ਜਵਾਈ ਨੂੰ ਅੰਦਰ ਕਰਵਾਉਣ ਲਈ ਕੁੜਮ ਬਾਹਰ ਨਿਕਲੇ

ਬਠਿੰਡਾ- ਨਜ਼ਦੀਕੀ ਪਿੰਡ ਗੁਰੂਸਰ ਸੈਣੇਵਾਲਾ ਕੋਲ ਬੀਤੀ ਸ਼ਾਮ ਟਰੱਕ ਅਤੇ ਕਾਰ ਦਰਮਿਆਨ ਟੱਕਰ ’ਚ ਮਾਰੇ ਗਏ ਮਾਂ-ਪੁੱਤ ਦੇ ਮਾਮਲੇ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਮ੍ਰਿਤਕਾਂ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਇਸ ਹਾਦਸੇ ਲਈ ਮਾਰੀ ਗਈ ਔਰਤ ਦੇ ਕੁੜਮ ਜ਼ਿੰਮੇਵਾਰ ਹਨ ਪਰ ਪੁਲੀਸ ਉਨ੍ਹਾਂ ਦੇ ਜਵਾਈ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਬੇਕਸੂਰ ਟਰੱਕ ਡਰਾਈਵਰ ’ਤੇ ਪਰਚਾ ਦਰਜ ਕਰ ਰਹੀ ਹੈ। ਇਸ ਮੌਕੇ ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਸਿਵਲ ਹਸਪਤਾਲ ਬਠਿੰਡਾ ਦੇ ਅੱਗੋਂ ਲੰਘਦੀ ਮਾਨਸਾ ਰੋਡ ਜਾਮ ਕਰ ਦਿੱਤੀ ਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਡੀਐੱਸਪੀ ਦਵਿੰਦਰ ਸਿੰਘ, ਥਾਣਾ ਕੋਤਵਾਲੀ ਦੇ ਇੰਸਪੈਕਟਰ ਦਵਿੰਦਰ ਸਿੰਘ ਪੁਲੀਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਧਰਨਾਕਾਰੀਆਂ ਨੇ ਹਾਦਸੇ ’ਚ ਜ਼ਖ਼ਮੀ ਔਰਤ ਦੇ ਪਤੀ ਅਤੇ ਸਹੁਰਾ ਪਰਿਵਾਰ ਖ਼ਿਲਾਫ਼ ਪਰਚਾ ਦਰਜ ਨਹੀਂ ਹੁੰਦਾ ਪ੍ਰਦਰਸ਼ਨ ਜਾਰੀ ਰਹੇਗਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਹਾਦਸਾ ਟਰੱਕ ਚਾਲਕ ਦੀ ਗਲਤੀ ਕਾਰਨ ਨਹੀਂ ਹੋਇਆ। ਹਾਦਸੇ ਦਾ ਅਸਲੀ ਕਾਰਨ ਮ੍ਰਿਤਕ ਬਿਮਲਾ ਦੇਵੀ ਦਾ ਜਵਾਈ ਹੈ, ਜਿਹੜਾ ਆਪਣੀ ਇਨੋਵਾ ਨਾਲ ਉਨ੍ਹਾਂ ਦੀ ਕਾਰ ਦਾ ਪਿੱਛਾ ਕਰ ਰਿਹਾ ਸੀ, ਜਿਸ ਤੋਂ ਬਚਣ ਦੇ ਚੱਕਰ ਵਿਚ ਕਾਰ ਚਲਾ ਰਿਹਾ ਕ੍ਰਿਸ਼ਨ ਕੁਮਾਰ ਕਾਰ ਦੀ ਰਫ਼ਤਾਰ ’ਤੇ ਕਾਬੂ ਨਾ ਰੱਖ ਸਕਿਆ ਤੇ ਕਾਰ ਟਰੱਕ ਨਾਲ ਜਾ ਟਕਰਾਈ। ਟੱਕਰ ਇੰਨੀ ਜਬਰਦਸਤ ਸੀ ਕਿ ਕ੍ਰਿਸ਼ਨ ਕੁਮਾਰ ਤੇ ਬਿਮਲਾ ਦੇਵੀ ਦੀ ਮੌਕੇ ’ਤੇ ਮੌਤ ਹੋ ਗਈ ਸੀ ਅਤੇ ਬਿਮਲਾ ਦੇਵੀ ਦੀ ਲੜਕੀ ਮਨੀਸ਼ਾ ਗੰਭੀਰ ਜ਼ਖ਼ਮੀ ਹੋ ਗਈ ਸੀ, ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਇਸ ਮੌਕੇ ਕ੍ਰਿਸ਼ਨ ਕੁਮਾਰ ਦੇ ਚਚੇਰੇ ਭਰਾ ਕੁਲਦੀਪ ਕੁਮਾਰ ਵਾਸੀ ਮੰਡੀ ਡੱਬਵਾਲੀ ਨੇ ਦੱਸਿਆ ਕਿ ਉਸ ਦੀ ਭੈਣ ਮਨੀਸ਼ਾ ਦਾ ਵਿਆਹ ਚਾਰ ਮਹੀਨੇ ਪਹਿਲਾਂ ਬਠਿੰਡਾ ਦੇ ਵਸਨੀਕ ਅਵਨੀਸ਼ ਕੁਮਾਰ ਨਾਲ ਹੋਇਆ ਸੀ ਪਰ ਵਿਆਹ ਤੋਂ ਬਾਅਦ ਅਵਨੀਸ਼ ਕੁਮਾਰ ਉਸ ਦੀ ਭੈਣ ਨੂੰ ਤੰਗ ਕਰਨ ਲੱਗਿਆ ਤੇ ਉਸ ਦੀ ਕੁੱਟਮਾਰ ਕਰਦਾ ਸੀ। ਬੀਤੇ ਦਿਨ ਨੂੰ ਵੀ ਅਵਨੀਸ਼ ਨੇ ਮਨੀਸ਼ਾ ਦੀ ਕੁੱਟਮਾਰ ਕੀਤੀ, ਜਦ ਇਸ ਗੱਲ ਦਾ ਪਤਾ ਉਸ ਦੀ ਚਾਚੀ ਬਿਮਲਾ ਅਤੇ ਭਰਾ ਕ੍ਰਿਸ਼ਨ ਨੂੰ ਲੱਗਾ ਤਾਂ ਉਨ੍ਹਾਂ ਨੇ ਬਠਿੰਡਾ ਆ ਕੇ ਆਪਣੇ ਜਵਾਈ ਨਾਲ ਗੱਲ ਕਰਨੀ ਚਾਹੀ ਤਾਂ ਅਵਨੀਸ਼ ਨੇ ਉਨ੍ਹਾਂ ਦੀ ਕੁੱਟਮਾਰ ਕਰ ਦਿੱਤੀ। ਇਸ ਤੋਂ ਬਾਅਦ ਕ੍ਰਿਸ਼ਨ ਆਪਣੀ ਮਾਂ ਅਤੇ ਭੈਣ ਨੂੰ ਲੈ ਕੇ ਕਾਰ ਰਾਹੀਂ ਵਾਪਸ ਡੱਬਵਾਲੀ ਵੱਲ ਚੱਲ ਪਿਆ ਪਰ ਅਵਨੀਸ਼ ਨੇ ਆਪਣੀ ਇਨੋਵਾ ਨਾਲ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਪਿੰਡ ਗੁਰੂਸਰ ਸੈਣੈਵਾਲਾ ਵਿਖੇ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ। ਕੋਤਵਾਲੀ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਬਿਆਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Previous articleਪੰਜਾਬ ਪੁਲੀਸ ਤੇ ਖਾਲਸਾ ਕਾਲਜ ਮਾਹਿਲਪੁਰ ਬਣੇ ਚੈਂਪੀਅਨ
Next articleਵਿਆਹ ਦੇ ਸੱਦੇ-ਪੱਤਰ ਰਾਹੀਂ ਮੱਤਭੇਦ ਦੂੁਰ ਕਰਨ ਬਾਦਲ ਪੁੱਜੇ ਜੇਪੀ ਨੱਢਾ