ਵਰਮਾ ਦੀ ‘ਜਾਸੂਸੀ’ ਕਰਦੇ ਚਾਰ ਵਿਅਕਤੀ ਕਾਬੂ

ਆਈਬੀ ਦੇ ਮੁਲਾਜ਼ਮ ਉੱਚ ਸੁਰੱਖਿਆ ਵਾਲੇ ਜ਼ੋਨ ’ਚ ਤਾਇਨਾਤ ਕੀਤੇ ਸਨ: ਗ੍ਰਹਿ ਮੰਤਰਾਲਾ

ਸੀਬੀਆਈ ’ਚ ਚੱਲ ਰਿਹਾ ਰੇੜਕਾ ਅੱਜ ਉਸ ਸਮੇਂ ਹੋਰ ਡੂੰਘਾ ਹੋ ਗਿਆ ਜਦੋਂ ਤਾਕਤਾਂ ਖੋਹ ਕੇ ਛੁੱਟੀ ’ਤੇ ਭੇਜੇ ਗਏ ਜਾਂਚ ਏਜੰਸੀ ਦੇ ਡਾਇਰੈਕਟਰ ਆਲੋਕ ਵਰਮਾ ਦੀ ਸਰਕਾਰੀ ਰਿਹਾਇਸ਼ ਦੇ ਬਾਹਰੋਂ ਚਾਰ ਵਿਅਕਤੀਆਂ ਨੂੰ ਫੜਿਆ ਗਿਆ। ਅਧਿਕਾਰੀਆਂ ਮੁਤਾਬਕ ਇਹ ਵਿਅਕਤੀ ਖ਼ੁਫ਼ੀਆ ਬਿਊਰੋ (ਆਈਬੀ) ਨਾਲ ਸਬੰਧਤ ਸਨ। ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਭਾਵੇਂ ਕਿਹਾ ਹੈ ਕਿ ਚਾਰੇ ਵਿਅਕਤੀ ਉੱਚ ਸੁਰੱਖਿਆ ਵਾਲੇ ਇਲਾਕੇ 2 ਜਨਪਥ ’ਤੇ ਆਪਣੀ ਰੁਟੀਨ ਡਿਊਟੀ ’ਤੇ ਤਾਇਨਾਤ ਸਨ। ਸੂਤਰਾਂ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੂੰ ਪੁਲੀਸ ਆਪਣੇ ਨਾਲ ਲੈ ਗਈ ਅਤੇ ਪੁੱਛ-ਗਿੱਛ ਕੀਤੀ ਗਈ ਪਰ ਡੀਸੀਪੀ (ਨਵੀਂ ਦਿੱਲੀ) ਮਧੁਰ ਵਰਮਾ ਨੇ ਉਨ੍ਹਾਂ ਨੂੰ ਹਿਰਾਸਤ ’ਚ ਲੈਣ ਅਤੇ ਪੁੱਛ-ਗਿੱਛ ਕਰਨ ਤੋਂ ਇਨਕਾਰ ਕੀਤਾ ਹੈ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਖ਼ੁਫ਼ੀਆ ਬਿਊਰੋ ਨੂੰ ਅੰਦਰੂਨੀ ਸੁਰੱਖਿਆ ਅਤੇ ਲੋਕਾਂ ’ਤੇ ਪੈਣ ਵਾਲੇ ਅਸਰ ਵਰਗ ਹਾਲਾਤ ਸਬੰਧੀ ਖ਼ੁਫ਼ੀਆ ਜਾਣਕਾਰੀ ਇਕੱਠੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ‘ਸੰਵੇਦਨਸ਼ੀਲ ਇਲਾਕਿਆਂ’ ’ਚ ਵੀ ਤਾਇਨਾਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਸਥਾਨਕ ਏਜੰਸੀਆਂ ਦੇ ਸਹਿਯੋਗ ਨਾਲ ਉਨ੍ਹਾਂ ਦੀ ਤਾਇਨਾਤੀ ਕੀਤੀ ਜਾਂਦੀ ਹੈ ਪਰ ਕਈ ਵਾਰ ਗੁੱਪ-ਚੁੱਪ ਢੰਗ ਨਾਲ ਉਨ੍ਹਾਂ ਤੋਂ ਕੰਮ ਲਿਆ ਜਾਂਦਾ ਹੈ। ਉਸ ਨੇ ਦੱਸਿਆ ਕਿ ‘ਰੂਟੀਨ ਡਿਊਟੀਆਂ’ ’ਤੇ ਹੋਣ ਕਰਕੇ ਅਜਿਹੇ ਅਧਿਕਾਰੀਆਂ ਕੋਲ ਸ਼ਨਾਖ਼ਤੀ ਪੱਤਰ ਵੀ ਹੁੰਦੇ ਹਨ। ਅਧਿਕਾਰੀ ਮੁਤਾਬਕ ਇਕ ਯੂਨਿਟ ਅੱਜ ਤੜਕੇ ਜਨਪਥ ’ਤੇ ਰੁਕਿਆ ਹੋਇਆ ਸੀ ਕਿਉਂਕਿ ਉਥੇ ਕੁਝ ਗ਼ੈਰਮਾਮੂਲੀ ਲੋਕਾਂ ਦਾ ਇਕੱਠ ਸੀ। ਅਜਿਹੇ ਸਥਾਨ ’ਤੇ ਲੋਕਾਂ ਦੇ ਇਕੱਤਰ ਹੋਣ ਦਾ ਜਾਇਜ਼ਾ ਲਿਆ ਜਾ ਰਿਹਾ ਸੀ। ਇਕ ਹੋਰ ਅਧਿਕਾਰੀ ਨੇ ਕਿਹਾ,‘‘ਇਹ ਉੱਚ ਸੁਰੱਖਿਆ ਜ਼ੋਨ ਵਾਲਾ ਇਲਾਕਾ ਹੈ ਜਿਥੇ ਕਈ ਅਹਿਮ ਹਸਤੀਆਂ ਰਹਿੰਦੀਆਂ ਹਨ। ਬਦਕਿਸਮਤੀ ਨਾਲ ਉਨ੍ਹਾਂ (ਆਈਬੀ) ਦੀ ਮੌਜੂਦਗੀ ਨੂੰ ਦੂਜੇ ਢੰਗ ਨਾਲ ਦਰਸਾਇਆ ਗਿਆ।’’ ਸੀਬੀਆਈ ਡਾਇਰੈਕਟਰ ਦੀ ਸਰਕਾਰੀ ਰਿਹਾਇਸ਼ ਲਾਗੇ ਹੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਐਨਸੀਪੀ ਮੁਖੀ ਸ਼ਰਦ ਪਵਾਰ ਵੀ ਰਹਿੰਦੇ ਹਨ। ਮਨੋਜ ਪ੍ਰਸਾਦ ਦਾ ਰਿਮਾਂਡ ਪੰਜ ਦਿਨ ਹੋਰ ਵਧਾਇਆ: ਦਿੱਲੀ ਦੀ ਅਦਾਲਤ ਨੇ ਜਾਂਚ ਏਜੰਸੀ ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਦੀ ਕਥਿਤ ਸ਼ਮੂਲੀਅਤ ਵਾਲੇ ਰਿਸ਼ਵਤਖੋਰੀ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਮਨੋਜ ਪ੍ਰਸਾਦ ਦਾ ਸੀਬੀਆਈ ਰਿਮਾਂਡ ਪੰਜ ਦਿਨਾਂ ਲਈ ਹੋਰ ਵਧਾ ਦਿੱਤਾ ਹੈ। ਸੀਬੀਆਈ ਦੇ ਵਿਸ਼ੇਸ਼ ਜੱਜ ਸੰਤੋਸ਼ ਸਨੇਹੀ ਮਾਨ ਨੇ ਵਿਚੋਲੇ ਪ੍ਰਸਾਦ ਦੀ ਹਿਰਾਸਤੀ ਪੁੱਛ-ਗਿੱਛ ਦੀ ਜਾਂਚ ਏਜੰਸੀ ਵੱਲੋਂ ਕੀਤੀ ਗਈ ਮੰਗ ਨੂੰ ਸਵੀਕਾਰ ਕਰ ਲਿਆ। ਸਵਾਮੀ ਵੱਲੋਂ ਵਰਮਾ ਦੀ ਵਕਾਲਤ: ਭਾਜਪਾ ਦੇ ਸੰਸਦ ਮੈਂਬਰ ਸੁਬਰਾਮਣੀਅਨ ਸਵਾਮੀ ਨੇ ਅਹਿਮਦਾਬਾਦ ’ਚ ਕਿਹਾ ਕਿ ਸੀਬੀਆਈ ਡਾਇਰੈਕਟਰ ਆਲੋਕ ਵਰਮਾ ਭ੍ਰਿਸ਼ਟਾਚਾਰ ’ਤੇ ਨਕੇਲ ਕਸਣ ਲਈ ਚੰਗਾ ਕੰਮ ਕਰ ਰਹੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਕਿ ਉਹ ਵਰਮਾ ਖ਼ਿਲਾਫ਼ ਕੀਤੀ ਕਾਰਵਾਈ ਬਾਰੇ ਵਿਚਾਰ ਕਰਨ। ਸ੍ਰੀ ਸਵਾਮੀ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ’ਤੇ ਪੂਰਾ ਭਰੋਸਾ ਹੈ ਪਰ ਉਨ੍ਹਾਂ ਨੇੜਲੇ ਕੁਝ ਵਿਅਕਤੀ ਮੋਦੀ ਅਤੇ ਭਾਜਪਾ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ।

Previous articleAbe arrives in Beijing
Next articleਰਾਫਾਲ ਜਾਂਚ ਦੇ ਡਰੋਂ ਸੀਬੀਆਈ ਮੁਖੀ ਨੂੰ ਹਟਾਇਆ: ਰਾਹੁਲ