ਢਾਬੇ ਤੇ ਦੋਹਾਂ ਧਿਰਾਂ ਚ ਹੋਈ ਸੀ ਤਕਰਾਰ
ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ/ਯਾਦਵਿੰਦਰ ਸੰਧੂ ): ਬੀਤੀ ਰਾਤ ਸੁਲਤਾਨਪੁਰ ਲੋਧੀ ਵਿਖੇ ਢਾਬੇ ਚ ਖਾਣਾ ਖਾਣ ਆਏ ਨੌਜਵਾਨਾਂ ਦਾ ਕਿਸੇ ਗੱਲ ਨੂੰ ਲੈ ਕੇ ਕੁਝ ਵਿਅਕਤੀਆਂ ਨਾਲ ਤਕਰਾਰ ਹੋਣ ਉਪਰੰਤ ਉਨ੍ਹਾਂ ਤੇ ਆਪਣੀ ਕਾਰ ਹੇਠਾਂ ਦੇ ਕੇ 1 ਨੌਜਵਾਨ ਰਵਿੰਦਰ ਕੁਮਾਰ ਉਰਫ ਰਿੱਕੀ ਦੀ ਮੌਤ ਹੋਣ ਅਤੇ ਉਸਦੇ ਦੋਸਤ ਹਰਕੀਰਤ ਸਿੰਘ ਦੇ ਜਖਮੀ ਹੋਣ ਦੀ ਖਬਰ ਹੈ ।
ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਮ੍ਰਿਤਕ ਦੇ ਭਰਾ ਅਮਨਦੀਪ ਕੁਮਾਰ ਪੁੱਤਰ ਸੰਤੋਸ਼ ਕੁਮਾਰ ਵਾਸੀ ਮੁਹੱਲਾ ਲਲਾਰੀਆਂ’ ਸੁਲਤਾਨਪੁਰ ਲੋਧੀ ਦੇ ਬਿਆਨਾਂ ਤੇ ਧਾਰਾ 302 , 148,149 ਆਈ ਪੀ ਸੀ ਤਹਿਤ ਦੋ ਸਕੇ ਭਰਾਵਾਂ ਹਰਪ੍ਰੀਤ ਸਿੰਘ ਉਰਫ ਹੈਪੀ ਤੇ ਜਸਪਾਲ ਸਿੰਘ ਪੁੱਤਰਾਨ ਗੁਰਬਚਨ ਸਿੰਘ ਵਾਸੀਆਨ ਮੁਹੱਲਾ ਪੰਡੋਰੀ ਸੁਲਤਾਨਪੁਰ ਲੋਧੀ ਤੇ ਉਨ੍ਹਾਂ ਦੇ ਸਾਲੇ ਉਂਕਾਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਸੈਫਲਾਬਾਦ ਥਾਣਾ ਫੱਤੂਢੀਘਾ ਅਤੇ 3- 4 ਹੋਰ ਨਾਂਮਲੂਮ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਸ ਨੇ ਹਰਪ੍ਰੀਤ ਸਿੰਘ ਉਰਫ ਹੈਪੀ ਤੇ ਉਸਦੇ ਭਰਾ ਜਸਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਉਸਦਾ ਸਾਲਾ ਤੇ ਹੋਰ ਅਣਪਛਾਤਿਆਂ ਦੀ ਭਾਲ ਕੀਤੀ ਜਾ ਰਹੀ ਹੈ ।
ਇਸ ਸੰਬੰਧੀ ਸੁਲਤਾਨਪੁਰ ਲੋਧੀ ਦੇ ਡੀ ਐਸ ਪੀ ਸਰਵਣ ਸਿੰਘ ਬੱਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਰਵਿੰਦਰ ਕੁਮਾਰ ਉਰਫ ਰਿੱਕੀ ਦੀ ਸ਼ਹੀਦ ਊਧਮ ਸਿੰਘ ਚੌਕ ਸੁਲਤਾਨਪੁਰ ਲੋਧੀ ਚ ਪੈਂਚਰ ਲਗਾਉਣ ਦੀ ਦੁਕਾਨ ਹੈ ਜਿੱਥੇ 14 ਦਸੰਬਰ ਦੀ ਸ਼ਾਮ ਨੂੰ ਗੱਡੀ ਚ ਹਵਾ ਭਰਾਉਣ ਆਏ ਹਰਪ੍ਰੀਤ ਸਿੰਘ ਵਗੈਰਾ ਨਾਲ ਤਕਰਾਰ ਹੋ ਗਈ ਤੇ ਰਾਤ ਨੂੰ ਜਦ ਰਵਿੰਦਰ ਕੁਮਾਰ ਤੇ ਅਮਨਦੀਪ ਕੁਮਾਰ ਅਤੇ ਆਪਣੇ ਦੋਸਤ ਹਰਕੀਰਤ ਸਿੰਘ ਨਾਲ ਸੁਲਤਾਨਪੁਰ ਲੋਧੀ ਦੇ ਕਨੇਡੀਅਨ ਢਾਬੇ ਚ ਖਾਣਾ ਖਾਣ ਗਏ ਤਾਂ ਉੱਥੇ ਹਰਪ੍ਰੀਤ ਸਿੰਘ ਹੈਪੀ ਤੇ ਜਸਪਾਲ ਸਿੰਘ ਵਗੈਰਾ ਵੀ ਆ ਗਏ ।
ਡੀ ਐਸ ਪੀ ਬੱਲ ਨੇ ਦੱਸਿਆ ਕਿ ਢਾਬੇ ‘ਚ ਖਾਣਾ ਖਾ ਰਹੇ ਰਵਿੰਦਰ ਕੁਮਾਰ ਵਗੈਰਾ ਦੇ ਟੇਬਲ ਤੇ ਆ ਕੇ ਦੂਜੀ ਧਿਰ ਦੇ ਵਿਅਕਤੀਆਂ ਗਾਲੀ ਗਲੋਚ ਸ਼ੁਰੂ ਕਰ ਦਿੱਤੀ ਜਿਸਤੋ ਬਾਅਦ ਰਵਿੰਦਰ ਕੁਮਾਰ ਤੇ ਹੋਰ ਬਾਹਰ ਆ ਗਏ ਜਿੱਥੇ ਹਰਪ੍ਰੀਤ ਸਿੰਘ ਨੇ ਆਪਣੀ ਗੱਡੀ ਪੀ ਬੀ 09 ਏ ਏ 5555 ਤੇਜ ਰਫਤਾਰ ਕਰਕੇ ਰਵਿੰਦਰ ਕੁਮਾਰ ਰਿੱਕੀ ਤੇ ਹਰਕੀਰਤ ਸਿੰਘ ਤੇ ਚੜ੍ਹਾ ਦਿੱਤੀ ਜਿਨ੍ਹਾਂ ਵਿੱਚੋ ਰਵਿੰਦਰ ਕੁਮਾਰ ਦੀ ਮੌਤ ਹੋ ਗਈ ਤੇ ਹਰਕੀਰਤ ਸਿੰਘ ਜਖਮੀ ਹੋ ਗਿਆ । ਇਸ ਕੇਸ ਦੀ ਤਫਤੀਸ਼ ਥਾਣਾ ਸੁਲਤਾਨਪੁਰ ਲੋਧੀ ਦੇ ਐਸ ਐਚ ਓ ਹਰਜੀਤ ਸਿੰਘ ਕਰ ਰਹੇ ਹਨ ਤੇ ਉਨ੍ਹਾਂ ਨਾਲ ਸਬ ਇੰਸਪੈਕਟਰ ਮਨਜੀਤ ਸਿੰਘ ਵੀ ਸਨ । ਐਸ ਐਚ ਓ ਨੇ ਦੱਸਿਆ ਕਿ ਵਾਰਦਾਤ ਚ ਵਰਤੀ ਗੱਡੀ ਮਾਰਕਾ ਟਾਟਾ ਅਨੈਕਸਾ ਬਰਾਮਦ ਕਰ ਲਈ ਹੈ ਜੋ ਕਿ ਸਾਹਿਲ ਨਰੰਗ ਪੁੱਤਰ ਅਸ਼ੋਕ ਕੁਮਾਰ ਨਰੰਗ ਵਾਸੀ ਮੁਹੱਲਾ ਲਲਾਰੀਆਂ ਦੇ ਨਾਮ ਤੇ ਹੈ ।