ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸਰਕਾਰ ਟਿਕਾਊ ਵਿਕਾਸ ’ਚ ਭਰੋਸਾ ਰੱਖਦੀ ਹੈ ਤੇ ਯਕੀਨੀ ਬਣਾ ਰਹੀ ਹੈ ਕਿ ਵਿਕਾਸ ਵਾਤਾਵਰਨ ਨੂੰ ਨੁਕਸਾਨ ਪਹੁੰਚਾਏ ਬਿਨਾਂ ਹੋਵੇ। ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਕੁਝ ਮੁਲਕਾਂ ਵਿਚੋਂ ਇਕ ਹੈ ਜੋ ਪੈਰਿਸ ਜਲਵਾਯੂ ਸਮਝੌਤੇ ਤਹਿਤ ਕਦਮ ਚੁੱਕ ਕੇ ਤਪਸ਼ ਵਧਣ ਤੋਂ ਰੋਕ ਰਹੇ ਹਨ।
ਗਾਂਧੀਨਗਰ ਵਿਚ ਜੰਗਲੀ ਜਾਨਵਰਾਂ ਦੀਆਂ ਪ੍ਰਵਾਸੀ ਪ੍ਰਜਾਤੀਆਂ ਦੀ ਰਾਖ਼ੀ ਬਾਰੇ ਕਨਵੈਨਸ਼ਨ (ਸੀਐਮਐੱਸ ਸੀਓਪੀ 13) ਦੀ 13ਵੀਂ ਕਾਨਫਰੰਸ ਵਿਚ ਹਿੱਸੇਦਾਰ ਧਿਰਾਂ ਨੂੰ ਵੀਡੀਓ ਲਿੰਕ ਰਾਹੀਂ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਜਲਵਾਯੂ ਤਬਦੀਲੀ ਰੋਕਣ ਲਈ ਕਾਰਗਰ ਕਦਮ ਚੁੱਕ ਰਿਹਾ ਹੈ। ਇਹ ਕੁਦਰਤ ਦੇ ਨੇੜੇ ਹਨ। ਉਨ੍ਹਾਂ ਕਿਹਾ ਕਿ ਪ੍ਰਵਾਸੀ ਪ੍ਰਜਾਤੀਆਂ ਧਰਤੀ ਨੂੰ ਜੋੜਦੀਆਂ ਹਨ ਤੇ ਵੱਖ-ਵੱਖ ਮੁਲਕਾਂ ਵਿਚ ਅਸੀਂ ਇਨ੍ਹਾਂ ਦਾ ਸਵਾਗਤ ਕਰਦੇ ਹਾਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ‘ਆਸੀਆਨ’ ਮੁਲਕਾਂ ਨਾਲ ਇਸ ਮੁੱਦੇ ’ਤੇ ਸਹਿਯੋਗ ਕਰ ਰਿਹਾ ਹੈ ਤੇ ਅਗਵਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਕਨਵੈਨਸ਼ਨ ਦੀ ਪ੍ਰਧਾਨਗੀ ਅਗਲੇ 3 ਵਰ੍ਹਿਆਂ ਲਈ ਕਰੇਗਾ। ਪ੍ਰਵਾਸੀ ਪੰਛੀਆਂ ਦੀ ਰਾਖ਼ੀ ਲਈ ਕੌਮੀ ਪੱਧਰ ਦੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਰਾਖ਼ਵੇਂ ਇਲਾਕੇ ਭਾਰਤ ਗੁਆਂਢੀ ਮੁਲਕਾਂ ਨਾਲ ਸਾਂਝੇ ਕਰਦਾ ਹੈ। ਇਨ੍ਹਾਂ ਦੀ ਗਿਣਤੀ 2019 ਵਿਚ 870 ਹੋ ਗਈ ਹੈ। ਮੋਦੀ ਨੇ ਕਿਹਾ ਕਿ ਭਾਰਤ ਨਵਿਆਉਣ ਯੋਗ ਊਰਜਾ ’ਤੇ ਵੀ ਧਿਆਨ ਕੇਂਦਰਿਤ ਕਰ ਰਿਹਾ ਹੈ। ਇਸ ਮੌਕੇ ਹਾਜ਼ਰ ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਕਿਹਾ ਕਿ ਜੈਵ ਵਿਭਿੰਨਤਾ ਦੀ ਸਾਂਭ-ਸੰਭਾਲ ਯਕੀਨੀ ਬਣਾਉਣ ਲਈ ਲੋਕਾਂ ਦੀ ਸ਼ਮੂਲੀਅਤ ਅਹਿਮ ਹੈ, ਸਖ਼ਤ ਨੇਮ ਧਰਤੀ ਨੂੰ ਨਹੀਂ ਬਚਾ ਸਕਦੇ। ਜਾਵੜੇਕਰ ਨੇ ਕਿਹਾ ਕਿ ਗ਼ੈਰ-ਅਮਲੀ ਸਥਿਤੀਆਂ ਕੁਦਰਤ ਨੂੰ ਨਹੀਂ ਬਚਾ ਸਕਦੀਆਂ।
ਉਨ੍ਹਾਂ ਆਸ ਜਤਾਈ ਕਿ ਇਸ ਕਾਨਫਰੰਸ ਵਿਚੋਂ ਕਈ ਹੱਲ ਨਿਕਲਣਗੇ। ਜਾਵੜੇਕਰ ਨੇ ਕਿਹਾ ਕਿ ਕੁਦਰਤ ਭਾਰਤੀ ਜੀਵਨ ਪ੍ਰਣਾਲੀ ਦਾ ਮਹੱਤਵਪੂਰਨ ਹਿੱਸਾ ਹੈ ਤੇ ਜੈਵ-ਵਿਭਿੰਨਤਾ ਦਾ ਮੁਲਕ ਭੰਡਾਰ ਹੈ। ਭਾਰਤ ਕੋਲ ਸੰਸਾਰ ’ਚੋਂ 2.5 ਫ਼ੀਸਦ ਧਰਤੀ ਹੈ, ਇਸ ਦੇ ਨਾਲ 17 ਫ਼ੀਸਦ ਆਬਾਦੀ, 18 ਫ਼ੀਸਦ ਪਸ਼ੂ, 12 ਫ਼ੀਸਦ ਪੰਛੀ, ਛੇ ਫ਼ੀਸਦ ਰੀਂਗਣ ਵਾਲੇ ਜੀਵ ਤੇ ਹੋਰ ਪ੍ਰਜਾਤੀਆਂ ਹਨ।
HOME ਵਾਤਾਵਰਨ ਨੂੰ ਨੁਕਸਾਨ ਪਹੁੰਚਾਏ ਬਗੈਰ ਕਰ ਰਹੇ ਹਾਂ ਵਿਕਾਸ: ਮੋਦੀ