ਪੰਜਾਬ ਨੂੰ ਪਹਿਲਾਂ ਦੇਰ ਨਾਲ ਮਿਲੇ ਸਨ ਪ੍ਰਵਾਨਗੀ ਦੇ ਆਦੇਸ਼
ਪੰਜਾਬ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਤਿੰਨ ਮੰਤਰੀਆਂ ਤੇ ਕੁਝ ਵਿਧਾਇਕਾਂ ਦੀ ਅਗਵਾਈ ਵਾਲਾ ਵਫ਼ਦ ਪਾਕਿਸਤਾਨ ਭੇਜਣ ਸਬੰਧੀ ਅੱਜ ਮੁੜ ਕੇਂਦਰ ਸਰਕਾਰ ਤੋਂ ਇਜਾਜ਼ਤ ਦਿੱਤੇ ਜਾਣ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਪਹਿਲਾਂ ਵੀ ਤਿੰਨ ਕੈਬਨਿਟ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਤੇ ਓ.ਪੀ. ਸੋਨੀ ਅਤੇ ਕੁਝ ਵਿਧਾਇਕਾਂ ਦੀ ਅਗਵਾਈ ਹੇਠ ਵਫ਼ਦ ਪਾਕਿਸਤਾਨ ਭੇਜਣ ਦੀ ਤਜਵੀਜ਼ ਕੇਂਦਰ ਸਰਕਾਰ ਨੂੰ ਭੇਜੀ ਸੀ, ਜਿਸ ਨੂੰ ਕੇਂਦਰ ਨੇ ਸਹਿਮਤੀ ਦੇ ਦਿੱਤੀ ਸੀ। ਪੰਜਾਬ ਸਰਕਾਰ ਨੂੰ ਪ੍ਰਵਾਨਗੀ ਦੇ ਆਦੇਸ਼ ਦੇਰੀ ਨਾਲ ਮਿਲੇ ਹਨ ਅਤੇ ਇਹ 29 ਅਗਸਤ ਤੱਕ ਦੇ ਹਨ। ਇਸ ਕਰਕੇ ਵਫ਼ਦ ਭੇਜਣ ਦਾ ਮਾਮਲਾ ਹਾਲ ਦੀ ਘੜੀ ਲਟਕ ਗਿਆ ਹੈ। ਸੂਤਰਾਂ ਅਨੁਸਾਰ ਜੰਮੂ ਕਸ਼ਮੀਰ ਦੇ ਮਾਮਲੇ ’ਤੇ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਠੀਕ ਨਾ ਹੋਣ ਕਰਕੇ ਦੇਰੀ ਹੋ ਰਹੀ ਹੈ। ਉਂਜ ਵੀ ਇਸ ਸਥਿਤੀ ਵਿਚ ਵਫ਼ਦ ਭੇਜਣ ਦੇ ਮਾਮਲੇ ਸਬੰਧੀ ਇਤਫ਼ਾਕ ਰਾਇ ਨਹੀਂ ਹੈ। ਤਣਾਅ ਦੇ ਬਾਵਜੂਦ ਦੋਵੇਂ ਦੇਸ਼ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਵਚਨਬੱਧ ਹਨ। ਪੰਜਾਬ ਸਰਕਾਰ ਨੇ ਹੁਣ ਮੁੜ ਕੇਂਦਰ ਸਰਕਾਰ ਨੂੰ ਪ੍ਰਵਾਨਗੀ ਦੇਣ ਲਈ ਕਿਹਾ ਹੈ।