ਨਵੀਂ ਦਿੱਲੀ (ਸਮਾਜਵੀਕਲੀ): ਦਿੱਲੀ ਦੇ ਜਾਮੀਆ ਖੇਤਰ ਵਿਚ ਦਸੰਬਰ 2019 ’ਚ ਨਾਗਰਿਕਤਾ ਸੋਧ ਕਾਨੂੰਨ (ਸੀੲੇਏ) ਦੇ ਵਿਰੋਧ ਵਿੱਚ ਹੋਈ ਹਿੰਸਾ ਮਗਰੋਂ ਸ਼ਾਹੀਨ ਬਾਗ ਵਿੱਚ ਲਾਏ ਗਏ ਧਰਨੇ ਦੌਰਾਨ ਲੰਗਰ ਲਾਉਣ ਵਾਲੇ ਵਕੀਲ ਡੀ.ਐੱਸ. ਬਿੰਦਰਾ ਦਾ ਨਾਂ ਵੀ ਪੁਲੀਸ ਨੇ ਚਾਰਜਸ਼ੀਟ ਵਿੱਚ ਦਾਖ਼ਲ ਕੀਤਾ ਹੈ।
ਇਹ ਚਾਰਜਸ਼ੀਟ ਫਰਵਰੀ 2020 ਵਿਚ ਉੱਤਰੀ-ਪੂਰਬੀ ਦਿੱਲੀ ਵਿੱਚ ਹੋਈ ਹਿੰਸਾ ਦੌਰਾਨ ਚਾਂਦਬਾਗ ਵਿਚ ਦਿੱਲੀ ਪੁਲੀਸ ਦੇ ਮਾਰੇ ਗਏ ਸਿਪਾਹੀ ਰਤਨ ਲਾਲ ਨਾਲ ਜੁੜੇ ਮਾਮਲੇ ਨਾਲ ਸਬੰਧਤ ਹੈ। ਹਾਲਾਂਕਿ ਚਾਰਜਸ਼ੀਟ ਵਿੱਚ 17 ਕਥਿਤ ਦੋਸ਼ੀਆਂ ਦੇ ਨਾਵਾਂ ਨਾਲ ਡੀ.ਐੱਸ. ਬਿੰਦਰਾ ਦਾ ਨਾਂ ਨਹੀਂ ਹੈ। ਪੁਲੀਸ ਨੇ ਕੁਝ ਗਵਾਹੀਆਂ ਦੇ ਆਧਾਰ ’ਤੇ ਵਕੀਲ ਬਿੰਦਰਾ ਦਾ ਨਾਂ ਚਾਰਜਸ਼ੀਟ ਵਿੱਚ ‘ਸੀਏਏ’ ਖ਼ਿਲਾਫ਼ ਧਰਨੇ ਕਰ ਕੇ ਦਾਖ਼ਲ ਕੀਤਾ ਗਿਆ ਹੈ।
ਬੀਟ ਅਫ਼ਸਰਾਂ ਸੁਨੀਲ ਤੇ ਗਿਆਨ ਸਿੰਘ ਅਨੁਸਾਰ ਸਲੀਮ ਖ਼ਾਂ, ਸਲੀਮ ਮੁੰਨਾ, ਡੀਐੱਸ ਬਿੰਦਰਾ, ਸੁਲੇਮਾਨ ਸਦੀਕੀ, ਆਯੂਬ, ਅਤਹਰ, ਸ਼ਾਹਬਾਦ, ਉਪਾਸਨਾ, ਰਵੀਸ਼ ਤੇ ਹੋਰ ਪ੍ਰਦਰਸ਼ਨ ਦੇ ਪ੍ਰਬੰਧਕ ਸਨ। ਚਾਰਜਸ਼ੀਟ ਵਿੱਚ ਬਿੰਦਰਾ ਵੱਲੋਂ ਲੰਗਰ ਦਾ ਪ੍ਰਬੰਧ ਕਰਨ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਹਵਾਲਾ ਦਿੱਤਾ ਗਿਆ ਹੈ ਕਿ ਬਿੰਦਰਾ ਨੇ ਕਿਹਾ ਸੀ ਕਿ ਸਿੱਖ ਭਾਈਚਾਰਾ ਮੁਸਲਿਮ ਭਾਈਚਾਰੇ ਦੇ ਨਾਲ ਖੜ੍ਹਾ ਹੈ।
ਉਧਰ, ਪੁਲੀਸ ਦੇ ਸੀਨੀਅਰ ਅਧਿਕਾਰੀ ਚਾਰਜਸ਼ੀਟ ਬਾਰੇ ਦੱਸਣ ਤੋਂ ਬਚ ਰਹੇ ਹਨ। ਦੱਸਣਯੋਗ ਹੈ ਕਿ ਨੋਇਡਾ-ਮਹਿਰੌਲੀ ਮਾਰਗ ’ਤੇ ਸ਼ਾਹੀਨ ਬਾਗ ਵਾਲੇ ਪਾਸੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਲਗਾਤਾਰ ਧਰਨਾ ਦਿੱਤਾ ਗਿਆ ਸੀ, ਜਿੱਥੇ ਅਗਾਂਹਵਧੂ ਵਿਚਾਰਧਾਰਾ ਦੇ ਲੋਕਾਂ ਵੱਲੋਂ ਸਮੇਂ-ਸਮੇਂ ਸ਼ਿਰਕਤ ਕੀਤੀ ਜਾਂਦੀ ਰਹੀ।
ਪੰਜਾਬ ਦੇ ਕਿਸਾਨਾਂ ਦੀਆਂ ਕਈ ਜਥੇਬੰਦੀਆਂ ਵੀ ਵਾਰੋ-ਵਾਰੀ ਧਰਨੇ ਵਿੱਚ ਪਹੁੰਚੀਆਂ। ਇਸੇ ਦੌਰਾਨ ਦਿੱਲੀ ਦੇ ਵਕੀਲ ਡੀ.ਐੱਸ. ਬਿੰਦਰਾ ਵੀ ਚਰਚਾ ਵਿੱਚ ਆਏ, ਜਿਨ੍ਹਾਂ ਨੇ ਉੱਥੇ ਪੁੱਜੇ ਲੋਕਾਂ ਲਈ ਲਗਾਤਾਰ ਲੰਗਰ ਸੇਵਾ ਕੀਤੀ ਤੇ ਇਸ ਕੰਮ ਲਈ ਉਨ੍ਹਾਂ ਨੇ ਆਪਣੀ ਜਾਇਦਾਦ ਦਾ ਇੱਕ ਹਿੱਸਾ ਵੇਚ ਦਿੱਤਾ ਸੀ।