ਦਿੱਲੀ ਹਿੰਸਾ: ਅੰਕਿਤ ਸ਼ਰਮਾ ਦੇ ਕਤਲ ਕੇਸ ’ਚ ਇੱਕ ਹੋਰ ਗ੍ਰਿਫ਼ਤਾਰੀ

ਨਵੀਂ ਦਿੱਲੀ– ਆਈਬੀ ਦੇ ਮੁਲਾਜ਼ਮ ਅੰਕਿਤ ਸ਼ਰਮਾ ਦੀ ਮੌਤ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਨੇ ਇੱਕ ਹੋਰ ਗ੍ਰਿਫ਼ਤਾਰੀ ਕੀਤੀ ਹੈ। ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਸਲਮਾਨ ਉਰਫ ਨੰਨ੍ਹੇ ਨੂੰ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਮੁਲਜ਼ਮ ਨੂੰ ਪੰਜ ਨਾਵਾਂ ਨਾਲ ਜਾਣਿਆ ਜਾਂਦਾ ਸੀ ਜੋ ਮੋਮਿਨ ਉਰਫ ਸਲਮਾਨ ਉਰਫ ਹਸੀਨ ਉਰਫ ਮੁੱਲਾ ਉਰਫ ਨੰਨ੍ਹੇ ਹੈ। ਮੁਲਜ਼ਮ ਨੂੰ ਸੁੰਦਰ ਨਗਰੀ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅੰਕਿਤ ਸ਼ਰਮਾ ਦੇ ਕਤਲ ਕੇਸ ਵਿੱਚ ਪੁਲੀਸ ਨੇ ਕੌਂਸਲਰ ਤਾਹਿਰ ਹੁਸੈਨ ਨੂੰ ਵੀ ਗ੍ਰਿਫਤਾਰ ਕੀਤਾ ਸੀ। ਉਸ ਦਾ ਨਾਮ ਐੱਫਆਈਆਰ ਵਿੱਚ ਸੀ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਖੁਲਾਸਾ ਕੀਤਾ ਸੀ ਕਿ ਆਈਬੀ ਅਧਿਕਾਰੀ ਅੰਕਿਤ ਸ਼ਰਮਾ ਦੀ ਹੱਤਿਆ ਦੀ ਜਾਂਚ ਵਿੱਚ ਜੁਟੀ ਐੱਸਆਈਟੀ ਨੂੰ ਅਹਿਮ ਸੁਰਾਗ ਮਿਲਿਆ ਹੈ।

ਹੈੱਡ ਕਾਂਸਟੇਬਲ ਦੀ ਮੌਤ ਦੇ ਮਾਮਲੇ ’ਚ ਹੁਣ ਤੱਕ ਸੱਤ ਗ੍ਰਿਫ਼ਤਾਰ

ਪਿਛਲੇ ਮਹੀਨੇ ਉੱਤਰ-ਪੂਰਬੀ ਜ਼ਿਲ੍ਹੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਝੜਪਾਂ ਦੌਰਾਨ ਦਿੱਲੀ ਪੁਲੀਸ ਦੇ ਹੈੱਡ ਕਾਂਸਟੇਬਲ ਰਤਨ ਲਾਲ ਦੀ ਹੱਤਿਆ ਦੇ ਮਾਮਲੇ ਵਿੱਚ ਹੁਣ ਤੱਕ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰਤਨ ਲਾਲ 24 ਫਰਵਰੀ ਨੂੰ ਭੜਕੀ ਹਿੰਸਾ ਦੌਰਾਨ ਉੱਤਰੀ-ਪੂਰਬੀ ਦਿੱਲੀ ਦੀ ਗੋਕਲਪੁਰੀ ਵਿੱਚ ਹਿੰਸਾ ਉਪਰ ਕਾਬੂ ਪਾਉਣ ਮੌਕੇ ਭੀੜ ਦਾ ਸ਼ਿਕਾਰ ਬਣ ਗਿਆ ਸੀ। ਪੁਲੀਸ ਨੇ ਅੱਜ ਮੀਡੀਆ ਨੂੰ ਇਹ ਵੀ ਦੱਸਿਆ ਕਿ ਹਿੰਸਾ ਪ੍ਰਭਾਵਿਤ ਖਿੱਤੇ ਵਿੱਚ ਇੱਕ ਨਾਲੇ ਵਿੱਚੋਂ ਬਰਾਮਦ ਹੋਈਆਂ ਚਾਰ ਲਾਸ਼ਾਂ ਨਾਲ ਸਬੰਧਤ ਅਕਬਰੀ ਬੇਗਮ ਕਤਲ ਕੇਸ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਚਾਰ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Previous article2 Punjab officer couples home quarantined
Next articleCongress nominates Gohil, Solanki for Rajya Sabha from Gujarat