ਸੁਪਰੀਮ ਕੋਰਟ ਵੱਲੋਂ ਸੰਵਿਧਾਨ ਦੀ ਧਾਰਾ 35ਏ ’ਤੇ ਸੁਣਵਾਈ ਤੋਂ ਪਹਿਲਾਂ ਸ਼ੁੱਕਰਵਾਰ ਤੇ ਸ਼ਨਿਚਰਵਾਰ ਦੀ ਦਰਮਿਆਨੀ ਰਾਤ ਨੂੰ ਕਸ਼ਮੀਰ ਵਾਦੀ ਦੇ ਵੱਖ-ਵੱਖ ਇਲਾਕਿਆਂ ਵਿਚ ਮਾਰੇ ਛਾਪਿਆਂ ਦੌਰਾਨ ਕਰੀਬ 150 ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਜ਼ਿਆਦਾਤਰ ਵਿਅਕਤੀ ਜਮਾਤ-ਏ-ਇਸਲਾਮੀ ਜੰਮੂ ਕਸ਼ਮੀਰ ਨਾਲ ਸਬੰਧਤ ਹਨ ਤੇ ਇਸ ਦੇ ਮੁਖੀ ਅਬਦੁਲ ਹਾਮਿਦ ਫ਼ਯਾਜ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ। ਪੁਲੀਸ ਨੇ ਜੇਕੇਐਲਐੱਫ ਆਗੂ ਯਾਸੀਨ ਮਲਿਕ ਨੂੰ ਵੀ ਸ਼ੁੱਕਰਵਾਰ ਰਾਤ ਹਿਰਾਸਤ ਵਿਚ ਲੈ ਲਿਆ ਹੈ। ਇਸ ਕਾਰਵਾਈ ਤੋਂ ਬਾਅਦ ਘਾਟੀ ’ਚ ਤਣਾਅ ਦਾ ਮਾਹੌਲ ਹੈ। ਹਾਲਾਂਕਿ ਪੁਲੀਸ ਨੇ ਇਸ ਨੂੰ ਰੁਟੀਨ ਕਾਰਵਾਈ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਇਹਤਿਆਤ ਵਜੋਂ ਆਗੂਆਂ ਤੇ ਸੰਭਾਵੀ ‘ਪੱਥਰਬਾਜ਼ਾਂ’ ਨੂੰ ਇਸ ਤੋਂ ਪਹਿਲਾਂ ਵੀ ਹਿਰਾਸਤ ਵਿਚ ਲਿਆ ਜਾਂਦਾ ਰਿਹਾ ਹੈ। ਇਸ ਕਾਰਵਾਈ ਨਾਲ ਜੁੜੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਜਮਾਤ-ਏ-ਇਸਲਾਮੀ ਖ਼ਿਲਾਫ਼ ਇਹ ਪਹਿਲੀ ਵੱਡੀ ਕਾਰਵਾਈ ਹੈ। ਜੰਮੂ ਕਸ਼ਮੀਰ ਵਾਸੀਆਂ ਨੂੰ ਵਿਸ਼ੇਸ਼ ਹੱਕ ਤੇ ਸਹੂਲਤਾਂ ਪ੍ਰਦਾਨ ਕਰਦੀ ਧਾਰਾ 35ਏ ’ਤੇ ਸੁਣਵਾਈ ਸਿਖ਼ਰਲੀ ਅਦਾਲਤ ਵਿਚ ਭਲਕੇ ਹੋਣ ਦੀ ਸੰਭਾਵਨਾ ਹੈ। ਜਮਾਤ-ਏ-ਇਸਲਾਮੀ ਨੂੰ ਇਸ ਤੋਂ ਪਹਿਲਾਂ ਹਿਜ਼ਬੁਲ ਮੁਜਾਹਿਦੀਨ ਦਾ ਸਿਆਸੀ ਵਿੰਗ ਦੱਸਿਆ ਜਾਂਦਾ ਰਿਹਾ ਹੈ, ਪਰ ਜਥੇਬੰਦੀ ਆਪਣੇ ਆਪ ਨੂੰ ਸਮਾਜਿਕ ਤੇ ਧਾਰਮਿਕ ਸੰਗਠਨ ਮੰਨਦੀ ਹੈ। ਹਿਰਾਸਤ ਵਿਚ ਲੈਣ ਦੀ ਇਸ ਕਾਰਵਾਈ ਤੋਂ ਬਾਅਦ ਲੋਕ ਸੜਕਾਂ ’ਤੇ ਇਕੱਠੇ ਹੋ ਗਏ ਜਦਕਿ ਸੁਰੱਖਿਆ ਕਰੜੀ ਕਰ ਦਿੱਤੀ ਗਈ ਹੈ। ਜਮਾਤ ਨੇ ਮੈਂਬਰਾਂ ਨੂੰ ਹਿਰਾਸਤ ਵਿਚ ਲੈਣ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਕਾਰਵਾਈ ਖਿੱਤੇ ਵਿਚ ਖ਼ਲਾਅ ਪੈਦਾ ਕਰਨ ਦੀ ਇਕ ਗਿਣੀ-ਮਿੱਥੀ ਸਾਜ਼ਿਸ਼ ਹੈ। ਜਮਾਤ-ਏ-ਇਸਲਾਮੀ ਦਾ ਕਹਿਣਾ ਹੈ ਕਿ 22 ਤੇ 23 ਫਰਵਰੀ ਦੀ ਰਾਤ ਨੂੰ ਪੁਲੀਸ ਤੇ ਹੋਰ ਏਜੰਸੀਆਂ ਨੇ ਵੱਡੇ ਪੱਧਰ ’ਤੇ ਵਾਦੀ ਦੇ ਕਈ ਘਰਾਂ ਵਿਚ ਛਾਪੇ ਮਾਰੇ ਹਨ ਤੇ ਸੰਗਠਨ ਦੇ ਕਈ ਵੱਡੇ ਤੇ ਜ਼ਿਲ੍ਹਾ ਪੱਧਰੀ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਜਮਾਤ ਦੇ ਬੁਲਾਰੇ ਐਡਵੋਕੇਟ ਜ਼ਾਹਿਦ ਅਲੀ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ। ਜਮਾਤ ਨੇ ਧਾਰਾ 35ਏ ਦੀ ਸੁਣਵਾਈ ਤੋਂ ਇਕਦਮ ਪਹਿਲਾਂ ਹੋਈਆਂ ਗ੍ਰਿਫ਼ਤਾਰੀਆਂ ਨੂੰ ‘ਸ਼ੱਕੀ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧਾਰਾ 35ਏ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਜਾਂ ਇਸ ਨੂੰ ਕਮਜ਼ੋਰ ਕਰਨ ਦੀ ਕਾਰਵਾਈ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਪ੍ਰਵਾਨ ਨਹੀਂ ਹੋਵੇਗੀ।