5700 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ; ਕਈ ਰੇਲਾਂ ਰੱਦ
ਵਡੋਦਰਾ ਸ਼ਹਿਰ ਤੇ ਲਾਗਲੇ ਖੇਤਰਾਂ ਵਿਚ ਅੱਜ ਭਾਰੀ ਮੀਂਹ ਪੈਣ ਕਾਰਨ 5 ਮੌਤਾਂ ਹੋ ਗਈਆਂ। ਇਨ੍ਹਾਂ ਖੇਤਰਾਂ ਵਿਚ ਹੜ੍ਹ ਵਰਗੇ ਹਾਲਾਤ ਹੋਣ ਕਾਰਨ 5700 ਲੋਕਾਂ ਨੂੰ ਪਾਣੀ ਤੋਂ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਇਥੇ ਪਿਛਲੇ ਚੌਵੀ ਘੰਟਿਆਂ ਵਿਚ ਹੀ 500 ਐਮ ਐਮ ਮੀਂਹ ਪਿਆ। 31 ਜੁਲਾਈ ਨੂੰ ਪਾਣੀ ਜਮ੍ਹਾਂ ਹੋਣ ਕਾਰਨ ਵਡੋਦਰਾ ਦਾ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਸੀ। ਇਸ ਦੌਰਾਨ ਕਈ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਤੇ ਕਈਆਂ ਦੇ ਰੂਟ ਬਦਲ ਦਿੱਤੇ ਗਏ ਹਨ। ਮੁੱਖ ਮੰਤਰੀ ਵਿਜੇ ਰੂਪਾਨੀ ਨੇ ਦੱਸਿਆ ਕਿ ਵਡੋਦਰਾ ਵਿਚ ਦੀਵਾਰ ਡਿੱਗਣ ਕਾਰਨ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਵਿਸ਼ਵਾਮਿੱਤਰਾ ਨਦੀ ਵਿਚ ਵਾਧੂ ਪਾਣੀ ਲਾਗਲੇ ਖੇਤਰ ਵਿਚ ਦਾਖਲ ਹੋ ਗਿਆ ਸੀ ਜਿਸ ਕਾਰਨ ਕਈ ਮਗਰਮੱਛ ਵੀ ਰਿਹਾਇਸ਼ੀ ਖੇਤਰਾਂ ਵਿਚ ਪੁੱਜ ਗਏ ਸਨ। ਲਗਾਤਾਰ ਮੀਂਹ ਪੈਣ ਕਾਰਨ ਤੇ ਵਿਸ਼ਵਾਮਿੱਤਰਾ ਨਦੀ ਦਾ ਪਾਣੀ ਓਵਰਫਲੋਅ ਹੋਣ ਕਾਰਨ ਇਹ ਖੇਤਰ ਪਾਣੀ ਦੀ ਮਾਰ ਹੇਠ ਆ ਗਿਆ ਹੈ। ਇਸ ਮੌਕੇ ਪ੍ਰਸ਼ਾਸਨ ਨੇ 75000 ਭੋਜਨ ਦੇ ਪੈਕੇਟ ਵੰਡੇ ਤੇ ਹੋਰ ਇਕ ਲੱਖ ਪੈਕੇਟਾਂ ਦਾ ਪ੍ਰਬੰਧ ਕਰ ਲਿਆ ਗਿਆ ਹੈ।