ਵਾਦੀ ਵਿਚ ਸਕੂਲ ਅਧਿਆਪਕ ਦੀ ਪੁਲੀਸ ਹਿਰਾਸਤ ’ਚ ਮੌਤ

ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਨਾਲ ਸਬੰਧਤ 28 ਸਾਲਾ ਸਕੂਲ ਅਧਿਆਪਕ, ਜਿਸ ਨੂੰ ਦਹਿਸ਼ਤਗਰਦੀ ਨਾਲ ਜੁੜੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਦੀ ਸ੍ਰੀਨਗਰ ਵਿਚ ਪੁਲੀਸ ਹਿਰਾਸਤ ’ਚ ਮੌਤ ਹੋ ਗਈ ਹੈ। ਅਧਿਆਪਕ ਦੀ ਮੌਤ ਤੋਂ ਬਾਅਦ ਉਸ ਦੇ ਕਸਬੇ ਅਵੰਤੀਪੋਰਾ ਵਿਚ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ। ਅਧਿਆਪਕ ਰਿਜ਼ਵਾਨ ਪੰਡਿਤ ਦੀ ਮੌਤ ਪਿਛਲੇ ਕਾਰਨਾਂ ਦੀ ਜਾਂਚ ਲਈ ਰਾਜ ਸਰਕਾਰ ਨੇ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਇਕ ਸੀਨੀਅਰ ਪੁਲੀਸ ਅਧਿਕਾਰੀ ਮੁਤਾਬਕ ਰਿਜ਼ਵਾਨ ਦੀ ਮੌਤ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਹੋਈ ਹੈ। ਉਹ ਇਕ ਪ੍ਰਾਈਵੇਟ ਸਕੂਲ ਵਿਚ ਅਧਿਆਪਕ ਸੀ ਤੇ ਉਸ ਨੂੰ ਸੁਰੱਖਿਆ ਏਜੰਸੀਆਂ ਨੇ ਤਿੰਨ ਦਿਨ ਪਹਿਲਾਂ ਹਿਰਾਸਤ ਵਿਚ ਲਿਆ ਸੀ। ਪੁਲੀਸ ਦੇ ਤਰਜਮਾਨ ਨੇ ਕਿਹਾ ਕਿ ਘਟਨਾ ਦੀ ਜਾਂਚ ਲਈ ਇਕ ਵੱਖਰੀ ਜਾਂਚ ਵੀ ਆਰੰਭੀ ਗਈ ਹੈ। ਰਿਜ਼ਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਉਸ ਦੇ ਕਸਬੇ ਅਵੰਤੀਪੋਰਾ ਵਿਚ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ ’ਤੇ ਪੱਥਰਬਾਜ਼ੀ ਆਰੰਭ ਦਿੱਤੀ। ਸਥਿਤੀ ਕਾਬੂ ਹੇਠ ਕਰਨ ਲਈ ਸੁਰੱਖਿਆ ਬਲਾਂ ਨੂੰ ਅੱਥਰੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕਰਨਾ ਪਿਆ। ਅਧਿਆਪਕ ਦੀ ਪੁਲੀਸ ਹਿਰਾਸਤ ਵਿਚ ਮੌਤ ਦੀ ਪੀਡੀਪੀ ਆਗੂ ਮਹਿਬੂਬਾ ਮੁਫ਼ਤੀ, ਨੈਸ਼ਨਲ ਕਾਨਫ਼ਰੰਸ ਦੇ ਆਗੂ ਉਮਰ ਅਬਦੁੱਲਾ, ਪੀਪਲਜ਼ ਕਾਨਫ਼ਰੰਸ ਦੇ ਸੱਜਾਦ ਗ਼ਨੀ ਲੋਨ, ਸੀਪੀਐਮ ਦੇ ਆਗੂਆਂ ਸਣੇ ਹੋਰਾਂ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਜਾਂਚ ਜਲਦੀ ਮੁਕੰਮਲ ਕਰ ਕੇ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਕੀਤੀ ਹੈ।

Previous articleਸਾਵੰਤ ਸਰਕਾਰ ਦੀ ਅਸੈਂਬਲੀ ’ਚ ਪਰਖ ਅੱਜ
Next articleਜਸਟਿਸ ਪਿਨਾਕੀ ਚੰਦਰ ਘੋਸ਼ ਦੇਸ਼ ਦੇ ਪਹਿਲੇ ਲੋਕਪਾਲ