ਲੱਦਾਖ ਝੜਪ: ਚੀਨ ਨੇ ਭਾਰਤ ਦੇ ਦੋ ਅਫਸਰਾਂ ਸਣੇ ਦਸ ਜਵਾਨ ਰਿਹਾਅ ਕੀਤੇ

ਨਵੀਂ ਦਿੱਲੀ (ਸਮਾਜਵੀਕਲੀ):  ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਨਾਲ ਹੋਏ ਘਾਤਕ ਟਕਰਾਅ ਬਾਅਦ ‘ਲਾਪਤਾ’ ਹੋਏ ਦੋ ਅਫਸਰਾਂ ਸਮੇਤ ਦਸ ਫ਼ੌਜੀਆਂ ਨੂੰ ਵੀਰਵਾਰ ਦੇਰ ਸ਼ਾਮ ਦੋਵਾਂ ਮੁਲਕਾਂ ਦੇ ਮੇਜਰ ਜਨਰਲ ਪੱਧਰ ਦੀ ਬੈਠਕ ਤੋਂ ਬਾਅਦ ਚੀਨ ਨੇ ਰਿਹਾਅ ਕਰ ਦਿੱਤਾ ਹੈ।

ਸੂਤਰਾਂ ਨੇ ਦੱਸਿਆ ਕਿ ਸਾਡੇ ਉਹ ਦਸ ਜਵਾਨ ਵਾਪਸ ਆ ਗਏ ਸਨ, ਜੋ ਲਾਪਤਾ ਹੋ ਗਏ ਸਨ ਜਾਂ ਚੀਨ ਨੇ ਹਿਰਾਸਤ ਵਿੱਚ ਲੈ ਲਏ ਸਨ ਜਾਂ ਗਲਵਾਨ ਵੈਲੀ ਵਿੱਚ ਦੁਸ਼ਮਣ ਦੇ ਇਲਾਕੇ ਵਿੱਚ ਸਨ। ਲੱਦਾਖ ਦੀ ਗਲਵਾਨ ਵੈਲੀ ਵਿਖੇ ਸੋਮਵਾਰ ਦੀ ਰਾਤ ਨੂੰ ਹੋਏ ਭਿਆਨਕ ਟਕਰਾਅ ਵਿਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ ਤੇ ਕਰੀਬ 76 ਫ਼ੌਜੀ ਜ਼ਖਮੀ ਹੋਏ ਹਨ। ਜ਼ਖਮੀਆਂ ਵਿਚ 18 ਦੀ ਹਾਲਤ ਗੰਭੀਰ ਹੈ ਜਦਕਿ 58 ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਚੀਨੀ ਫੌਜੀਆਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਹਨ ਪਰ ਇਨ੍ਹਾਂ ਦੀ ਗਿਣਤੀ ਨਹੀਂ ਦੱਸੀ ਗਈ। ਦੁਸ਼ਮਣ ਨਾਲ ਝੜਪ ਤੋਂ ਬਾਅਦ ਭਾਰਤੀ ਫੌਜ ਨੇ ਆਪਣੇ ਜਵਾਨਾਂ ਦੀ ਗਿਣਤੀ ਕੀਤੀ ਸੀ ਤੇ ਕੁੱਝ ਲਾਪਤਾ ਸਨ। ਹਾਲੇ ਤੱਕ ਫੌਜ ਜਾਂ ਸਰਕਾਰ ਵੱਲੋਂ ਫੌਜੀਆਂ ਦੀ ਰਿਹਾਈ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਸੂਤਰਾਂ ਨੇ ਦੱਸਿਆ ਕਿ ਲੇਹ ਦੇ ਇਕ ਹਸਪਤਾਲ ਵਿਚ 18 ਜਵਾਨ ਜ਼ੇਰੇ ਇਲਾਜ ਹਨ, ਜਦੋਂਕਿ 58 ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।

Previous articleUK-France partnership crucial in overcoming pandemic; Johnson, Macron
Next articleਰਿਲਾਇੰਸ ਇੰਡਸਟਰੀਜ਼ ਕਰਜ਼ ਮੁਕਤ; ਦੋ ਮਹੀਨਿਆਂ ’ਚ ਜੁਟਾਏ 1.69 ਲੱਖ ਕਰੋੜ