ਵਾਦੀ ਵਿੱਚ ਰਸੋਈ ਗੈਸ ਦਾ ਦੋ ਮਹੀਨਿਆਂ ਦਾ ਸਟਾਕ ਰੱਖਣ ਦੇ ਹੁਕਮਾਂ ਨੇ ਛੇੜੀ ਚੁੰਝ ਚਰਚਾ

ਸ੍ਰੀਨਗਰ (ਸਮਾਜਵੀਕਲੀ) ਸਰਕਾਰ ਵੱਲੋਂ ਤੇਲ ਮਾਰਕੀਟ ਕੰਪਨੀਆਂ ਨੂੰ ਕਸ਼ਮੀਰ ਵਿੱਚ ਰਸੋਈ ਗੈਸ ਸਿਲੰਡਰਾਂ ਦਾ ਦੋ ਮਹੀਨਿਆਂ ਦਾ ਸਟਾਕ ਰੱਖਣ ਦੀਆਂ ਹਦਾਇਤਾਂ ਨਾਲ ਨਵੀਂ ਚੁੰਝ ਚਰਚਾ ਛਿੜ ਗਈ ਹੈ। ਸਰਕਾਰ ਨੇ ਇਹ ਹੁਕਮ ਅਜਿਹੇ ਮੌਕੇ ਕੀਤੇ ਹਨ ਜਦੋਂ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਭਾਰਤ ਤੇ ਚੀਨ ਦਰਮਿਆਨ ਤਲਖ਼ੀ ਸਿਖਰ ’ਤੇ ਹੈ।

ਨੈਸ਼ਨਲ ਕਾਂਗਰਸ ਦੇ ਆਗੂ ਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅਜਿਹੀ ਪੇਸ਼ਕਦਮੀ ਦੀ ਲੋੜ ’ਤੇ ਉਜਰ ਜਤਾਇਆ ਹੈ। ਜੰਮੂ ਤੇ ਕਸ਼ਮੀਰ ਦੇ ਉਪ ਰਾਜਪਾਲ ਜੀ.ਸੀ.ਮੁਰਮੂ ਦੇ ਸਲਾਹਕਾਰ ਅਤੇ ਖੁਰਾਕ, ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਡਾਇਰੈਕਟਰ ਨੇ 27 ਜੂਨ ਨੂੰ ਉਪਰੋਕਤ ਹੁਕਮ ਦਿੱਤੇ ਸਨ।

ਹੁਕਮਾਂ ਵਿੱਚ 23 ਜੂਨ ਦੀ ਮੀਟਿੰਗ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਢਿੱਗਾਂ ਡਿੱਗਣ ਕਰਕੇ ਕੌਮੀ ਸ਼ਾਹਰਾਹ ਅਕਸਰ ਬੰਦ ਹੋ ਜਾਂਦਾ ਹੈ, ਜਿਸ ਨਾਲ ਵਾਦੀ ਵਿੱਚ ਰਸੋਈ ਗੈਸ ਦੀ ਸਪਲਾਈ ਅਸਰਅੰਦਾਜ਼ ਹੋ ਸਕਦੀ ਹੈ, ਲਿਹਾਜ਼ਾ ਜ਼ਰੂਰੀ ਸਟਾਕ ਯਕੀਨੀ ਬਣਾਇਆ ਜਾਵੇ। ਉਂਜ ਸਰਦੀਆਂ ਦੇ ਮੌਸਮ ਵਿੱਚ ਅਜਿਹੀਆਂ ਮਸ਼ਕਾਂ ਆਮ ਹਨ, ਪਰ ਗਰਮੀਆਂ ’ਚ ਪਹਿਲੀ ਵਾਰ ਰਸੋਈ ਗੈਸ ਸਿਲੰਡਰਾਂ ਦੇ ਭੰਡਾਰਨ ਲਈ ਆਖਿਆ ਗਿਆ ਹੈ।

ਉਧਰ ਉਮਰ ਅਬਦੁੱਲਾ ਨੇ ਗੰਦਰਬਲ ਜ਼ਿਲ੍ਹਾ ਪੁਲੀਸ ਵੱਲੋਂ ਜਾਰੀ ਪੱਤਰ ਦਾ ਵੀ ਹਵਾਲਾ ਦਿੱਤਾ, ਜਿਸ ਵਿੱਚ ਕੇਂਦਰੀ ਬਲਾਂ ਦੇ ਰਹਿਣ ਲਈ ਪ੍ਰਬੰਧ ਕਰਨ ਬਾਰੇ ਕਿਹਾ ਗਿਆ ਹੈ। ਉਮਰ ਨੇ ਇਕ ਟਵੀਟ ’ਚ ਕਿਹਾ, ‘ਸਰਕਾਰੀ ਹੁਕਮਾਂ ਨਾਲ ਕਸ਼ਮੀਰ ’ਚ ਡਰ ਦਾ ਮਾਹੌਲ ਸਿਰਜਿਆ ਜਾ ਰਿਹੈ। ਮੰਦੇ ਭਾਗਾਂ ਨੂੰ ਪਿਛਲੇ ਸਾਲ ਵੀ ਝੂਠ ਬੋਲਿਆ ਗਿਆ ਤੇ ਝੂਠੇ ਦਿਲਾਸੇ ਦਿੱਤੇ ਗਏ।’

Previous articleਪੰਜਾਬ ਵਿੱਚ ’ਵਰਸਿਟੀਆਂ ਪ੍ਰੀਖਿਆਵਾਂ 15 ਜੁਲਾਈ ਤਕ ਮੁਲਤਵੀ
Next article‘ਪਰਵਾਸੀ ਰੁਜ਼ਗਾਰ ਸਕੀਮ’ ਲਈ ਪੱਛਮੀ ਬੰਗਾਲ ਲਾਭਪਾਤਰੀ ਨਹੀਂ