ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ): ਵਧੀਕ ਡਿਪਟੀ ਕਮਿਸ਼ਨਰ (ਜ), ਫਗਵਾੜਾ ਸ੍ਰੀ ਰਾਜੀਵ ਵਰਮਾ ਵਲੋਂ ਅੱਜ ਕੋਵਿਡ-19 ਦੀ ਵੈਕਸੀਨੇਸ਼ਨ ਸਬੰਧੀ ਮੀਟਿੰਗ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਵਿਚ ਡਾ: ਮੀਨੂੰ ਟੰਡਨ ਐਸ.ਐਮ.ਓ. ਈ.ਐਸ.ਆਈ., ਫਗਵਾੜਾ, ਡਾ: ਨਰੇਸ਼ ਕੰਦਰਾ, ਡਾ: ਸੁਖਵਿੰਦਰ ਪਾਲ, ਡਾ: ਅੰਕੁਸ਼ ਅਗਰਵਾਲ, ਡਾ: ਕਾਂਤਾ ਦੇਵੀ ਐਸ.ਐਮ.ਓ. ਸੀ.ਐਚ.ਸੀ. ਪਾਂਸ਼ਟ ਅਤੇ ਡਾ: ਸੁਮਨਦੀਪ ਸਿੰਘ ਆਦਿ ਹਾਜ਼ਰ ਸਨ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਰਮਾ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਤਰਫੋਂ ਕੋਵਿਡ-19 ਦਾ ਟੀਕਾ ਜਲਦ ਹੀ ਜਾਰੀ ਕੀਤਾ ਜਾ ਰਿਹਾ ਹੈ, ਜਿਸ ਦੇ ਜਨਵਰੀ 2021 ਦੇ ਪਹਿਲੇ ਹਫਤੇ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਤਰਫੋਂ ਇਸ ਟੀਕੇ ਦੀ ਵੈਕਸੀਨੇਸ਼ਨ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਨਾਲ-ਨਾਲ ਸਿਹਤ ਵਿਭਾਗ ਦੇ ਡਾਕਟਰਾਂ/ਅਮਲੇ ਦੀਆਂ ਟਾਸਕ ਫੋਰਸਾਂ ਦਾ ਗਠਨ ਕੀਤਾ ਜਾ ਚੁੱਕਾ ਹੈ। ਉਹਨਾਂ ਦੱਸਿਆ ਕਿ ਕੋਵਿਡ-19 ਦੇ ਟੀਕੇ ਸਬੰਧੀ ਸਿਹਤ ਵਿਭਾਗ ਦੇ ਡਾਕਟਰਜ਼, ਟੀਕੇ ਨੂੰ ਸਟੋਰ/ਫਰੀਜ ਕਰਨ, ਟੀਕੇ ਦੀ ਵਰਤੋਂ ਕਰਨ ਬਾਰੇ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ, ਮਾਪਦੰਡਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕੀਤੀ ਜਾਣੀ ਯਕੀਨੀ ਬਣਾਈ ਜਾਵੇ।
ਉਹਨਾਂ ਕਿਹਾ ਕਿ ਇਸ ਟੀਕੇ ਦੀ ਵੈਕਸੀਨੇਸ਼ਨ ਕਰਨ ਲਈ ਹੈਲਥ ਕੇਅਰ ਵਰਕਰ, ਸੁਰੱਖਿਆ ਅਮਲੇ ਆਦਿ ਅਤੇ ਵੈਕਸੀਨੇਸ਼ਨ ਵਾਲੇ ਸਥਾਨਾਂ/ਸਰਕਾਰੀ- ਪ੍ਰਾਈਵੇਟ ਹਸਪਤਾਲਾਂ/ਸਕੂਲ ਜਾਂ ਸਾਂਝੀਆਂ ਜਗਾ ਆਦਿ ਦੀ ਸ਼ਨਾਖਤ ਸਮਾਂ ਰਹਿੰਦੇ ਪਹਿਲਾਂ ਹੀ ਕਰ ਲਈ ਜਾਵੇ । ਇਸ ਤੋਂ ਇਲਾਵਾ ਜਿਹਨਾਂ ਟੀਮਾਂ/ ਅਮਲੇ ਨੂੰ ਵੈਕਸੀਨੇਸ਼ਨ ਦੇ ਕੰਮ ਵਾਸਤੇ ਲਗਾਇਆ ਜਾਣਾ ਹੈ, ਉਸ ਦਾ ਵੀ ਵਰਕ-ਆਊਟ ਸਮੇਂ ਸਿਰ ਮੁਕੰਮਲ ਕਰ ਲਿਆ ਜਾਵੇ। ਉਨਾਂ ਸਪੱਸ਼ਟ ਕੀਤਾ ਕਿ ਵੈਕਸੀਨੇਸ਼ਨ ਵੇਲੇ ਜੇਕਰ ਉਹਨਾਂ ਨੂੰ ਸੁਰੱਖਿਆ ਅਮਲੇ ਦੀ ਲੋੜ ਪੈਂਦੀ ਹੈ ਤਾਂ ਉਹ ਵੀ ਉਪਲਬਧ ਕਰਵਾਈ ਜਾਵੇਗੀ।
ਮੀਟਿੰਗ ਦੌਰਾਨ ਸਿਵਲ ਹਸਪਤਾਲ, ਫਗਵਾੜਾ ਅਤੇ ਸੀ.ਐਚ.ਸੀ. ਪਾਂਸ਼ਟਾ ਦੇ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਵਲੋਂ ਆਪਣੇ-ਆਪਣੇ ਅਧੀਨ ਆਉਂਦੇ ਖੇਤਰ ਵਿਚ ਵੈਕਸੀਨੇਸ਼ਨ ਲਈ ਆਸ਼ਾ ਵਰਕਰਾਂ/ਆਂਗਣਵਾੜੀ ਵਰਕਰਾਂ ਪਾਸੋਂ ਬਣਦਾ ਸਹਿਯੋਗ ਪ੍ਰਾਪਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਫਗਵਾੜਾ ਦੇ ਦਿਹਾਤੀ ਖੇਤਰ ਵਿਚ ਵੀ ਆਉਂਦੀਆਂ ਡਿਸਪੈਂਸਰੀਆਂ ਆਦਿ ਵਿਚ ਵੈਕਸੀਨੇਸ਼ਨ ਦਾ ਉਚਿਤ ਪ੍ਰਬੰਧ ਸਮੇਂ-ਸਿਰ ਮੁਕੰਮਲ ਕਰ ਲਿਆ ਜਾਵੇਗਾ।