪਨਿਸ਼ਦਾਂ ਡਾ ਗਿਆਨ ਇੱਕ ਮੱਤ ਹੈ”. (ਗੌਤਮ ਬੁੱਧ ਜੀਵਨ ਔਰ ਦਰਸ਼ਨ ਨਵੀਂ ਦਿੱਲੀ – ਚੌਥਾ ਸੰਸਕਾਰਾਂ ਸਫ਼ਾ 144) ਪਰ ਦੋਹਾਂ ਵਿਚ ਸਮਾਜੀ-ਮਸਲਿਆਂ ਤੇ ਟਕਰਾ ਹੈ.

ਉਹ ਕਿਹੜੇ ਸਮਾਜੀ-ਮਸਲੇ ਸਨ ਜੋ ਬੁੱਧ ਧੱਮ ਅਤੇ ਬ੍ਰਾਹਮਣ ਵਾਦ ਵਿਚਕਾਰ ਟਾਕਰੇ ਦਾ ਕਾਰਣ ਬਣੇ. ਅੱਗੇ ਉਨ੍ਹਾਂ ਦੀ ਵਿਆਖਿਆ ਕੀਤੀ ਜਾਂਦੀ ਹੈ:

ਗਿਆਨ ਆਮ ਹੋਵੇ, ਵਿਦਿਆ (ਸਿੱਖਿਆ) ਦੀ ਪ੍ਰਾਪਤੀ ਹਰੇਕ ਇਨਸਾਨ ਦਾ ਹੱਕ ਹੈ. ਬੁੱਧ ਨੇ ਸਭਨਾ ਵਰਗਾਂ, ਵਰਨਾ ਅਤੇ ਜਾਤਾਂ ਵਾਸਤੇ ਗਿਆਨ ਤੇ ਸਿੱਖਿਆ ਦੇ ਦੁਆਰ ਖੋਲ੍ਹੇ ਜੋ ਪਹਿਲਾਂ ਔਰਤਾਂ ਅਤੇ ਸ਼ੂਦਰਾਂ ਵਾਸਤੇ ਬੰਦ ਸਨ. ਬੁੱਧ ਨੇ ਜਿਥੇ ਪ੍ਰਜਾਪਤੀ ਗੌਤਮੀ ਅਤੇ  ਯਸ਼ੋਧਰਾ ਨੂੰ ਭਿਕੁਸ਼ਣੀ ਸੰਘ ਵਿਚ ਸ਼ਾਮਲ ਕੀਤਾ, ਉਥੇ ਪ੍ਰਾਕ੍ਰਤੀ ਜਿਹੀ ਚੰਡਾਲਕਾ, ਉਪਾਲੀ ਨਾਈ, ਸੁਪਕ, ਸੁਪਾਇਆ  ਨਾਮਕ ਅਛੂਤਾਂ ਨੂੰ ਭਿਕਸ਼ੂ ਸੰਘ ਵਿਚ ਸ਼ਾਮਲ ਕਰਕੇ ਸਮਾਜਿਕ ਬਰਾਬਰੀ ਦਾ ਅਮਲੀ ਸਬੂਤ ਪੇਸ਼ ਕੀਤਾ.

ਬੁੱਧ ਨੇ ਆਪਣੇ ਲਈ ਬੁੱਧ ਧੱਮ ਵਿਚ ਕੋਈ ਵਿਸ਼ੇਸ਼ ਸਥਾਨ ਨਹੀਂ ਰੱਖਿਆ. ਉਨ੍ਹਾਂ ਨੇ ਨੈਤਿਕਤਾ ਨੂੰ ਪਵਿੱਤਰ ਕਿਹਾ. ਇਨਸਾਨ ਨੈਤਿਕ ਜੀਵਨ ਗੁਜਾਰੇ, ਇਸ ਵਾਸਤੇ ਉਨ੍ਹਾਂ ਨੇ ਪੰਜਸ਼ੀਲ – (1) ਜੀਵ-ਹੱਤਿਆ ਨਾਂ ਕਰਨਾ. (2) ਚੋਰੀ ਨਾਂ ਕਰਨਾ. (3) ਵਿਸ਼ੇ ਵਿਕਾਰਾਂ ਤੋਂ ਦੂਰ ਰਹਿਣਾ. (4) ਝੂਠ ਨਹੀਂ ਬੋਲਣਾ  ਅਤੇ (5) ਕਿਸੇ ਵੀ ਪ੍ਰਕਾਰ ਦੇ ਨਸ਼ਿਆਂ ਦਾ ਸੇਵਨ ਨਾਂ ਕਰਨਾ ਅਤੇ ਅਸ਼ਟਾਂਗ ਮਾਰਗ ਦੀ ਸਿਖਿਆ ਦਿੱਤੀ.

ਬੁੱਧ ਧੱਮ ‘ਪ੍ਰਗਿਆ ਅਤੇ ਕਰੁਣਾ’ ਦਾ ਸੁਮੇਲ ਹੈ. ਉਸ ਵਿਚ ਨਾਂ ਕੇਵਲ ਇਨਸਾਨਾਂ ਵਾਸਤੇ ਸਗੋਂ ਪਸ਼ੂਆਂ ਪਕਸ਼ੀਆਂ ਤੇ ਜਾਨਵਰਾਂ ਪ੍ਰਤੀ ਮੈਤ੍ਰੀ ਦਾ ਉਪਦੇਸ਼ ਹੈ.

ਸਮਰਾਟ ਅਸ਼ੋਕ ਨੇ ਆਪਣੇ ਪੁੱਤਰ ਮੋਹਿੰਦਰ ਅਤੇ ਪੁੱਤਰੀ ਸੰਘ ਮਿਤ੍ਰਾ ਨੂੰ ਬੁੱਧ ਧੱਮ ਦੇ ਪ੍ਰਚਾਰ ਲਈ ਸ੍ਰੀ ਲੰਕਾ ਭੇਜਿਆ. ਅੱਜ ਸ੍ਰੀ ਲੰਕਾਤੇ ਬਰਮਾ (ਮਯਾਂਮਾਰ) ਜਿਹੇ ਦੇਸ਼ਾਂ ਵਿਚ ਬੁੱਧ ਧੱਮ ਰਾਸ਼ਟਰੀ-ਧਰਮ ਹੈ. ਬੁੱਧ ਧੱਮ  ਦੇ ਉਪਦੇਸ਼ ਜਿਸ ਵੀ ਦੇਸ਼ ਜਾਂ ਖੇਤਰ ਵਿਚ  ਗਏ,  ਉਸਨੂੰ ਮਾਨਵਤਾ ਦੇ ਗੁਣਾਂ ਨਾਲ ਮਾਲਾਮਾਲ ਕਰਦੇ ਗਏ. ਸਾਡੇ ਦੇਸ਼ ਭਾਰਤ ਵਿਚ ਬੋਧੀ-ਕਾਲ ਨੂੰ ਗੋਲਡਨ ਪੀਰਿਯਡ ਯਾਨੀ  ਸੁਨਹਿਰੀ-ਕਾਲ ਦੇ ਨਾਂ ਨਾਲ  ਜਾਣਿਆਂ ਜਾਂਦਾ ਹੈ.

ਬੋਧੀ-ਸਿਧਾਂਤਾਂ ਦੇ ਸਮੂਹ ਨੂੰ ‘ਤ੍ਰਿਪਿਟਕ’ ਕਿਹਾ ਜਾਂਦਾ ਹੈ. ਧੰਮਪਦ – ਖੁਦਕ  – ਨਿਕਾਏ ਦਾ ਇੱਕ ਗਰੰਥ ਹੈ.  ਧੰਮਪਦ ਦਾ ਦੁਨੀਆਂ ਦੀਆਂ ਅਨੇਕ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕਿਆ ਹੈ. ਇਹ ਓਹੋ ਗਰੰਥ ਹੈ ਜੋ ਸਿਖਾਉਂਦਾ ਹੈ ਕਿ “ਇਸ ਸੰਸਾਰ ਵਿਚ ਵੈਰ ਨਾਲ ਵੈਰ ਕਦੀ ਸ਼ਾਂਤ ਨਹੀਂ ਹੋਣੇ,  ਮੈਤ੍ਰੀ (ਮੁਹੱਬਤ) ਨਾਲ ਹੀ ਸ਼ਾਂਤ ਹੁੰਦੇ ਹਨ.”. (ਧੰਮਪਦ:ਯਮਕ ਵੱਗੋਂ-5) .

ਭਾਰਤ ਵਾਸੀਆਂ ਨੂੰ ਧੰਮਪਦ ਦੀ ਇਸ ਸਿਖਿਆ ਨੂੰ ਜਰੂਰ ਅਪਣਾਉਣਾ ਤੇ ਉਸ ਤੇ ਅਮਲ ਕਰਨਾ ਹੋਵੇਗਾ ਤਾਂ ਹੀ ਸਦਾ ਦੇਸ਼ ਉੱਨਤੀ ਕਰ ਸਕੇਗਾ. ਬਹੁਤ ਹੋ ਚੁੱਕੀ ਨਫਰਤ ਤੇ ਭੁਗਤ ਲਿਆ ਉਸ ਦਾ ਖਾਮਿਆਜਾ, ਹੁਣ ਮੁਹੱਬਤ ਵੱਲ ਰੁੱਖ ਕਰਨ ਭਾਰਤੀ.

  • ਮੁਹੱਬਤ ਹੀ ਸੇ ਪਾਈ ਹੈ ਸ਼ਫ਼ਾ (ਤੰਦਰੁਸਤੀ) ਬਿਮਾਰ ਕੌਮੋਂ ਨੇ
  • ਕੀਆ ਹੈ ਆਪਣੇ ਬਖ਼ਤ ਖੁਫ਼ਤ:(ਸੋਈ ਕਿਸਮਤ) ਕੋ ਬੇਦਾਰ (ਜਾਗ੍ਰਿਤ) ਕੌਮੋਂ ਨੇ
  •                                                                     ਡਾ. ਇਕਬਾਲ

(ਲੇਖਕ : ਭੀਮ ਪਤ੍ਰਿਕਾ ਦੇ 1958 ਤੋਂ ਸੰਪਾਦਕ ਹਨ. ਮੋਬਾਈਲ: +91 98723 21664)

 

 

Previous articleਰੁੱਖ ਵੱਢ ਕੇ / ਗ਼ਜ਼ਲ
Next articleਹੇਮਾ ਮਾਲਿਨੀ ਅਤੇ ਧਰਮਿੰਦਰ ਨੇ ਇੰਝ ਮਨਾਈ ਵਿਆਹ ਦੀ ਵਰੇਗੰਢ, ਅਦਾਕਾਰਾ ਨੇ ਸ਼ੇਅਰ ਕੀਤੀ ਤਸਵੀਰ