ਪਹਿਲਾਂ ਬਾਦਲ ਸਾਬ੍ਹ ਫੇਰ ਸੁਖਬੀਰ ਤੇ ਹੁਣ ਮੇਰੀ ਉਮਰ ਹਲਕਾ ਬਠਿੰਡਾ ਦੇ ਲੋਕਾਂ ਨੂੰ ਸਮਰਪਿਤ ਹੈ। ਇਹ ਪ੍ਰਗਟਾਵਾ ਬਠਿੰਡਾ ਤੋਂ ਅਕਾਲੀ ਦਲ ਦੀ ਲੋਕ ਸਭਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਇਥੇ ਕੀਤਾ। ਬੀਬੀ ਬਾਦਲ ਨੇ ਜੰਗੀਰਾਣਾ, ਚੁੱਘੇ ਕਲਾਂ, ਸਰਦਾਰਗੜ੍ਹ, ਵਿਰਕ ਖੁਰਦ, ਦਿਉਣ, ਤਿਉਣਾ, ਕੋਟਗੁਰੂ, ਗੁਰੂਸਰ ਸੈਣੇਵਾਲਾ, ਮਹਿਤਾ, ਜੋਧਪੁਰ ਰੋਮਾਣਾ, ਜੱਸੀ ਪੌ ਵਾਲੀ, ਫੂਸਮੰਡੀ, ਭਾਗੂ, ਕਟਾਰ ਸਿੰਘ ਵਾਲਾ, ਗੁਲਾਬ ਗੜ੍ਹ, ਗਹਿਰੀ ਦੇਵੀ ਨਗਰ ਅਤੇ ਕਟਾਰ ਸਿੰਘ ਵਾਲਾ ਆਦਿ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਸੰਬੋਧਨ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਤੋਂ ਲੋਕ ਅੱਕ ਚੁੱਕੇ ਹਨ ,ਕਿਉਂ ਕਿ ਲੋਕ ਭਲਾਈ ਸਕੀਮਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਵਾਧੂ ਟੈਕਸ ਲਾ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਨ ਅਤੇ ਕਿਸੇ ਵੀ ਕੰਮ ਲਈ ਕਿਸੇ ਵੀ ਵੇਲੇ ਉਨ੍ਹਾਂ ਤੱਕ ਪਹੁੰਚ ਕਰ ਸਕਦੇ ਹਨ। ਉਨ੍ਹਾਂ ਕਾਂਗਰਸ ਸਰਕਾਰ ‘ਤੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਜਾਣਬੁੱਝ ਕੇ ਏਮਜ਼ ਦੀ ਉਸਾਰੀ ਵਿੱਚ ਅੜਿੱਕੇ ਡਾਹੇ ਜਾ ਰਹੇ ਹਨ ਪਰ ਉਨ੍ਹਾਂ ਨੇ ਹਿੰਮਤ ਨਾ ਹਾਰ ਕੇ ਇਸ ਦਾ ਨਿਰਮਾਣ ਜਾਰੀ ਰੱਖਿਆ ਹੈ। ਇਸ ਦਾ ਇਲਾਕੇ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਾਂਗਰਸ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਇਆ। ਉਨ੍ਹਾਂ ਚੁੱਟਕੀ ਲੈਂਦਿਆਂ ਵੀਡੀਓ ਬਣਾਉਂਦੇ ਨੌਜਵਾਨਾ ਨੂੰ ਪੁੱਛਿਆ ਕਿ ਤੁਹਾਡੇ ਹੱਥ ਵਾਲਾ ਫੋਨ ਆਪਣਾ ਹੈ ਜਾਂ ਕੈਪਟਨ ਨੇ ਦਿੱਤਾ ਹੈ। ਇਸ ਮੌਕੇ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਸਮਕਾਲੀ ਪਿੰਡ ਤਿਉਣਾ ਦੇ ਸੀਨੀਅਰ ਕਾਂਗਰਸੀ ਲੀਡਰ ਹੰਸਾ ਸਿੰਘ ਜੋ ਕਿ ਬਲਾਕ ਸਮਿਤੀ ਮੈਂਬਰ ਜਸਪਾਲ ਕੌਰ ਦੇ ਪਤੀ ਹਨ ਤੋਂ ਇਲਾਵਾ ਕਈ ਹੋਰ ਲੋਕਾਂ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ।
INDIA ਲੋਕ ਕਾਂਗਰਸ ਸਰਕਾਰ ਤੋਂ ਅੱਕੇ: ਹਰਸਿਮਰਤ