ਲੰਗਰ ਲਾਉਣ ਵਾਲੇ ਐਡਵੋਕੇਟ ਦੇ ਹੱਕ ਵਿੱਚ ਰੈਲੀ

ਸਰੀ (ਸਮਾਜਵੀਕਲੀ):  ਇੰਡੀਅਨ ਐਬਰੌਡ ਫਾਰ ਪਲੂਰਾਲਿਸਟ ਇੰਡੀਆ (ਆਈਏਪੀਆਈ) ਨੇ ਭਾਰਤੀ ਪਾਸਪੋਰਟ ਅਤੇ ਵੀਜ਼ਾ ਅਰਜ਼ੀ ਸੈਂਟਰ ਦੇ ਬਾਹਰ ਐਡਵੋਕੇਟ ਡੀਐੱਸ ਬਿੰਦਰਾ ਦੇ ਹੱਕ ਵਿਚ ਰੈਲੀ ਕੀਤੀ ਅਤੇ ਉਸ ਨਾਲ ਇਕਜੁੱਟਤਾ ਦਾ ਮੁਜ਼ਾਹਰਾ ਕੀਤਾ। ਯਾਦ ਰਹੇ ਕਿ ਐਡਵੋਕੇਟ ਬਿੰਦਰਾ ਨੇ ਦਿੱਲੀ ਵਿਚ ਨਾਗਰਿਕਤਾ ਸੋਧ ਐਕਟ (ਸੀਏਏ) ਖ਼ਿਲਾਫ਼ ਰੋਸ ਵਿਖਾਵੇ ਕਰਨ ਵਾਲਿਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਸੀ ਅਤੇ ਹੁਣ ਦਿੱਲੀ ਪੁਲੀਸ ਨੇ ਉਸ ਦਾ ਨਾਂ ਚਾਰਜਸ਼ੀਟ ਵਿਚ ਸ਼ਾਮਲ ਕਰ ਲਿਆ ਹੈ।

ਉਸ ਉੱਤੇ ਦੋਸ਼ ਲਾਇਆ ਗਿਆ ਹੈ ਕਿ ਉਹ ਵਿਖਾਵਾਕਾਰੀਆਂ ਨੂੰ ਭੜਕਾ ਰਿਹਾ ਸੀ। ਆਈਏਪੀਆਈ ਵੱਲੋਂ ਕਰਵਾਈ ਇਸ ਰੈਲੀ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਭਾਰਤ ਸਰਕਾਰ ਘੱਟ ਗਿਣਤੀਆਂ ਖ਼ਿਲਾਫ਼ ਹੋ ਰਹੀਆਂ ਵਧੀਕੀਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਮਿਥ ਕੇ ਨਿਸ਼ਾਨਾ ਬਣਾ ਰਹੀ ਹੈ।

ਉਨ੍ਹਾਂ ਐਡਵੋਕੇਟ ਦਾ ਨਾਂ ਚਾਰਜ ਸ਼ੀਟ ਵਿਚੋਂ ਕੱਢਣ, ਆਵਾਜ਼ ਬੁਲੰਦ ਕਰਨ ਵਾਲੀ ਇਕ ਹੋਰ ਕਾਰਕੁਨ ਸ਼ਫੂਰਾ ਜ਼ਰਗਰ ਅਤੇ ਹੋਰ ਸਿਆਸੀ ਕੈਦੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਇਸ ਮੌਕੇ ਗਿਆਨ ਸਿੰਘ, ਗੁਰੂ ਨਾਨਕ ਸਿੱਖ ਟੈਂਪਲ (ਸਰੀ-ਡੈਲਟਾ) ਦੇ ਪ੍ਰਧਾਨ ਹਰਦੀਪ ਸਿੰਘ ਨਿੱਜਰ, ਸਿੱਖ ਵਿਦਵਾਨ ਚਰਨਜੀਤ ਸਿੰਘ ਸੁੱਜੋਂ ਤੇ ਹੋਰ ਹਾਜ਼ਰ ਸਨ।

Previous articleਕਿਰਤੀ: ਇਕ ਇਤਿਹਾਸਕ ਦਸਤਾਵੇਜ ਲੇਖਕ – ਹਰਮੇਸ਼ ਜੱਸਲ
Next articleਸਿੰਗਾਪੁਰ ਦੇ ਰਾਸ਼ਟਰਪਤੀ ਵਲੋਂ ਸੰਸਦ ਭੰਗ, ਚੋਣਾਂ ਜਲਦੀ