ਦਿੱਲੀ-ਨੋਇਡਾ ਹੱਦ ’ਤੇ ਭਾਰੀ ਜਾਮ
ਨਵੀਂ ਦਿੱਲੀ (ਸਮਾਜਵੀਕਲੀ) : ਕੋਵਿਡ-19 ਦੀ ਕੌਮਾਂਤਰੀ ਮਹਾਂਮਾਰੀ ਦੌਰਾਨ ਕੁੱਝ ਰਿਆਇਤਾਂ ਨਾਲ ਅੱਜ ਤੋਂ ਸ਼ੁਰੂ ਹੋਏ ਲੌਕਡਾਊਨ-4 ਦੇ ਪਹਿਲੇ ਹੀ ਦਿਨ ਦਿੱਲੀ ਦੀਆਂ ਉੱਤਰ ਪ੍ਰਦੇਸ਼ ਤੇ ਹਰਿਆਣਾ ਨਾਲ ਲੱਗਦੀਆਂ ਹੱਦਾਂ ਉੱਪਰ ਗੱਡੀਆਂ ਦੀ ਭਾਰੀ ਭੀੜ ਦੇਖੀ ਗਈ ਜਿਸ ਨੂੰ ਕੰਟਰੋਲ ਕਰਨ ਲਈ ਟਰੈਫਿਕ ਪੁਲੀਸ ਦੇ ਸਾਹ ਫੁੱਲ ਗਏ।
ਸਭ ਤੋਂ ਜ਼ਿਆਦਾ ਅਸਰ ਦਿੱਲੀ-ਨੋਇਡਾ ਦੇ ਰਾਹ ਉਪਰ ਪਿਆ, ਜਿੱਥੇ ਦਿੱਲੀ-ਨੋਇਡਾ-ਦਿੱਲੀ ਫਲਾਈਓਵਰ (ਡੀਐੱਨਡੀ) ਉਪਰ ਕਾਰਾਂ ਦੀਆਂ ਲੰਬੀਆਂ ਕਤਾਰਾਂ ਦੋਨੋਂ ਤਰਫ਼ ਲੱਗ ਗਈਆਂ। ਅਜਿਹੀ ਹੀ ਹਾਲਤ ਕਾਲਿੰਦੀ ਕੁੰਜ ਇਲਾਕੇ ਦੀਆਂ ਸੜਕਾਂ ਉਪਰ ਦੇਖਣ ਨੂੰ ਮਿਲੀ ਜਿੱਥੇ ਅੱਜ ਪਹਿਲੇ ਦਿਨ ਉਹ ਲੋਕ ਘਰਾਂ ਤੋਂ ਨਿਕਲੇ ਜੋ ਲੌਕਡਾਊਨ ਦੌਰਾਨ ਮਿਲੀਆਂ ਕੁੱਝ ਰਿਆਇਤਾਂ ਮਗਰੋਂ ਦਿੱਲੀ ਤੋਂ ਨੋਇਡਾ ਤੇ ਨੋਇਡਾ ਤੋਂ ਦਿੱਲੀ ਵੱਲ ਗੱਡੀਆਂ ਉਪਰ ਚੱਲ ਪਏ।
ਦੋਨਾਂ ਸ਼ਹਿਰਾਂ ਵਿੱਚ ਕੁੱਝ ਕਾਰੋਬਾਰ, ਦੁਕਾਨਾਂ ਤੇ ਅਦਾਰੇ ਅੱਜ ਸਵੇਰੇ ਖੁੱਲ੍ਹੇ ਤਾਂ ਉੱਥੇ ਕੰਮ ਕਰਨ ਵਾਲੇ ਵੀ ਆਪਣੇ ਆਵਾਜਾਈ ਸਾਧਨਾਂ ਰਾਹੀਂ ਘਰੋਂ ਤੁਰ ਪਏ ਪਰ ਉਨ੍ਹਾਂ ਲੋਕਾਂ ਨੂੰ ਹੀ ਦੋਨਾਂ ਰਾਜਾਂ ਦੀਆਂ ਹੱਦਾਂ ਤੋਂ ਪਾਰ ਜਾਣ ਦੀ ਆਗਿਆ ਸੀ ਜਿਨ੍ਹਾਂ ਕੋਲ ਈ-ਪਾਸ ਸੀ, ਪ੍ਰੈੱਸ ਤੇ ਮੀਡੀਆ ਨਾਲ ਜੁੜੇ ਜਾਂ ਲਾਜ਼ਮੀ ਸੇਵਾਵਾਂ ਦੇਣ ਵਾਲੇ ਲੋਕ ਸਨ। ਟਰੈਫਿਕ ਪੁਲੀਸ ਵੱਲੋਂ ਹਰੇਕ ਦੇ ਦਸਤਾਵੇਜ਼ ਜਾਂਚ ਕੇ ਹੀ ਜਾਣ ਦਿੱਤਾ ਜਾਣ ਕਰਕੇ ਜਾਮ ਵਾਲੀ ਹਾਲਤ ਬਣੀ।
ਲੋਕ ਪੁਲੀਸ ਵਾਲਿਆਂ ਨਾਲ ਬਹਿਸਦੇ ਦੇਖੇ ਗਏ। ਭੰਬਲਭੂਸੇ ਵਾਲੀ ਹਾਲਤ ਉੱਦੋਂ ਬਣੀ ਜਦੋਂ ਰਿਆਇਤਾਂ ਮੁਤਾਬਕ ਸੀਮਿਤ ਸਟਾਫ਼ ਨਾਲ ਦਫ਼ਤਰ ਖੋਲ੍ਹਣ ਦੀ ਇਜਾਜ਼ਤ ਮਿਲੀ ਤਾਂ ਲੋਕ ਦਫ਼ਤਰਾਂ ਲਈ ਨਿਕਲ ਪਏ ਜੋ ਹੱਦਾਂ ਉਪਰ ਆ ਕੇ ਫਸ ਗਏ। ਦਿੱਲੀ ਤੇ ਉੱਤਰ ਪ੍ਰਦੇਸ਼ ਸਰਕਾਰਾਂ ਨੇ ਅਜੇ ਤਕ ਆਵਾਜਾਈ ਬਾਰੇ ਕੋਈ ਫ਼ੈਸਲਾ ਨਹੀਂ ਸੀ ਲਿਆ ਤੇ ਅਧਿਕਾਰੀਆਂ ਕੋਲ ਹਦਾਇਤ ਨਹੀਂ ਸੀ। ਦਿੱਲੀ ਟਰੈਫ਼ਿਕ ਪੁਲੀਸ ਵੱਲੋਂ ਦੱਸਿਆ ਗਿਆ ਕਿ ਨੋਇਡਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਪਾਸਾਂ ਨਾਲ ਹੀ ਨੋਇਡਾ ਵਿੱਚ ਦਾਖ਼ਲ ਹੋਇਆ ਜਾ ਸਕਦਾ ਹੈ।
ਇਸ ਲਈ ‘ਡੀਐੱਨਡੀ’ ਤੇ ਕਾਲਿੰਦੀ ਕੁੰਜ ਬੈਰਾਜ਼ ਵਾਲੇ ਪੁਲ਼ ਤੋਂ ਪਾਸਾਂ ਵਾਲੇ ਲੋਕ ਹੀ ਜਾਣ। ਦਿੱਲੀ-ਗੁਰੂਗਰਾਮ ਹੱਦ ਤੇ ਬਦਰਪੁਰ ਹੱਦ ਉਪਰ ਫਰੀਦਾਬਾਦ ਵਿੱਚ ਵੀ ਕੁੱਝ ਭਰਮ ਦਾ ਮਾਹੌਲ ਦੇਖਿਆ ਗਿਆ। ਦਿੱਲੀ ਦੀ ਗਾਜ਼ੀਪੁਰ ਮੰਡੀ ਦੇ ਦੋ ਦਿਨਾਂ ਬਾਅਦ ਖੁੱਲ੍ਹਣ ਮਗਰੋਂ ਲੋਕ ਸਬਜ਼ੀ ਲੈਣ ਲਈ ਭੀੜ ਵਿੱਚ ਆ ਗਏ। ਇੱਥੋਂ ਦੇ ਸਕੱਤਰ ਤੇ ਡਿਪਟੀ ਸਕੱਤਰ ਨੂੰ ਕਰੋਨਾ ਹੋਣ ਮਗਰੋਂ ਮੰਡੀ ਰੋਗਾਣੂ ਮੁਕਤ ਕਰਨ ਲਈ ਦੋ ਦਿਨਾਂ ਲਈ ਬੰਦ ਕੀਤੀ ਗਈ ਸੀ। 24 ਮਾਰਚ ਮਗਰੋਂ ਸੁੰਨੀਆਂ ਪਈਆਂ ਦਿੱਲੀ-ਐੱਨਸੀਆਰ ਸੜਕਾਂ ਉਪਰ ਅੱਜ ਚਹਿਲ-ਪਹਿਲ ਰਹੀ।