ਨਵੀਂ ਦਿੱਲੀ: ਦਿੱਲੀ ਵਿੱਚ ਕਰੋਨਾਵਾਇਰਸ ਨੂੰ ਮਹਾਮਾਰੀ ਐਲਾਨੇ ਜਾਣ ਮਗਰੋਂ ਸਰਕਾਰ ਨੇ ਮਾਰਚ ਦੇ ਅੰਤ ਤੱਕ 50 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਰੋਕ ਲਾਈ ਹੋਈ ਹੈ। ਇਸ ਦੇ ਬਾਵਜੂਦ ਸੈਂਕੜੇ ਲੋਕ ਸ਼ਾਹੀਨ ਬਾਗ ਵਿੱਚ ਡਟੇ ਹੋਏ ਹਨ। ਇਸ ਦੌਰਾਨ ਕਰੋਨਾਵਾਇਰਸ ਦੇ ਵਧਦੇ ਖ਼ੌਫ਼ ਦਰਮਿਆਨ ਦਿੱਲੀ ਪੁਲੀਸ ਨੇ ਸ਼ਾਹੀਨ ਬਾਗ਼ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਧਰਨਾ ਲਾਈ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਹਟਣ ਦੀ ਅਪੀਲ ਕੀਤੀ ਹੈ। ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਇਨ੍ਹਾਂ ਦਾ ਧਰਨਾ 93ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਮਹਾਮਾਰੀ ਦੀ ਪ੍ਰਵਾਹ ਕੀਤੇ ਬਿਨਾਂ ਨੌਜਵਾਨਾਂ ਤੇ ਕਾਲਜ ਵਿਦਿਆਰਥੀਆਂ ਨੇ ਇਕੱਠਾਂ ਨੂੰ ਸੰਬੋਧਨ ਕੀਤਾ। ਫੈਜ਼ ਅਹਿਮਦ ਫੈਜ਼ ਨੇ ਕਵਿਤਾਵਾਂ ਦਾ ਗਾਇਨ ਕੀਤਾ। ਇਸ ਦੌਰਾਨ ਸੀਏਏ ਖ਼ਿਲਾਫ਼ ਆਕਾਸ਼ ਗੂੰਜਾਊਂ ਨਾਅਰੇ ਲਗਾਤਾਰ ਮਾਰੇ ਜਾ ਰਹੇ ਸਨ। ਸ਼ਾਹੀਨ ਬਾਗ ਵਿੱਚ ਧਰਨੇ ’ਤੇ ਬੈਠੀ ਸੀਮਾ ਦਾ ਕਹਿਣਾ ਹੈ ਕਿ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਧਰਨਾ ਖ਼ਤਮ ਕੀਤੇ ਜਾਣ ਦੀ ਗੱਲ ਕਹਿਣ ਦੀ ਬਜਾਏ ਮੂੰਹ ’ਤੇ ਬੰਨ੍ਹਣ ਲਈ ਪੱਟੀਆਂ (ਮਾਸਕ) ਤੇ ਹੈਂਡ ਸੈਨੇਟਾਈਜ਼ਰ ਭੇਜਣੇ ਚਾਹੀਦੇ ਹਨ। ਕਨੀਜ਼ ਫਾਤਿਮਾ ਨੇ ਤਾਂ ਇੱਥੋਂ ਤੱਕ ਕਿਹਾ ਕਿ ਜੇ ਸਰਕਾਰ ਨੂੰ ਉਨ੍ਹਾਂ ਦੀ ਸੁਰੱਖਿਆ ਦੀ ਇੰਨੀ ਹੀ ਪ੍ਰਵਾਹ ਹੈ ਤਾਂ ਉਹ ਸੀਏਏ ਨੂੰ ਵਾਪਸ ਲੈ ਲਵੇ। ਉਹ ਤੁਰੰਤ ਪ੍ਰਦਰਸ਼ਨ ਖ਼ਤਮ ਕਰ ਦੇਣਗੇ।
INDIA ਵਾਇਰਸ ਦੀ ਪ੍ਰਵਾਹ ਕੀਤੇ ਬਿਨਾਂ ਸ਼ਾਹੀਨ ਬਾਗ਼ ’ਚ ਡਟੇ ਹੋਏ ਨੇ ਸੈਂਕੜੇ...