ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿਚੋਂ ਧਾਰਾ 370 ਖ਼ਤਮ ਕਰਨ ਤੋਂ ਬਾਅਦ ਬੰਦ ਕੀਤੇ ਸੰਚਾਰ ਸਾਧਨਾਂ ਦੀ ਬਹਾਲੀ ਲਈ 100 ਤੋਂ ਵੱਧ ਪੱਤਰਕਾਰਾਂ ਨੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਵਾਦੀ ’ਚ ਸੰਚਾਰ ਸਾਧਨਾਂ ’ਤੇ ਲਾਈ ਰੋਕ ਹਟਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਵਾਦੀ ਵਿਚ ਸੰਚਾਰ ਸਾਧਨਾਂ ’ਤੇ ਲਾਈ ਰੋਕ ਤੀਜੇ ਮਹੀਨੇ ਵਿਚ ਦਾਖ਼ਲ ਹੋ ਗਈ ਹੈ, ਇਸ ਨਾਲ ਇੱਥੇ ਕੰਮ ਕਰਦੇ ਪੱਤਰਕਾਰਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਮੀਡੀਆ ਅਦਾਰਿਆਂ ਨੇ ਇਕਜੁੱਟ ਹੋ ਕੇ ਸਰਕਾਰ ਤੋਂ ਇਹ ਰੋਕਾਂ ਹਟਾਉਣ ਦੀ ਮੰਗ ਕੀਤੀ ਤਾਂ ਕਿ ਸਾਰੇ ਪੱਤਰਕਾਰ ਆਜ਼ਾਦ ਮਾਹੌਲ ਵਿਚ ਆਪਣਾ ਕੰਮ ਕਰ ਸਕਣ। ਇਸ ਪ੍ਰਦਰਸ਼ਨ ਦੌਰਾਨ ਪੱਤਰਕਾਰਾਂ ਨੇ ਆਪਣੇ ਹੱਥਾਂ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ। ਪੱਤਰਕਾਰਾਂ ਨੇ ਪੋਲੋ ਵਿਊ ਤੋਂ ਪ੍ਰੈੱਸ ਕਲੋਨੀ ਤਕ ਸ਼ਾਂਤਮਈ ਪ੍ਰਦਰਸ਼ਨ ਕੀਤਾ।
ਇਸ ਪ੍ਰਦਰਸ਼ਨ ਵਿਚ ਕੌਮਾਂਤਰੀ, ਕੌਮੀ ਅਤੇ ਸਥਾਨਕ ਮੀਡੀਆ ਵਿਚ ਕੰਮ ਕਰਦੇ 100 ਤੋਂ ਵੱਧ ਪੱਤਰਕਾਰਾਂ ਨੇ ਭਾਗ ਲਿਆ। ਕਸ਼ਮੀਰ ਪ੍ਰੈੱਸ ਕਲੱਬ ਦੇ ਪ੍ਰਧਾਨ ਸ਼ੁਜਾ ਉਲ ਹੱਕ ਨੇ ਕਿਹਾ ਕਿ ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਸਥਾਨਕ ਅਖ਼ਬਾਰਾਂ ਦੇ ਆਨਲਾਈਨ ਐਡੀਸ਼ਨ ਠੱਪ ਪਏ ਹਨ। ਉਨ੍ਹਾਂ ਕਿਹਾ ਕਿ ਵਾਦੀ ਵਿਚ ਲਾਈਆਂ ਰੋਕਾਂ ਤੀਜੇ ਮਹੀਨੇ ਵਿਚ ਦਾਖ਼ਲ ਹੋ ਗਈਆਂ ਹਨ। ਜੰਮੂ ਕਸ਼ਮੀਰ ਸਰਕਾਰ ਵੱਲੋਂ ਇੱਥੇ ਇੱਕ ਪ੍ਰਾਈਵੇਟ ਹੋਟਲ ਵਿਚ ਮੀਡੀਆ ਦੀ ਸਹੂਲਤ ਲਈ ਕੇਂਦਰ ਬਣਾਇਆ ਗਿਆ ਹੈ ਪਰ ਪੱਤਰਕਾਰਾਂ ਅਨੁਸਾਰ ਇਸ ਕੇਂਦਰ ਵਿਚ ਕੇਵਲ ਦਸ ਕੰਪਿਊਟਰ ਹਨ ਤੇ ਇਨ੍ਹਾਂ ਨਾਲ 400 ਦੇ ਕਰੀਬ ਪੱਤਰਕਾਰਾਂ ਲਈ ਕੰਮ ਕਰਨਾ ਸੰਭਵ ਨਹੀਂ ਹੈ।
HOME ਵਾਦੀ ’ਚ ਸੰਚਾਰ ਸਾਧਨਾਂ ਦੀ ਬਹਾਲੀ ਲਈ ਪੱਤਰਕਾਰਾਂ ਵੱਲੋਂ ਸ਼ਾਂਤਮਈ ਪ੍ਰਦਰਸ਼ਨ