ਪਠਾਨਕੋਟ (ਸਮਾਜਵੀਕਲੀ): ਪਿੰਡ ਕਾਨਵਾਂ ਦੀ ਦਾਣਾਮੰਡੀ ’ਚ ਜਮ੍ਹਾਂ ਕਣਕ ਦੀਆਂ ਬੋਰੀਆਂ ’ਤੇ ਮੋਟਰ ਨਾਲ ਪਾਣੀ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕਣਕ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਗਰੀਬ ਪਰਿਵਾਰਾਂ ਨੂੰ ਵੰਡੀ ਜਾਣੀ ਸੀ ਤੇ ਪਾਣੀ ਪਾ ਕੇ ਇਨ੍ਹਾਂ ਦਾ ਭਾਰ ਵਧਾਇਆ ਜਾ ਰਿਹਾ ਸੀ। ਇਸ ਦੀ ਸ਼ਿਕਾਇਤ ਜੀਓਜੀ ਤੇ ਪਿੰਡ ਦੇ ਸਰਪੰਚ ਵੱਲੋਂ ਕੀਤੇ ਜਾਣ ’ਤੇ ਹਲਕਾ ਵਿਧਾਇਕ ਜੋਗਿੰਦਰ ਪਾਲ ਨੇ ਜ਼ਿਲ੍ਹਾ ਫੂਡ ਸਪਲਾਈ ਅਫਸਰ ਨੂੰ ਨਾਲ ਲੈ ਕੇ ਮੌਕੇ ਦਾ ਮੁਆਇਨਾ ਕੀਤਾ ਤੇ ਉਨ੍ਹਾਂ ਜ਼ਿਲ੍ਹਾ ਫੂਡ ਸਪਲਾਈ ਅਫਸਰ ਨੂੰ ਮਾਮਲੇ ਦੀ ਪੜਤਾਲ ਕਰਨ ਦੇ ਆਦੇਸ਼ ਦਿੱਤੇ।
ਕਣਕ ਦੀਆਂ ਬੋਰੀਆਂ ਤੇ ਸਬੰਧਿਤ ਵਿਭਾਗ ਦੇ ਚੌਕੀਦਾਰਾਂ ਵੱਲੋਂ ਮੋਟਰ ਨਾਲ ਪਾਣੀ ਦਾ ਛਿੜਕਾਅ ਕੀਤਾ ਗਿਆ। ਜਿਸ ਨੂੰ ਮੌਕੇ ’ਤੇ ਪਿੰਡ ਦੇ ਸਰਪੰਚ ਤੇ ਉਸ ਦੇ ਬੇਟੇ ਰਾਜ਼ੇਸ਼ ਕੁਮਾਰ ਨੇ ਦੇਖ ਲਿਆ। ਉਨ੍ਹਾਂ ਨੇ ਵਿਧਾਇਕ ਜੋਗਿੰਦਰ ਪਾਲ ਤੇ ਜੀਓਜੀ ਦੇ ਮੁਖੀ ਸੂਬੇਦਾਰ ਗਿਆਨਚੰਦ ਨੂੰ ਟੈਲੀਫੋਨ ’ਤੇ ਇਸ ਦੀ ਸ਼ਿਕਾਇਤ ਕੀਤੀ। ਸੂਚਨਾ ਮਿਲਦੇ ਹੀ ਵਿਧਾਇਕ ਜੋਗਿੰਦਰ ਪਾਲ ਮੌਕੇ ’ਤੇ ਦਾਣਾ ਮੰਡੀ ਕਾਨਵਾਂ ’ਚ ਪੁੱਜੇ।
ਜੀਓਜੀ ਮੁਖੀ ਸੂਬੇਦਾਰ ਗਿਆਨਚੰਦ, ਜੀਓਜੀ ਦੇ ਕੈਪਟਨ ਜੋਗਿੰਦਰ ਸਿੰਘ ਤੇ ਜੀਓਜੀ ਸਰਵਨ ਕੁਮਾਰ ਨੇ ਵਿਧਾਇਕ ਜੋਗਿੰਦਰ ਪਾਲ ਨੂੰ ਦੱਸਿਆ ਕਿ ਤੜਕੇ ਪਿੰਡ ਦੇ ਹੀ ਸਰਪੰਚ ਦੇ ਬੇਟੇ ਦਾ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਕੁਝ ਵਿਅਕਤੀ ਮੋਟਰ ਲਾ ਕੇ ਸਟਾਕ ਕੀਤੀ ਕਣਕ ਦੀਆਂ ਬੋਰੀਆਂ ’ਤੇ ਪਾਣੀ ਛਿੜਕ ਰਹੇ ਹਨ। ਉਨ੍ਹਾਂ ਨੇ ਮੌਕੇ ’ਤੇ ਆ ਕੇ ਦੇਖਿਆ ਤਾਂ ਬੋਰੀਆਂ ਵਿੱਚੋਂ ਪਾਣੀ ਟਪਕ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਐੱਫਸੀਆਈ ਵੱਲੋਂ ਪਨਗਰੇਨ ਨੂੰ ਨਵਾਂ ਬਾਰਦਾਨਾ ਦੇ ਕੇ ਇਸ ਦਾਣਾ ਮੰਡੀ ’ਚ ਲਗਪਗ 24000 ਬੋਰੀਆਂ ਕਣਕ ਦੀਆਂ ਸਟਾਕ ਕੀਤੀਆਂ ਗਈਆਂ ਸਨ। ਸਬੰਧਿਤ ਵਿਭਾਗ ਵੱਲੋਂ 7000 ਬੋਰੀਆਂ ਗਰੀਬ ਲੋਕਾਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਵੰਡ ਦਿੱਤੀਆਂ ਗਈਆਂ। ਬਾਕੀ ਕਣਕ ਇਥੇ ਪਈ ਹੈ। ਇਸ ’ਚ ਦਰਜਨਾਂ ਬੋਰੀਆਂ ਫਟੀਆਂ ਹਨ।
ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਵਿਭਾਗ ਦੇ ਜਿਹੜੇ ਵੀ ਕਰਮਚਾਰੀ ਵੱਲੋਂ ਇਸ ਦਾ ਵਜ਼ਨ ਵਧਾ ਕੇ ਗਰੀਬ ਲੋਕਾਂ ਦੀਆਂ ਅੱਖਾਂ ’ਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਜ਼ਿਲ੍ਹਾ ਫੂਡ ਸਪਲਾਈ ਅਫਸਰ ਸੁਖਵਿੰਦਰ ਸਿੰਘ ਨੂੰ ਬੁਲਾ ਕੇ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ।
ਜਿਲ੍ਹਾ ਫੂਡ ਸਪਲਾਈ ਅਫਸਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਾਨਵਾਂ ਦਾਣਾਮੰਡੀ ’ਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੀ ਕਣਕ ਨੂੰ 15-20 ਦਿਨਾਂ ਲਈ ਸਟਾਕ ਕੀਤਾ ਗਿਆ ਸੀ। ਅੱਜ ਜੋ ਮਾਮਲਾ ਸਾਹਮਣੇ ਆਇਆ ਹੈ, ਉਸ ਨੂੰ ਲੈ ਕੇ ਉਨ੍ਹਾਂ ਨੇ ਇਸ ਮੰਡੀ ’ਚ ਸਟਾਕ ਕਣਕ ਦਾ ਸੈਂਪਲ ਲੈ ਕੇ ਇਸ ਦੀ ਨਮੀ ਚੈੱਕ ਕੀਤੀ ਹੈ ਜੋ 17.9 ਆਈ ਹੈ। ਉਨ੍ਹਾਂ ਕਿਹਾ ਕਿ ਇਸ ਦੀ ਤਫਤੀਸ਼ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।