ਸ੍ਰੀ ਆਨੰਦਪੁਰ ਸਾਹਿਬ– ਆਉਂਦੇ ਦੋ ਸਾਲਾਂ ਵਿੱਚ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਦੇ ਨਾਲ-ਨਾਲ ਕਈ ਵੱਡੇ ਵਿਕਾਸ ਪ੍ਰਾਜੈਕਟਾਂ ਨਾਲ ਸ੍ਰੀ ਆਨੰਦਪੁਰ ਸਾਹਿਬ ਦੀ ਤਸਵੀਰ ਬਦਲ ਦੇਵਾਂਗੇ। ਇਹੀ ਨਹੀਂ ਆਉਂਦੇ ਵਰ੍ਹਿਆਂ ਨੂੰ ਵਿਕਾਸ ਦੇ ਵਰ੍ਹਿਆਂ ਵੱਜੋਂ ਜਾਣਿਆ ਜਾਵੇਗਾ। ਇਹ ਪ੍ਰਗਟਾਵਾ ਹਲਕਾ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ ਵੱਲੋਂ ਕਰਵਾਏ ਗਏ ਕਬੱਡੀ ਟੂਰਨਾਮੈਂਟ ਮੌਕੇ ਗੱਲਬਾਤ ਕਰਦਿਆਂ ਕੀਤਾ।
ਰਾਣਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਵਿਚ ਜਦੋਂ ਵਿਕਾਸ ਕਾਰਜਾਂ ਲਈ 105 ਕਰੋੜ ਰੁਪਏ ਖਰਚ ਹੋਏ ਤਦ ਵੀ ਉਹ ਇੱਥੋਂ ਵਿਧਾਇਕ ਸਨ ਅਤੇ ਅੱਜ ਜਦੋਂ ਸੈਂਕੜੇ ਕਰੋੜ ਰੁਪਇਆ ਇੱਥੇ ਖਰਚ ਹੋਵੇਗਾ ਉਸ ਵੇਲੇ ਵੀ ਉਨ੍ਹਾਂ ਨੂੰ ਲੋਕਾਂ ਦੀ ਖਿਦਮਤ ਕਰਨ ਦਾ ਸੁਭਾਗ ਮਿਲਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਮੇਲਿਆਂ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ ਵਿਚ ਹੋਣ ਵਾਲੇ ਇਕੱਠਾਂ ਨੂੰ ਵੇਖਦੇ ਹੋਏ ਸ਼ਹਿਰ ਦੇ ਚਾਰੇ ਪਾਸੇ ਇੱਕ ਆਲਾ ਦਰਜੇ ਦੀ ਰਿੰਗ ਰੋਡ ਬਣਾਉਣ ਦੀ ਅਤੇ ਖਾਸ ਤੌਰ ’ਤੇ ਹੋਲੇ ਮਹੱਲੇ ਮੌਕੇ ਟਰੈਫਿਕ ਦੀ ਸਮੱਸਿਆ ਤੋਂ ਨਿਜ਼ਾਤ ਦੁਆਉਣ ਲਈ ਇੱਕ ਬਾਈਪਾਸ ਬਣਾਉਣ ਦੀ ਤਜਵੀਜ਼ ਸਰਕਾਰ ਕੋਲ ਭੇਜੀ ਹੈ। ਇਸ ਦੇ ਨਾਲ ਹੀ ਸਮੁੱਚੇ ਵਿਧਾਨ ਸਭਾ ਹਲਕੇ ਅੰਦਰ ਪਿੰਡ ਖਰੋਟਾ ਤੋਂ ਸ਼ੁਰੂ ਹੋ ਕੇ ਨੰਗਲ ਤੱਕ 100 ਕਰੋੜ ਰੁਪਏ ਤੋਂ ਵੱਧ ਦੇ ਪੁਲਾਂ ਦਾ ਨਿਰਮਾਣ ਕਾਰਜ ਜਾਂ ਤਾਂ ਸ਼ੁਰੂ ਹੋ ਚੁੱਕਾ ਹੈ ਜਾਂ ਸ਼ੁਰੂ ਹੋਣ ਵਾਲਾ ਹੈ।
5 ਤੋਂ 10 ਮਾਰਚ ਤੱਕ ਮਨਾਏ ਜਾਣ ਵਾਲੇ ਕੌਮੀ ਤਿਉਹਾਰ ਮੌਕੇ ਆਉਣ ਵਾਲੀ ਲੱਖਾਂ ਦੀ ਗਿਣਤੀ ਵਿਚ ਸੰਗਤ ਦੀ ਸਹੂਲਤ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਉਣ ਦੀ ਗੱਲ ਕਰਦਿਆਂ ਰਾਣਾ ਨੇ ਕਿਹਾ ਕਿ ਬੇਸ਼ੱਕ ਮੌਜੂਦਾ ਸਮੇਂ ਵਿੱਚ ਸੜਕਾਂ ਦੀ ਹਾਲਤ ਜਾਂ ਹੋਰ ਪ੍ਰਬੰਧਾਂ ਵਿੱਚ ਕਈ ਕਮੀਆਂ ਹਨ, ਪਰ ਉਹ ਸਮੁੱਚੀ ਅਫਸਰਸ਼ਾਹੀ ਨੂੰ ਇਹ ਤਾਕੀਦ ਕੀਤੀ ਹੈ ਕਿ ਉਹ ਫਰਵਰੀ ਮਹੀਨੇ ਦੇ ਅੰਤ ਤੱਕ ਸਾਰੇ ਪ੍ਰਬੰਧਾਂ ਨੂੰ ਮੁਕੰਮਲ ਕਰਨ ਅਤੇ ਸ੍ਰੀ ਆਨੰਦਪੁਰ ਸਾਹਿਬ ਵੱਲ ਆਉਂਦੀਆਂ ਸਾਰੀਆਂ ਹੀ ਸੜਕਾਂ ਦੀ ਨੁਹਾਰ ਬਦਲੀ ਜਾਵੇ। ਖੇਡ ਟੂਰਨਾਮੈਂਟ ਮੌਕੇ ਰਾਣਾ ਪ੍ਰਧਾਨ ਹਰਜੀਤ ਸਿੰਘ ਜੀਤਾ ਦੇ ਉਪਰਾਲੇ ਦੀ ਸ਼ਲਾਂਘਾ ਕਰਦਿਆਂ ਕਿਹਾ ਕਿ ਨਸ਼ਿਆਂ ’ਚ ਗ਼ਲਤਾਨ ਹੁੰਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਅਜਿਹੇ ਖੇਡ ਮੇਲੇ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ ਤੇ ਜੀਤਾ ਜਿਹੇ ਆਗੂਆਂ ਦੇ ਇਹ ਉਪਰਾਲੇ ਸ਼ਲਾਂਘਾਯੋਗ ਹਨ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਰਮੇਸ਼ ਚੰਦਰ ਦਸਗਰਾਂਈ, ਜ਼ਿਲ੍ਹਾ ਪਰਿਸ਼ਦ ਦੀ ਚੇਅਰਪਰਸਨ ਕ੍ਰਿਸ਼ਨਾ ਦੇਵੀ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਬੰਸ ਲਾਲ ਮੈਹੰਦਲੀ, ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਅਸ਼ੋਕ ਕੁਮਾਰ ਸੁਆਮੀਪੁਰ, ਪੀਆਰਟੀਸੀ ਦੇ ਨਿਰਦੇਸ਼ਕ ਕਮਲ ਦੇਵ ਜੋਸ਼ੀ, ਬਲਾਕ ਕਾਂਗਰਸ ਦੇ ਪ੍ਰਧਾਨ ਪ੍ਰੇਮ ਸਿੰਘ ਬਾਸੋਵਾਲ, ਕੌਂਸਲਰ ਗੁਰਅਵਤਾਰ ਸਿੰਘ ਚੰਨ, ਇੰਦਰਜੀਤ ਸਿੰਘ ਅਰੋੜਾ, ਐਡਵੋਕੇਟ ਰਵਿੰਦਰ ਰਤਨ, ਸਰਪੰਚ ਸੰਜੀਵਨ ਰਾਣਾ ਤੇ ਭਾਈ ਅਮਰਜੀਤ ਸਿੰਘ ਚਾਵਲਾ ਵੀ ਹਾਜ਼ਰ ਸਨ।
INDIA ਵਿਕਾਸ ਕਾਰਜਾਂ ਨਾਲ ਆਨੰਦਪੁਰ ਸਾਹਿਬ ਦੀ ਬਦਲੀ ਜਾਵੇਗੀ ਤਸਵੀਰ: ਰਾਣਾ ਕੇਪੀ