ਨਵੀਂ ਦਿੱਲੀ/ ਪੇਈਚਿੰਗ (ਸਮਾਜਵੀਕਲੀ) : ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ (ਐੱਮਈਏ) ਨੇ ਦੱਸਿਆ ਕਿ ਭਾਰਤ ਅਤੇ ਚੀਨ ਵਿਚਾਲੇ ਅੱਜ ਪੂਰਬੀ ਲੱਦਾਖ ਵਿੱਚ ਤਣਾਅ ਵਾਲੇ ਖੇਤਰਾਂ ਵਿੱਚ ਪਿੱਛੇ ਹਟਣ ਸਬੰਧੀ ਪਹਿਲਾਂ ਕੀਤੇ ਸਮਝੌਤੇ ਨੂੰ ਤੇਜ਼ੀ ਨਾਲ ਲਾਗੂ ਕਾਰਨ ’ਤੇ ਸਹਿਮਤੀ ਬਣੀ ਹੈ ਤਾਂ ਜੋ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤੇ ਸਥਿਰਤਾ ਬਣੀ ਰਹੇ।
ਵੀਡੀਓ ਕਾਨਫਰੰਸ ਜ਼ਰੀਏ ਦੋਵਾਂ ਧਿਰਾਂ ਵਿਚਾਲੇ ਹੋਈ ਕੂਟਨੀਤਕ ਗੱਲਬਾਤ ਵਿੱਚ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ’ਤੇ ਤਣਾਅ ਘਟਾਊਣ ਦੇ ਹੱਲ ਲੱਭਣ ਸਬੰਧੀ ਚਰਚਾ ਹੋਈ। ਮੰਤਰਾਲੇ ਨੇ ਕਿਹਾ ਕਿ ਖੇਤਰ ਵਿਚਲੀ ਸਥਿਤੀ ਬਾਰੇ ਵਿਸਥਾਰ ਵਿੱਚ ਚਰਚਾ ਹੋਈ ਅਤੇ ਭਾਰਤ ਨੇ ਗਲਵਾਨ ਵਾਦੀ ਦੀਆਂ ਹਿੰਸਕ ਝੜਪਾਂ ਸਬੰਧੀ ਆਪਣੀਆਂ ਚਿੰਤਾਵਾਂ ਦੱਸੀਆਂ।
ਮੰਤਰਾਲੇ ਨੇ ਬਿਆਨ ਰਾਹੀਂ ਕਿਹਾ ‘‘ਇਸ ਸਬੰਧ ਵਿੱਚ ਇਹ ਜ਼ੋਰ ਦਿੱਤਾ ਗਿਆ ਕਿ ਦੋਵੇਂ ਧਿਰਾਂ ਨੂੰ ਅਸਲ ਕੰਟਰੋਲ ਰੇਖਾ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ।’’ ਇਹ ਗੱਲਬਾਤ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਜੁਆਇੰਟ ਸਕੱਤਰ (ਪੂਰਬੀ ੲੇਸ਼ੀਆ) ਨਵੀਨ ਸ੍ਰੀਵਾਸਤਵ ਅਤੇ ਚੀਨ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਡਾਇਰੈਕਟਰ ਜਨਰਲ ਵੂ ਜੀਆਨਗੋ ਵਿਚਾਲੇ ਹੋਈ।
ਇਸ ਦੌਰਾਨ, ਚੀਨ ਦੇ ਵਿਦੇਸ਼ ਮੰਤਰੀ ਨੇ ਅੱਜ ਕਿਹਾ ਕਿ ਭਾਰਤ-ਚੀਨ ਸਰਹੱਦ ’ਤੇ ਸ਼ਾਂਤੀ ਅਤੇ ਸਥਿਰਤਾ ਬਣਾਏ ਰੱਖਣਾ ਦੋਵੇਂ ਮੁਲਕਾਂ ਦੇ ਸਾਂਝੇ ਹਿੱਤ ਵਿੱਚ ਹੈ ਅਤੇ ਇਸ ਲਈ ਸਾਂਝੇ ਯਤਨਾਂ ਦੀ ਲੋੜ ਹੈ। ਊਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਤੇ ਚੀਨ ਦੋਵੇਂ ਇੱਕ-ਦੂਜੇ ਦੇ ਮਹੱਤਵਪੂਰਨ ਗੁਆਂਢੀ ਹਨ। ਦੂਜੇ ਪਾਸੇ, ਵੱਖਰੇ ਬਿਆਨਾਂ ਰਾਹੀਂ ਚੀਨ ਦੇ ਵਿਦੇਸ਼ ਅਤੇ ਰੱਖਿਆ ਮੰਤਰਾਲਿਆਂ ਨੇ ਪੇਈਚਿੰਗ ਦਾ ਸਟੈਂਡ ਦੁਹਰਾਉਂਦਿਆਂ ਕਿਹਾ ਕਿ ਪੂਰਬੀ ਲੱਦਾਖ ਵਿੱਚ 15 ਜੂਨ ਦੀਆਂ ਹਿੰਸਕ ਝੜਪਾਂ ਲਈ ਭਾਰਤ ਜ਼ਿੰਮੇਵਾਰ ਸੀ।
ਰੱਖਿਆ ਮੰਤਰਾਲੇ ਦੇ ਤਰਜਮਾਨ ਕਰਨਲ ਵੂ ਕਿਆਨ ਨੇ ਕਿਹਾ ਕਿ ਦੋਵਾਂ ਰੱਖਿਆ ਮੰਤਰੀਆਂ ਵਿਚਾਲੇ ਫੋਨ ’ਤੇ ਗੱਲਬਾਤ ਜਾਰੀ ਹੈ। ਊਨ੍ਹਾਂ ਆਸ ਪ੍ਰਗਟਾਈ ਕਿ ਦੋਵੇਂ ਮੁਲਕ ਫਿਰ ਮਿਲਣਗੇ ਅਤੇ ਆਗੂਆਂ ਵਿਚਾਲੇ ਬਣੀ ਸਹਿਮਤੀ ਲਾਗੂ ਕਰਨਗੇ, ਸਮਝੌਤੇ ਦੀ ਸਖ਼ਤੀ ਨਾਲ ਪਾਲਣਾ ਕਰਨਗੇ ਅਤੇ ਢੁਕਵੇਂ ਮੁੱਦਿਆਂ ਨੂੰ ਹਰ ਪੱਧਰ ’ਤੇ ਗੱਲਬਾਤ ਜ਼ਰੀਏ ਹੱਲ ਕਰਦੇ ਰਹਿਣਗੇ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਝਾਓ ਲਿਜੀਅਾਨ ਨੇ ਕਿਹਾ ਕਿ ਦੋਵੇਂ ਮੁਲਕ ਕਮਾਂਡਰ ਪੱਧਰ ’ਤੇ ਬਣੀ ਸਹਿਮਤੀ ’ਤੇ ਕਾਇਮ ਰਹਿਣਗੇ ਅਤੇ ਜਿੰਨੀ ਛੇਤੀ ਹੋ ਸਕੇ ਹਾਲਾਤ ਠੀਕ ਕਰਨਗੇ।