ਭਾਰਤ ਤੇ ਪਾਕਿ ਕਸ਼ਮੀਰ ਮਸਲੇ ’ਤੇ ਤਲਖ਼ੀ ਨਾ ਵਧਾਉਣ: ਗੁਟੇਰੇਜ਼

ਸੰਯੁਕਤ ਰਾਸ਼ਟਰ ਦੇ ਮੁਖੀ ਨੇ ਦੋਵਾਂ ਮੁਲਕਾਂ ਨੂੰ ਦਿੱਤੀ ਸੀ ਸਲਾਹ

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਲੰਘੇ ਦਿਨ ਫਰਾਂਸ ਦੇ ਸ਼ਹਿਰ ਬਿਆਰਿਜ਼ ਵਿੱਚ ਜੀ-7 ਸਿਖਰ ਵਾਰਤਾ ਤੋਂ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੀਟਿੰਗ ਦੌਰਾਨ ਸਾਰੀਆਂ ਸਬੰਧਤ ਧਿਰਾਂ (ਭਾਰਤ ਤੇ ਪਾਕਿਸਤਾਨ) ਨੂੰ ਅਪੀਲ ਕੀਤੀ ਕਿ ਉਹ ਕਸ਼ਮੀਰ ਮਸਲੇ ’ਤੇ ਤਲਖੀ ਵਧਾਉਣ ਤੋਂ ਗੁਰੇਜ਼ ਕਰਨ। ਯੂਐੱਨ ਮੁਖੀ ਦੇ ਤਰਜਮਾਨ ਸਟੀਫਨ ਦੁਜਾਰਿਕ ਨੇ ਪੱਤਰਕਾਰਾਂ ਨੂੰ ਮੀਟਿੰਗ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਕਿਹਾ ਕਿ ਦੋਵਾਂ ਆਗੂਆਂ ਦਰਮਿਆਨ ਵਾਤਾਵਰਨ ਤਬਦੀਲੀ ਦੇ ਮੁੱਦੇ ਨੂੰ ਲੈ ਕੇ ਲੰਮੀ ਮੀਟਿੰਗ ਹੋਈ ਤੇ ਇਸ ਮੌਕੇ ਸਾਰਥਕ ਵਿਚਾਰ ਚਰਚਾ ਹੋਈ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਸ ਮੌਕੇ ਕਸ਼ਮੀਰ ਮਸਲੇ ’ਤੇ ਵੀ ਚਰਚਾ ਹੋਈ।
ਉਧਰ ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਬਿਆਰਿਜ਼ ਵਿੱਚ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਉਪਰੋਕਤ ਮੀਟਿੰਗ ਦੌਰਾਨ ਕਸ਼ਮੀਰ ਮਸਲੇ ਬਾਰੇ ਥੋੜ੍ਹੀ ਬਹੁਤ ਹੀ ਚਰਚਾ ਹੋਈ। ਗੋਖਲੇ ਨੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ, ‘ਪ੍ਰਧਾਨ ਮੰਤਰੀ ਨੇ ਕਸ਼ਮੀਰ ਮਸਲੇ ਬਾਰੇ ਭਾਰਤ ਦੀ ਸਥਿਤੀ ਸਪਸ਼ਟ ਕਰਦਿਆਂ ਸਾਫ਼ ਕਰ ਦਿੱਤਾ ਕਿ ਧਾਰਾ 370 ਨੂੰ ਮਨਸੂਖ਼ ਕਰਨਾ ਭਾਰਤ ਦਾ ਅੰਦਰੂਨੀ ਮਸਲਾ ਹੈ ਤੇ ਇਹ ਕਾਰਵਾਈ ਸੰਵਿਧਾਨ ਤਹਿਤ ਹੀ ਕੀਤੀ ਗਈ ਹੈ।’ ਸ੍ਰੀ ਗੋਖਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਗੁਟੇਰੇਜ਼ ਨੂੰ ਦੱਸਿਆ ਕਿ ਜੰਮੂ ਤੇ ਕਸ਼ਮੀਰ ਵਿੱਚ ਹੌਲੀ ਹੌਲੀ ਹਾਲਾਤ ਆਮ ਵਾਂਗ ਹੋ ਰਹੇ ਹਨ ਤੇ ਉਥੇ ਆਇਦ ਪਾਬੰਦੀਆਂ ’ਚ ਪੜਾਅਵਾਰ ਢਿੱਲ ਦਿੱਤੀ ਜਾ ਰਹੀ ਹੈ ਜਾਂ ਫਿਰ ਇਨ੍ਹਾਂ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਰਿਹੈ। ਧਾਰਾ 370 ਤਹਿਤ ਜੰਮੂ ਤੇ ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਮਗਰੋਂ ਇਹ ਦੋਵਾਂ ਆਗੂਆਂ ਵਿਚਾਲੇ ਪਲੇਠੀ ਮੀਟਿੰਗ ਸੀ।

Previous articleਚਿਦੰਬਰਮ ਦੀ ਗ੍ਰਿਫ਼ਤਾਰੀ ’ਤੇ ਰੋਕ ਅੱਜ ਤੱਕ ਵਧੀ
Next articleਵਫ਼ਦ ਪਾਕਿ ਭੇਜਣ ਲਈ ਕੇਂਦਰ ਤੋਂ ਮੁੜ ਆਗਿਆ ਮੰਗੀ