ਨਵੀਂ ਦਿੱਲੀ – ਪਾਕਿਸਤਾਨ ਨਾਲ ਤਣਾਅ ਵਿਚਾਲੇ ਬੁੱਧਵਾਰ ਲੱਦਾਖ ਬਾਰਡਰ ‘ਤੇ ਭਾਰਤ ਤੇ ਚੀਨੀ ਫ਼ੌਜੀਆਂ ਵਿਚਾਲੇ ਝੜਪ ਹੋ ਗਈ। ਸਮਾਚਾਰ ਏਜੰਸੀ ਏਐੱਨਆਈ ਨੇ ਭਾਰਤੀ ਫ਼ੌਜ ਦੇ ਹਵਾਲੇ ਨਾਲ ਟਵੀਟ ਕਰਦੇ ਹੋਏ ਦੱਸਿਆ ਕਿ ਪੈਂਗੋਂਗ ਝੀਲ ਦੇ ਉੱਤਰੀ ਕਿਨਾਰੇ ਨੇੜੇ ਦੋਵਾਂ ਦੇਸ਼ਾਂ ਦੇ ਜਵਾਨਾਂ ਦਾ ਆਹਮਾ-ਸਾਹਮਣਾ ਹੋ ਗਿਆ। ਇਸ ਝੀਲ ਦਾ ਇਕ ਤਿਹਾਈ ਹਿੱਸਾ ਚੀਨ ਦੇ ਕੰਟਰੋਲ ‘ਚ ਹੈ।
ਜਾਣਕਾਰੀ ਅਨੁਸਾਰ ਕਾਫ਼ੀ ਦੇਰ ਤਕ ਦੋਵਾਂ ਦੇਸ਼ਾਂ ਦੇ ਜਵਾਨਾਂ ਵਿਚਾਲੇ ਧੱਕਾ-ਮੁੱਕੀ ਹੁੰਦੀ ਰਹੀ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਫ਼ੌਜ ਗਸ਼ਤ ਕਰ ਰਹੀ ਸੀ ਤੇ ਉਦੋਂ ਹੀ ਉਨ੍ਹਾਂ ਦਾ ਸਾਹਮਣਾ ਚੀਨੀ ਫ਼ੌਜ ਨਾਲ ਹੋ ਗਿਆ। ਚੀਨੀ ਫ਼ੌਜੀਆਂ ਨੇ ਭਾਰਤੀ ਜਵਾਨਾਂ ਦੀ ਮੌਜੂਦਗੀ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਦੋਵਾਂ ਧਿਰਾਂ ‘ਚ ਝੜਪ ਹੋ ਗਈ। ਦੋਵਾਂ ਦੇਸ਼ਾਂ ਵੱਲੋਂ ਇਲਾਕੇ ‘ਚ ਫ਼ੌਜ ਦੀ ਗਿਣਤੀ ਵਧਾ ਦਿੱਤੀ ਹੈ। ਵਫ਼ਦ ਪੱਧਰ ਦੀ ਬੈਠਕ ਤੋਂ ਬਾਅਦ ਦੋਵਾਂ ਮੁਲਕਾਂ ਦੇ ਜਵਾਨਾਂ ਵਿਚਾਲੇ ਇਹ ਸੰਘਰਸ਼ ਸ਼ਾਂਤ ਹੋਇਆ।