ਹੈਦਰਾਬਾਦ (ਸਮਾਜ ਵੀਕਲੀ): ਐਲਗਾਰ ਪਰਿਸ਼ਦ ਕੇਸ ਦੇ ਮੁਲਜ਼ਮ ਕਵੀ ਵਰਵਰਾ ਰਾਓ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਤੱਕ ਪਹੁੰਚ ਕਰਕੇ ਮੁੰਬਈ ਹਸਪਤਾਲ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਆਦੇਸ਼ ਦੇਣ ਦੀ ਮੰਗ ਕੀਤੀ ਹੈ ਕਿ ਊਨ੍ਹਾਂ ਦੀ ਸਿਹਤ ਬਾਰੇ ‘ਪਾਰਦਰਸ਼ੀ’ ਜਾਣਕਾਰੀ ਮੁਹੱਈਆ ਕਰਵਾਈ ਜਾਵੇ।
ਇਸ ਪਟੀਸ਼ਨ ਰਾਹੀਂ ਕਿਹਾ ਗਿਆ ਹੈ ਕਿ ਪਰਿਵਾਰ ਨੂੰ ਮਜਬੂਰ ਹੋ ਕੇ ਐੱਨਐੱਚਆਰਸੀ ਤੱਕ ਪਹੁੰਚ ਕਰਨੀ ਪਈ ਕਿਉਂਕਿ ਊਨ੍ਹਾਂ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਕਵੀ ਦੀ ਸਿਹਤ ਜਾਂ ਇਲਾਜ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਸੀ। ਊਨ੍ਹਾਂ ਕਿਹਾ, ‘‘ਅੱਜ ਅਸੀਂ ਮਜਬੂਰ ਹੋ ਕੇ ਤੁਹਾਨੂੰ ਇਹ ਪੱਤਰ ਲਿਖ ਰਹੇ ਹਾਂ ਕਿਉਂਕਿ ਸਾਨੂੰ ਨਾਨਾਵਤੀ ਹਸਪਤਾਲ ਵਿੱਚ ਚੱਲ ਰਹੇ ਊਨ੍ਹਾਂ ਦੇ ਇਲਾਜ ਅਤੇ ਸਿਹਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।
ਊਨ੍ਹਾਂ ਨੂੰ ਤਲੋਜਾ ਜੇਲ੍ਹ ਤੋਂ ਸੇਂਟ ਜੌਰਜ ਹਸਪਤਾਲ ਤੋਂ ਨਾਨਾਵਤੀ ਹਸਪਤਾਲ ਵਿੱਚ ਸ਼ਿਫਟ ਕੀਤੇ ਤੱਕ ਪਰਿਵਾਰ ਨੂੰ ਕੇਵਲ ਏਨੀ ਅਧਿਕਾਰਤ ਜਾਣਕਾਰੀ ਦਿੱਤੀ ਗਈ ਹੈ ਕਿ ਊਨ੍ਹਾਂ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ।’’ ਊਨ੍ਹਾਂ ਕਿਹਾ ਕਿ ਰਾਓ ਦੀ ਸਿਹਤ ਬਾਰੇ ਜਾਣਕਾਰੀ ਨਾ ਦੇਣਾ ਐੱਨਅੇੱਚਆਰਸੀ ਦੇ 13 ਜੁਲਾਈ ਦੇ ਊਸ ਆਦੇਸ਼ ਦੀ ਊਲੰਘਣਾ ਹੈ, ਜਿਸ ਵਿੱਚ ਜੇਲ੍ਹ ਅਧਿਕਾਰੀਆਂ ਨੂੰ ਸਪੱਸ਼ਟ ਤੌਰ ’ਤੇ ਆਦੇਸ਼ ਦਿੱਤਾ ਗਿਆ ਸੀ ਕਿ ਕਵੀ ਨੂੰ ਲੋੜੀਂਦੀ ਮੈਡੀਕਲ ਸੰਭਾਲ ਅਤੇ ਸਹਾਇਤਾ ਦਿੱਤੀ ਜਾਵੇ ਅਤੇ ਪਰਿਵਾਰ ਨੂੰ ਇਸ ਬਾਬਤ ਪੂਰੀ ਜਾਣਕਾਰੀ ਦਿੱਤੀ ਜਾਵੇ।
ਐੱਨਐੱਚਆਰਸੀ ਦੇ ਦਖ਼ਲ ਦੀ ਮੰਗ ਕਰਦਿਆਂ ਪਰਿਵਾਰ ਨੇ ਰਾਓ ਦੀ ਸਿਹਤ ਅਤੇ ਇਲਾਜ ਬਾਰੇ ਹਰ ਛੇ ਘੰਟਿਆਂ ਬਾਅਦ ਜਾਣਕਾਰੀ ਦਿੱਤੇ ਜਾਣ ਦੀ ਮੰਗ ਕੀਤੀ ਹੈ।