ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਅੱਜ ਪਿੰਡ ਬਾਦਲ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਆਪਣੇ ਵੱਡੇ ਪੁੱਤਰ ਦੇ ਵਿਆਹ ਦਾ ਸੱਦਾ ਪੱਤਰ ਦਿੱਤਾ। ਆਪਸੀ ਵਿਚਾਰਕ ਗੁੰਝਲਾਂ ਵਿਚੋਂ ਗੁਜ਼ਰ ਰਹੇ ਦੋਵੇਂ ਸਿਆਸੀ ਭਾਈਵਾਲਾਂ ਦੇ ਪ੍ਰਮੁੱਖ ਆਗੂਆਂ ਵਿਚਕਾਰ ਕੁਝ ਸਮਾਂ ਬੰਦ-ਕਮਰਾ ਮੀਟਿੰਗ ਵੀ ਹੋਈ। ਸੂਤਰਾਂ ਅਨੁਸਾਰ ਇਸ ਦੌਰਾਨ ਜੇ.ਪੀ. ਨੱਢਾ ਨੇ ਸ੍ਰੀ ਬਾਦਲ ਨਾਲ ਦੋਵਾਂ ਧਿਰਾਂ ਦਰਮਿਆਨ ਵਧ ਰਹੇ ਵਖਰੇਵਿਆਂ ਬਾਰੇ ਚਰਚਾ ਕੀਤੀ। ਸ੍ਰੀ ਨੱਢਾ ਦੀ ਆਮਦ ’ਤੇ ਭਾਜਪਾ ਕਾਡਰ ਨੇ ਫੁੱਲਾਂ ਦੀ ਵਰਖਾ ਕੀਤੀ ਤੇ ਬਾਦਲਾਂ ਦੇ ਬੂਹੇ ’ਤੇ ਭੰਗੜੇ ਵੀ ਪਾਏ।
ਜ਼ਿਕਰਯੋਗ ਹੈ ਕਿ ਭਾਜਪਾ ਪਿਛਲੇ ਕੁਝ ਸਮੇਂ ਤੋਂ ਪੰਜਾਬ ’ਚ ਉੱਚੀ ਉਡਾਰੀ ਭਰਨ ਦੇ ਰੌਂਅ ਵਿਚ ਹੈ ਪਰ ਦਿੱਲੀ ’ਚ ਪਰ ਕੁਤਰੇ ਜਾਣ ਮਗਰੋਂ ਭਾਜਪਾ ਜ਼ਮੀਨ ’ਤੇ ਆ ਗਈ ਹੈ। ਬੀਤੇ ਦਿਨੀਂ ਅਕਾਲੀ ਦਲ ਦੀ ਰੈਲੀ ਮੌਕੇ ਵੱਡੇ ਬਾਦਲ ਦੇ ਬਿਆਨ ਨੇ ਭਾਜਪਾ ਲੀਡਰਸ਼ਿਪ ਨੂੰ ਸੋਚਣ ਲਈ ਮਜਬੂਰ ਕੀਤਾ ਤੇ ਅੱਜ ਜੇਪੀ ਨੱਢਾ ਕਰੀਬ ਡੇਢ ਘੰਟਾ ਬਾਦਲਾਂ ਦੀ ਰਿਹਾਇਸ਼ ’ਤੇ ਠਹਿਰੇ। ਦੋਵਾਂ ਆਗੂਆਂ ਨੇ ਦੁਪਹਿਰ ਦਾ ਖਾਣਾ ਵੀ ਖਾਧਾ। ਇਸ ਮੌਕੇ ਸ੍ਰੀ ਨੱਢਾ ਨੇ ਦੁਸ਼ਾਲੇ ਨਾਲ ਸ੍ਰੀ ਬਾਦਲ ਦਾ ਸਨਮਾਨ ਕੀਤਾ ਤੇ ਸ੍ਰੀ ਬਾਦਲ ਨੇ ਉਨ੍ਹਾਂ ਨੂੰ ਕਿਰਪਾਨ ਭੇਟ ਕਰ ਕੇ ਐੱਨਡੀਏ ਨੂੰ ਦਿਲੀ ਏਕੇ ਨਾਲ ਅਗਾਂਹ ਵਧਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਸ੍ਰੀ ਨੱਢਾ ਦੇ ਨਾਲ ਪਾਰਟੀ ਦੇ ਉਪ ਪ੍ਰਧਾਨ ਪ੍ਰਭਾਤ ਝਾਅ, ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਦਇਆ ਸਿੰਘ ਸੋਢੀ, ਪ੍ਰਵੀਣ ਬਾਂਸਲ ਆਦਿ ਹਾਜ਼ਰ ਸਨ। ਅਕਾਲੀ ਦਲ ਵੱਲੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਅਵਤਾਰ ਸਿੰਘ ਬਨਵਾਲਾ, ਗੁਰਬਖਸ਼ੀਸ਼ ਸਿੰਘ ਮੌਜੂਦ ਸਨ। ਭਾਜਪਾ ਦੇ ਕੌਮੀ ਪ੍ਰਧਾਨ ਦੀ ਪਿੰਡ ਬਾਦਲ ਫੇਰੀ ਦੇ ਮੱਦੇਨਜ਼ਰ ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਬਠਿੰਡਾ, ਫ਼ਰੀਦਕੋਟ ਜ਼ਿਲ੍ਹਿਆਂ ਤੋਂ ਕਈ ਬੱਸਾਂ ’ਚ ਕਾਰਕੁਨ ਭਰ ਕੇ ਲਿਆਂਦੇ ਗਏ। ਭਾਜਪਾ ਕਾਰਕੁਨਾਂ ਨੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਫੁਟੇਲਾ ਦੀ ਅਗਵਾਈ ਹੇਠ ਜੇਤੂ ਨਾਅਰੇ ਲਗਾਏ। ਪਿੰਡ ਬਾਦਲ ਦੀ ਹੱਦ ’ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਧੀਂਗੜਾ ਦੀ ਅਗਵਾਈ ’ਚ ਪਾਰਟੀ ਕਾਡਰ ਨੇ ਸ੍ਰੀ ਨੱਢਾ ਦਾ ਸਵਾਗਤ ਕੀਤਾ। ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਮਗਰੋਂ ਜਗਤ ਪ੍ਰਕਾਸ਼ ਨੱਢਾ ਨੇ ਆਖਿਆ ਕਿ ਭਾਜਪਾ ਤੇ ਅਕਾਲੀ ਦਲ ਦਾ ਰਿਸ਼ਤਾ ਬਹੁਤ ਪੁਰਾਣਾ ਹੈ ਤੇ ਸ੍ਰੀ ਬਾਦਲ ਦਾ ਐੱਨ.ਡੀ.ਏ ਵਿਚ ਬੇਹੱਦ ਸਤਿਕਾਰ ਹੈ ਅਤੇ ਸਾਰੇ ਚਾਹੁੰਦੇ ਹਨ ਕਿ ਉਨ੍ਹਾਂ ਦੀ ਅਗਵਾਈ ਹੇਠ ਐਨ.ਡੀ.ਏ. ਅਗਾਂਹ ਵਧੇ। ਇਸ ਤੋਂ ਪਹਿਲਾਂ ਬਠਿੰਡਾ ਹਵਾਈ ਅੱਡੇ ’ਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
INDIA ਵਿਆਹ ਦੇ ਸੱਦੇ-ਪੱਤਰ ਰਾਹੀਂ ਮੱਤਭੇਦ ਦੂੁਰ ਕਰਨ ਬਾਦਲ ਪੁੱਜੇ ਜੇਪੀ ਨੱਢਾ