ਇਟਲੀ ਸਰਕਾਰ ਕਰੋਨਾਵਾਇਰਸ ਦੀਆਂ ਪਾਬੰਦੀਆਂ ਜਾਰੀ ਰੱਖਣ ਦੇ ਰੌਂਅ ’ਚ

ਮਿਲਾਨ (ਸਮਾਜ ਵੀਕਲੀ) : ਭਾਵੇਂ ਇਟਲੀ ਵਿੱਚ ਕਰੋਨਾਵਾਇਰਸ ਦੇ ਕੇਸ ਅਕਤੂਬਰ-ਨਵੰਬਰ ਤੋਂ ਕਾਫੀ ਘੱਟ ਆ ਰਹੇ ਹਨ, ਪਰ ਸਰਕਾਰ ਹਾਲੇ ਵੀ ਕਰੋਨਾਵਾਇਰਸ ਸਬੰਧੀ ਪਾਬੰਦੀਆਂ ਜਾਰੀ ਰੱਖਣ ਲਈ ਅਗਲੇ ਕਾਨੂੰਨਾਂ ’ਤੇ ਵਿਚਾਰ ਕਰ ਰਹੀ ਹੈ ਹਾਲਾਂਕਿ 27 ਦਸੰਬਰ ਤੋਂ ਇਟਲੀ ਵਿੱਚ ਕਰੋਨਾਵਾਇਰਸ ਦਾ ਟੀਕਾਕਰਨ ਸ਼ੁਰੂ ਹੋ ਚੁੱਕਾ ਹੈ।

ਇਟਲੀ ਦੇ ਸਿਹਤ ਮੰਤਰੀ ਰੌਬੇਰਤੋ ਸੰਪਰੇਂਜ਼ਾ ਨੇ ਬੀਤੇ ਦਿਨ ਕਿਹਾ ਕਿ ਇਟਲੀ ਵਿੱਚ ਕਰੋਨਾਵਾਇਰਸ ਨੂੰ ਕੰਟਰੋਲ ਕਰਨ ਲਈ ਅਜੇ ਵੀ ਪਾਬੰਦੀਆਂ ਦੀ ਲੋੜ ਹੈ। ਸੂਤਰਾਂ ਅਨੁਸਾਰ ਅਗਲੇ ਹਫ਼ਤੇ ਅਮਲ ਵਿੱਚ ਆਉਣ ਵਾਲੀਆਂ ਪਾਬੰਦੀਆਂ ਦੀ ਨਵੀਂ ਪ੍ਰਣਾਲੀ ਬਾਰੇ ਵਿਚਾਰ ਵਟਾਂਦਰੇ ਲਈ ਸਿਹਤ ਮੰਤਰੀ ਸਪਰੇਂਜ਼ਾ ਨੇ ਸੂਬਿਆਂ ਦੀਆਂ ਸਰਕਾਰਾਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਟੀਕਾ ਇੱਕ ਉਮੀਦ ਹੈ ਪਰ ਕਰੋਨਾ ਦੀ ਲਾਗ ਦੇ ਵਾਧੇ ਨੂੰ ਰੋਕਣ ਲਈ ਇਸ ਸਬੰਧੀ ਬਣਾਏ ਨਿਯਮਾਂ ਦੀ ਵੀ ਸਖ਼ਤ ਲੋੜ ਹੈ।

ਕਿਸੇ ਨੂੰ ਵੀ ਸਥਿਤੀ ਦੀ ਗੰਭੀਰਤਾ ਨੂੰ ਘੱਟ ਨਹੀਂ ਸਮਝਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਟਲੀ ਸੋਮਵਾਰ ਨੂੰ ‘ਯੈਲੋ ਜ਼ੋਨ’ ਵਿੱਚ ਵਾਪਸ ਚਲਾ ਗਿਆ ਹੈ ਪਰ ਅਜੇ ਵੀ ਬਾਰ, ਰੈਸਟੋਰੈਂਟ ਸ਼ਾਮ ਛੇ ਵਜੇ ਤਕ ਹੀ ਗਾਹਕਾਂ ਨੂੰ ਸੇਵਾਵਾਂ ਦੇ ਸਕਦੇ ਹਨ। ਰਾਤ 10 ਤੋਂ ਸਵੇਰੇ 5 ਵਜੇ ਤਕ ਦਾ ਕਰਫਿਊ ਵੀ ਜਾਰੀ ਰਹੇਗਾ ਅਤੇ ਸਿਨੇਮਾ ਘਰ, ਅਜਾਇਬ ਘਰ, ਜਿਮ ਅਤੇ ਸਵੀਮਿੰਗ ਪੂਲ ਆਦਿ ਬੰਦ ਰੱਖਣ ਦੇ ਆਦੇਸ਼ ਜਾਰੀ ਰਹਿਣਗੇ।

ਦੇਸ਼ ਦੇ ਪੰਜ ਸੂਬਿਆਂ ਕਲਾਬਰੀਆ, ਐਮਿਲਿਆ ਰੋਮਾਨੀਆ, ਲੰਮਬਾਰਦੀਆ,  ਸ਼ਸੀਲੀਆ ਅਤੇ ਵੇਨੇਤੋ ਨੂੰ ਇਸ ਹਫ਼ਤੇ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਵਿੱਚ ਕਰੋਨਾਵਾਇਰਸ ਦਾ ਪ੍ਰਭਾਵ ਜ਼ਿਆਦਾ ਹੈ।

Previous articleਕਰੋਨਾਵਾਇਰਸ: ਬਾਇਡਨ ਨੇ ਦਵਾਈ ਦੀ ਦੂਜੀ ਖੁਰਾਕ ਦਾ ਟੀਕਾ ਲਗਵਾਇਆ
Next articleਇੰਡੋਨੇਸ਼ੀਆ ਦੇ ਜਹਾਜ਼ ਦਾ ‘ਬਲੈਕ ਬਾਕਸ’ ਮਿਲਿਆ