ਕੇਪੀ ਦੇ ਮੁੱਦੇ ਉੱਤੇ ਮੁੱਖ ਮੰਤਰੀ ਨੇ ਸਖਤ ਰੁਖ਼ ਦਿਖਾਇਆ;
ਪਾਦਰੀ ਦੇ ਪੈਸੇ ਗੁੰਮ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਦਾ ਭਰੋਸਾ ਦਿੱਤਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਿਕਟਾਂ ਨਾ ਮਿਲਣ ਕਾਰਨ ਨਾਰਾਜ਼ ਚੱਲ ਰਹੇ ਆਗੂਆਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਕੇਵਲ ਲੋਕ ਸਭਾ ਦੀਆਂ 13 ਸੀਟਾਂ ਹੀ ਹਨ, ਟਿਕਟਾਂ ਮੰਗਣ ਵਾਲੇ 117 ਖਾਹਿਸ਼ਮੰਦਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਜਾ ਸਕਦੀਆਂ। ਉਨ੍ਹਾਂ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਜਿਹੜੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਬਾਰੇ ਫੈਸਲਾ ਕਾਂਗਰਸ ਹਾਈਕਮਾਂਡ ਨੇ ਕੀਤਾ ਹੈ। ਚੋਣ ਜਿੱਤਣ ਦੀ ਸਮਰੱਥਾ ਰੱਖਣ ਨੂੰ ਪਾਰਟੀ ਨੇ ਮਾਪਦੰਡ ਬਣਾਇਆ ਹੈ।
ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ ਵੱਲੋਂ ਟਕਸਾਲੀ ਕਾਂਗਰਸੀ ਧੜਾ ਬਣਾਏ ਜਾਣ ਦੀ ਚੱਲ ਰਹੀ ਚਰਚਾ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਮਹਿੰਦਰ ਸਿੰਘ ਕੇਪੀ ਤੇ ਉਸ ਦੇ ਪਰਿਵਾਰ ਨੂੰ 7 ਵਾਰ ਟਿਕਟ ਦਿੱਤੀ ਹੈ। ਇਨ੍ਹਾਂ ’ਚ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਟਿਕਟਾਂ ਸ਼ਾਮਲ ਹਨ। ਵਿਧਾਨ ਸਭਾ ਦੀ ਚੋਣ ਮਹਿੰਦਰ ਸਿੰਘ ਕੇਪੀ ਤਿੰਨ ਵਾਰ ਹਾਰ ਗਏ ਸਨ। ਇੱਕ ਵਾਰੀ ਉਨ੍ਹਾਂ ਦੀ ਪਤਨੀ ਨੂੰ ਟਿਕਟ ਦਿੱਤੀ ਸੀ ਉਦੋਂ ਵੀ ਉਹ ਚੋਣ ਹਾਰ ਗਏ ਸਨ। ਉਨ੍ਹਾਂ ਕਿਹਾ ਕਿ ਕੁੱਝ ਲੋਕ ਜਿਹੜੇ ਪਾਰਟੀ ’ਚ ਕਾਫੀ ਸੀਨੀਅਰ ਰਹੇ ਹਨ, ਕਾਂਗਰਸ ਵਰਕਿੰਗ ਕਮੇਟੀ ਵਿੱਚ ਵੀ ਮੈਂਬਰ ਰਹੇ ਹਨ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਹਨ, ਐੱਮਪੀ ਰਹੇ ਹਨ, ਪਾਰਟੀ ਨੇ ਉਨ੍ਹਾਂ ਨੂੰ ਮਾਣ ਬਖਸ਼ਿਆ ਹੈ। ਉਮੀਦਵਾਰਾਂ ਬਾਰੇ ਜਿਹੜਾ ਫੈਸਲਾ ਪਾਰਟੀ ਹਾਈ ਕਮਾਂਡ ਨੇ ਕੀਤਾ ਹੈ ਉਸ ਨੂੰ ਮੰਨਦੇ ਹੋਏ ਉਮੀਦਵਾਰਾਂ ਦਾ ਸਾਥ ਦੇਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਪਾਰਟੀ ਨੂੰ ਲੋੜ ਹੁੰਦੀ ਹੈ ਉਦੋਂ ਪਾਰਟੀ ਦੇ ਨਾਲ ਖੜ੍ਹਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਸਫਲਤਾ ਲਈ ਸਾਰੇ ਆਗੂਆਂ ਨੂੰ ਇਕਜੁੱਟਤਾ ਨਾਲ ਕੰਮ ਕਰਨਾ ਚਾਹੀਦਾ ਹੈ।
ਜਲੰਧਰ ਦੇ ਪਾਦਰੀ ਐਂਥਨੀ ਮੈਡਾਸਰੀ ਵੱਲੋਂ ਖੰਨਾ ਪੁਲੀਸ ’ਤੇ 6 ਕਰੋੜ 66 ਲੱਖ ਰੁਪਏ ਗੁੰਮ ਕਰਨ ਦੇ ਲਾਏ ਦੋਸ਼ਾਂ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਨੂੰ ਛੇਤੀ ਹੱਲ ਕਰ ਲਿਆ ਜਾਵੇਗਾ ਅਤੇ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਿਟ ਬਣਾਈ ਗਈ ਹੈ, ਜੋ ਕਿ ਆਪਣਾ ਕੰਮ ਤੇਜ਼ੀ ਨਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 81 ਹਜ਼ਾਰ ਨਫ਼ਰੀ ਵਾਲੀ ਪੁਲੀਸ ਵਿੱਚ ਵੀ ਇੱਕ ਦੋ ਕਾਲੀਆਂ ਭੇਡਾਂ ਹੋ ਸਕਦੀਆਂ ਹਨ।