ਇਤਿਹਾਸਕਾਰ ਡਾ. ਕਿਰਪਾਲ ਸਿੰਘ ਦਾ ਦੇਹਾਂਤ

ਦੇਸ਼ ਦੀ ਵੰਡ ਬਾਰੇ ਪਹਿਲੇ ਇਤਿਹਾਸਕਾਰ ਡਾ. ਕਿਰਪਾਲ ਸਿੰਘ ਦਾ ਅੱਜ ਦੇਹਾਂਤ ਹੋ ਗਿਆ। ਉਹ 95 ਵਰ੍ਹਿਆਂ ਦੇ ਸਨ। ਉਨ੍ਹਾਂ ਨੇ ਅੱਜ ਸਵੇਰੇ ਪੰਜ ਵਜੇ ਚੰਡੀਗੜ੍ਹ ਦੇ ਸੈਕਟਰ 15 ਵਿਚਲੇ ਆਪਣੇ ਘਰ ਵਿਚ ਆਖਰੀ ਸਾਹ ਲਿਆ। ਉਹ ਆਪਣੇ ਪਿੱਛੇ ਦੋ ਪੁੱਤਰ ਤੇ ਇਕ ਧੀ ਛੱਡ ਗਏ ਹਨ।
ਡਾ. ਕਿਰਪਾਲ ਸਿੰਘ ਦਾ ਇਤਿਹਾਸਕਾਰੀ ਸਫ਼ਰ 1953 ਵਿਚ ਸ਼ੁਰੂ ਹੋਇਆ ਜਦੋਂ ਉਹ ਖਾਲਸਾ ਕਾਲਜ, ਅੰਮ੍ਰਿਤਸਰ ਵਿਚ ਅਧਿਆਪਕ ਸਨ। ਉਹ ਦੱਸਦੇ ਹੁੰਦੇ ਸਨ ਕਿ ਇਕ ਦਿਨ ਭਾਈ ਵੀਰ ਸਿੰਘ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਜੋ ਕੁਝ ਦੇਸ਼ ਦੀ ਵੰਡ ਸਮੇਂ 1947 ਵਿਚ ਵਾਪਰਿਆ, ਅਜਿਹਾ ਮਨੁੱਖੀ ਸਭਿਅਤਾ ਦੇ ਇਤਿਹਾਸ ਵਿਚ ਪਹਿਲਾਂ ਕਦੇ ਨਹੀਂ ਵਾਪਰਿਆ। ਉਹ (ਭਾਈ ਵੀਰ ਸਿੰਘ) ਇਸ ਬਾਰੇ ਲਿਖਣਾ ਚਾਹੁੰਦੇ ਹਨ ਪਰ ਉਮਰ ਸਾਥ ਨਹੀਂ ਦੇ ਰਹੀ। ਇਸ ਲਈ ਇਹ ਕੰਮ ਉਸ (ਡਾ. ਕਿਰਪਾਲ ਸਿੰਘ) ਵਰਗੇ ਨੌਜਵਾਨ ਨੂੰ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਪ੍ਰੋ. ਕਿਰਪਾਲ ਸਿੰਘ ਦੇ ਇਕ ਸਹਾਇਕ ਨੇ ਸ਼ਰਨਾਰਥੀ ਕੈਂਪਾਂ ਵਿਚ ਜਾ ਕੇ ਪੀੜਤਾਂ ਨਾਲ ਮੁਲਾਕਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਆਪ ਦਿੱਲੀ ਅਤੇ ਸ਼ਿਮਲਾ ਦੇ ਦਫ਼ਰਤਾਂ ਤੋਂ ਰਿਕਾਰਡ ਇਕੱਠਾ ਕਰਨ ਲੱਗ ਪਏ। ਇਹ ਸਿਲਸਿਲਾ ਦੋ ਸਾਲ ਚੱਲਦਾ ਰਿਹਾ। ਉਨ੍ਹਾਂ ਦੇ ਇਸ ਖੋਜ ਕਾਰਜ ਵਿਚ ਵੱਡਾ ਮੋੜ 1962 ਵਿੱਚ ਉਸ ਵੇਲੇ ਉਸ ਵੇਲੇ ਆਇਆ ਜਦੋਂ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਉਨ੍ਹਾਂ ਨੂੰ ਪੰਜਾਬ ਦੀ ਵੰਡ ਸਬੰਧੀ ਦਸਤਾਵੇਜ਼ ਇਕੱਠੇ ਕਰਨ ਲਈ ਇੰਗਲੈਂਡ ਭੇਜਿਆ। ਉਨ੍ਹਾਂ ਨੇ ਇੰਗਲੈਂਡ ਵਿਚ ਛੇ ਮਹੀਨੇ ਅਜਿਹੇ ਅੰਗਰੇਜ਼ ਅਧਿਕਾਰੀਆਂ ਨਾਲ ਮੁਲਾਕਾਤਾਂ ਕੀਤੀਆਂ, ਜਿਹੜੇ ਵੰਡ ਲਈ ਜ਼ਿੰਮੇਵਾਰ ਜਾਂ ਸਬੰਧਤ ਸਨ। ਇਨ੍ਹਾਂ ਵਿਚ ਮਾਊਂਟਬੈਟਨ, ਰੈੱਡਕਲਿੱਫ ਆਦਿ ਸ਼ਾਮਲ ਸਨ। ਉਨ੍ਹਾਂ ਨੇ ਵਾਪਸ ਪੰਜਾਬ ਆ ਕੇ ‘ਪੰਜਾਬ ਦੀ ਵੰਡ ਦੇ ਚੋਣਵੇਂ ਦਸਤਾਵੇਜ਼’ ਨਾਂ ਦੀ ਪੁਸਤਕ ਲਿਖੀ। ਅੰਗਰੇਜ਼ ਅਧਿਕਾਰੀਆਂ ਨੂੰ ਮਿਲਣ ਮਗਰੋਂ ਉਹ ਇਸ ਸਿੱਟੇ ’ਤੇ ਪਹੁੰਚੇ ਕਿ ਵੰਡ ਪਿੱਛੇ ਵੱਡੀ ਸਾਜ਼ਿਸ਼ ਸੀ, ਜੋ ਦਸਤਾਵੇਜ਼ਾਂ ਤੋਂ ਨਜ਼ਰ ਨਹੀਂ ਆਉਂਦੀ ਪਰ ਮੁਲਕਾਤਾਂ ਤੋਂ ਸਪੱਸ਼ਟ ਝਲਕਦੀ ਸੀ। ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ‘ਪ੍ਰੋਫੈਸਰ ਆਫ ਸਿੱਖਇਜ਼ਮ’ ਦੀ ਉਪਾਧੀ ਨਾਲ ਸਨਮਾਨਤ ਕੀਤਾ।
ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕਾਰ ਡਾ. ਕਿਰਪਾਲ ਸਿੰਘ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Previous articleCentre releases Rs 1,000 cr for Odisha
Next articleਲੋਕ ਕਾਂਗਰਸ ਸਰਕਾਰ ਤੋਂ ਅੱਕੇ: ਹਰਸਿਮਰਤ