ਅੰਮ੍ਰਿਤਸਰ- ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਅੱਜ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਪੱਤਰ ਸੌਂਪ ਕੇ ਪੰਥ ਵਿਚ ਵਾਪਸੀ ਲਈ ਖਿਮਾ ਯਾਚਨਾ ਦੀ ਅਪੀਲ ਕੀਤੀ ਹੈ। ਇਸ ਬਾਰੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਉਹ ਇਸ ਸਬੰਧੀ ਫ਼ੈਸਲਾ ਸੰਗਤ ਦੀ ਰਾਇ ਅਤੇ ਭਾਵਨਾਵਾਂ ਅਨੁਸਾਰ ਲੈਣਗੇ।
ਅਕਾਲੀ ਆਗੂ ਨੂੰ ਇਕ ਔਰਤ ਨਾਲ ਅਨੈਤਿਕ ਸਬੰਧਾਂ ਕਾਰਨ 5 ਅਕਤੂਬਰ 2017 ਨੂੰ ਸ੍ਰੀ ਅਕਾਲ ਤਖਤ ਤੋਂ ਸਿੱਖ ਪੰਥ ਵਿੱਚੋਂ ਛੇਕ ਦਿਤਾ ਗਿਆ ਸੀ। ਉਸ ਦੀ ਸ਼੍ਰੋਮਣੀ ਅਕਾਲੀ ਦਲ ਵਿਚੋਂ ਮੈਂਬਰਸ਼ਿਪ ਖ਼ਤਮ ਕਰ ਦਿੱਤੀ ਗਈ ਸੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਫਾਰਗ ਕਰ ਦਿੱਤਾ ਗਿਆ ਸੀ। ਸ੍ਰੀ ਅਕਾਲ ਤਖ਼ਤ ਵਲੋਂ ਇਹ ਕਾਰਵਾਈ ਲੰਗਾਹ ਦੀ ਵਾਇਰਲ ਹੋਈ ਅਸ਼ਲੀਲ ਵੀਡੀਓ ਤੋਂ ਬਾਅਦ ਕੀਤੀ ਗਈ ਸੀ। ਅੱਜ ਜਦੋਂ ਇਹ ਸਿੱਖ ਆਗੂ ਖਿਮਾ-ਯਾਚਨਾ ਦਾ ਪੱਤਰ ਦੇਣ ਲਈ ਇੱਥੇ ਪੁੱਜਿਆ ਤਾਂ ਉਸ ਨਾਲ ਵੱਡੀ ਗਿਣਤੀ ਵਿਚ ਸਮਰਥਕ ਵੀ ਹਾਜ਼ਰ ਸਨ। ਆਪਣੇ ਖਿਮਾ ਯਾਚਨਾ ਪੱਤਰ ਵਿਚ ਲੰਗਾਹ ਨੇ ਆਖਿਆ ਕਿ ਉਹ ਸ੍ਰੀ ਅਕਾਲ ਤਖਤ ਨੂੰ ਸਮਰਪਿਤ ਹੈ ਅਤੇ ਰਹੇਗਾ। ਉਸ ਕੋਲੋਂ ਜਾਣੇ-ਅਣਜਾਣੇ ਵਿਚ ਜੋ ਭੁੱਲਾਂ ਹੋਈਆਂ ਹਨ, ਉਸ ਲਈ ਉਹ ਖਿਮਾ ਯਾਚਨਾ ਕਰਦਾ ਹੈ। ਉਸ ਨੇ ਅਪੀਲ ਕੀਤੀ ਹੈ ਕਿ ਪੰਥ ਵਿਚ ਵਾਪਸੀ ਦਾ ਇਕ ਮੌਕਾ ਦਿੱਤਾ ਜਾਵੇ। ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਜਦੋਂ ਉਸ ਨੇ ਖਿਮਾ ਯਾਚਨਾ ਪੱਤਰ ਦਿੱਤਾ, ਉਸ ਵੇਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹਾਜ਼ਰ ਨਹੀਂ ਸਨ। ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਇਸ ਸਬੰਧੀ ਕੋਈ ਵੀ ਫ਼ੈਸਲਾ ਉਹ ਇਕੱਲੇ ਨਹੀਂ ਕਰਨਗੇ ਸਗੋਂ ਸੰਗਤ ਦੀਆਂ ਭਾਵਨਾਵਾਂ ਮੁਤਾਬਕ ਅਤੇ ਸੰਗਤ ਦੀ ਰਾਇ ਨਾਲ ਫ਼ੈਸਲਾ ਲਿਆ ਜਾਵੇਗਾ।
HOME ਲੰਗਾਹ ਵਲੋਂ ਪੰਥ ਵਿਚ ਵਾਪਸੀ ਲਈ ਖਿਮਾ ਯਾਚਨਾ ਦੀ ਅਪੀਲ