ਲੋਕਰਾਜ ਬਨਾਮ ਜੁਮਲਾ ਤੰਤਰ

(ਸਮਾਜ ਵੀਕਲੀ)

ਭਾਜਪਾ ਰਾਜਨੀਤਕ ਪਾਰਟੀ ਨੇ ਜਦੋਂ ਦੀ ਕੇਂਦਰ ਵਿੱਚ ਕਮਾਂਡ ਸੰਭਾਲੀ ਹੈ ਲੋਕਰਾਜ ਵਿੱਚ ਲੋਕਾਂ ਦੀ ਆਵਾਜ਼ ਨੂੰ ਹੀ ਹਰ ਸਰਕਾਰ ਮੁੱਖ ਰੱਖਦੀ ਹੈ।ਪਰ ਇਸ ਵਿਚ ਸਾਡੇ ਪ੍ਰਧਾਨ ਮੰਤਰੀ ਜੀ ਨੇ” ਮਨ ਕੀ ਬਾਤ” ਨੂੰ ਸਰਕਾਰ ਦੀਆਂ ਖ਼ਾਸ ਨੀਤੀਆਂ ਦਾ ਆਧਾਰ ਬਣਾ ਲਿਆ ਹੈ, ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਭਾਰਤੀ ਖ਼ਜ਼ਾਨੇ ਵਿੱਚੋਂ ਕਰੋੜਾਂ ਰੁਪਿਆ ਖ਼ਰਚ ਕੇ ਇੱਕ ਦੋ ਗੱਲਾਂ ਨੂੰ ਲੈ ਕੇ ਮੋਦੀ ਸਾਬ੍ਹ ਕੋਈ ਰਾਗ ਅਲਾਪ ਦਿੰਦੇ ਹਨ।

ਜੋ ਉਸ ਦਿਨ ਸਾਰੇ ਦੂਰਦਰਸ਼ਨ ਤੇ ਆਕਾਸ਼ਵਾਣੀ ਦੇ ਕੇਂਦਰ ਤੇ ਗੋਦੀ ਮੀਡੀਆ ਦੇ ਚੈਨਲ ਪੇਸ਼ ਕਰ ਦਿੰਦੇ ਹਨ ਫੇਰ ਤਾਂ ਪੂਰਾ ਮਹੀਨਾ ਗੋਦੀ ਮੀਡੀਆ ਪ੍ਰਸਾਰ ਭਾਰਤੀ ਦਾ ਆਕਾਸ਼ਵਾਣੀ ਤੇ ਦੂਰਦਰਸ਼ਨ ਆਪਣੇ ਪ੍ਰੋਗਰਾਮਾਂ ਵਿੱਚ ਉਸੇ ਹੀ ਰਾਗ ਨੂੰ ਵਾਰ ਵਾਰ ਅਲਾਪਦਾ ਰਹਿੰਦਾ ਹੈ। ਭਾਜਪਾ ਦੇ ਕੇਂਦਰ ਵਿਚ ਪਹਿਲੇ ਪੰਜ ਸਾਲ ਲਗਾਤਾਰ ਮਨ ਕੀ ਬਾਤ ਤੇ ਹੁਣ ਉਹ ਹੀ ਲੜੀ ਚਾਲੂ ਹੈ ਜਨਤਾ ਸੁਣਦੀ ਹੈ ਜਾਂ ਨਹੀਂ, ਪਿਛਲੇ ਪੰਜ ਸਾਲ ਤਾਂ ਇਹ ਗੱਲ ਸਾਹਮਣੇ ਨਹੀਂ ਆਈ।

ਪਰ ਹੁਣ ਜਦੋਂ ਜਦੋਂ ਲੋਕਤੰਤਰ ਨੂੰ ਜੁਮਲਾ ਤੰਤਰ ਬਣਾ ਦਿੱਤਾ ਗਿਆ, ਪੂਰੇ ਦੇਸ਼ ਲਈ ਕੁਝ ਠੋਸ ਕੰਮ ਕੀਤਾ ਨਹੀਂ ਤਾਂ ਦੁਖੀ ਹੋਈ ਜਨਤਾ ਨੇ ਆਪਣੇ ਮਨ ਦੀ ਬਾਤ ਆਪਣੇ ਤਰੀਕੇ ਨਾਲ ਦੱਸਣੀ ਚਾਲੂ ਕਰ ਦਿੱਤੀ। ਲੋਕਾਂ ਦੀ ਆਵਾਜ਼ ਸੁਣਨ ਨੂੰ ਕੋਈ ਵੀ ਸਰਕਾਰ ਤਿਆਰ ਨਹੀਂ ਜਿਸ ਲਈ “ਮਨ ਕੀ ਬਾਤ” ਧੱਕੇ ਨਾਲ ਜਾਰੀ ਹੈ, ਲੋਕਾਂ ਵੱਲੋਂ ਆਪਣੇ ਦਿਲ ਦੀ ਗੱਲ ਲਿਖਣ ਲਈ ਉਹ ਖਾਨਾ ਬੰਦ ਕਰ ਦਿੱਤਾ ਗਿਆ। ਮਨ ਕੀ ਬਾਤ ਦਾ ਲੋਕਾਂ ਵੱਲੋਂ ਜੋ ਅਸਲੀ ਨਤੀਜਾ ਕੱਢਿਆ ਗਿਆ ਹੈ ਮੋਦੀ ਸਾਬ੍ਹ ਦਾ ਇਕ ਮਨੋਰੰਜਨ ਬਣਿਆ ਰਿਹਾ ਤੇ ਚਾਲੂ ਹੈ।

ਪਰ ਸਰਕਾਰ ਦੇ ਖਜ਼ਾਨੇ ਨੂੰ ਬਹੁਤ ਵੱਡਾ ਧੱਕਾ ਲੱਗਿਆ,ਦੇਸ਼ ਦੇ ਕਰੋੜਾਂ ਰੁਪਏ ਆਪਣੇ ਸ਼ੁਗਲ ਲਈ ਪ੍ਰਧਾਨ ਮੰਤਰੀ ਜੀ ਨੇ ਖ਼ਰਾਬ ਕਰ ਦਿੱਤੇ। ਭਾਜਪਾ ਦੇ ਸਾਰੇ ਐੱਮ. ਪੀ. ਜਿੱਥੇ ਵੀ ਭਾਜਪਾ ਦੀ ਸਰਕਾਰ ਹੈ, ਉੱਥੋਂ ਦੇ ਸਾਰੇ ਐਮ.ਐਲ.ਏ ਤੇ ਮੋਦੀ ਭਗਤ ਸਾਰਿਆਂ ਨੂੰ ਮਨ ਕੀ ਬਾਤ ਦਾ ਮੰਤਰ ਚੰਗੀ ਤਰ੍ਹਾਂ ਯਾਦ ਕਰਾ ਦਿੱਤਾ ਜਾਂਦਾ ਹੈ, ਉਹ ਆਪਣੀ ਜਨਤਾ ਜਾਂ ਲੋਕਾਂ ਲਈ ਕੋਈ ਵੀ ਸੇਵਾ ਦਾ ਕੰਮ ਕਰਨ ਜਾਣ ਸਾਰਾ ਕੰਮ ਦਾ ਸਿਹਰਾ ਮੋਦੀ ਸਾਬ੍ਹ ਦੇ ਸਿਰ ਬੰਨ੍ਹ ਦਿੰਦੇ ਹਨ, ਤੇ ਮੋਦੀ ਭਗਤ ਸੋਸ਼ਲ ਮੀਡੀਆ ਤੇ ਜਨਤਾ ਨਾਲ ਲੜਾਈਆਂ ਕਰਦੇ ਰਹਿੰਦੇ ਹਨ ਜੁਮਲਾ ਤੰਤਰ ਨੇ ਇਹ ਕੁਝ ਦਿੱਤਾ ਹੈ।

ਜਨਤਾ ਪਾਰਟੀ ਵੱਲੋਂ ਕੇਂਦਰ ਦੀ ਕਮਾਂਡ ਦੌਰਾਨ ਮੁਸਲਮਾਨਾਂ ਲਈ ਸੀ.ਏ. ਏ.ਕਾਨੂੰਨ ਬਣਾਇਆ,ਜੋ ਮੁਸਲਿਮ ਭਾਈਚਾਰੇ ਨੂੰ ਬਿਲਕੁਲ ਪਸੰਦ ਨਹੀਂ ਆਇਆ।ਕਹਿੰਦੇ ਵਿਉਪਾਰ ਨੂੰ ਉਤਸ਼ਾਹਤ ਕਰਨਾ ਹੈ ਉਸ ਲਈ ਜੀ.ਐਸ.ਟੀ ਕਾਨੂੰਨ ਬਣਾਇਆ ਗਿਆ ਵਿਉਪਾਰੀ ਵਰਗ ਨੂੰ ਆਪਣੇ ਕੰਮਕਾਜ ਦੇ ਵਿਰੁੱਧ ਲੱਗਿਆ ਤੇ ਉਨ੍ਹਾਂ ਨੇ ਇਸ ਦੀ ਵਿਰੋਧਤਾ ਕਰਨੀ ਹੀ ਸੀ।ਕਸ਼ਮੀਰ ਲਈ ਇੱਕ ਖ਼ਾਸ ਧਾਰਾ -370ਕਨੂੰਨ ਨੂੰ ਹਟਾਇਆ ਜੋ ਕਸ਼ਮੀਰੀਆਂ ਨੂੰ ਪਸੰਦ ਨਹੀਂ ਆਇਆ।

ਅਚਾਨਕ ਅੱਧੀ ਰਾਤ ਨੂੰ ਨੋਟਬੰਦੀ ਦਾ ਐਲਾਨ ਕਰ ਦਿੱਤਾ ਜੋ ਕਿ ਭਾਰਤ ਦੇ ਕਿਸੇ ਵੀ ਨਾਗਰਿਕ ਨੂੰ ਪਸੰਦ ਨਹੀਂ ਆਇਆ।ਹੁਣ ਬਿਨਾਂ ਵੋਟਿੰਗ ਹਿੱਕ ਦੇ ਜ਼ੋਰ ਤੇ ਕਿਸਾਨ ਵਿਰੋਧੀ ਤਿੰਨ ਕਾਨੂੰਨ ਪਾਸ ਕੀਤੇ ਗਏ ਜੋ ਕਿਸਾਨਾਂ ਨੂੰ ਬਿਲਕੁਲ ਪਸੰਦ ਨਹੀਂ ਆਏ।ਇਹ ਸਾਰੇ ਕਾਨੂੰਨਾਂ ਤੇ ਖ਼ਾਸ ਕਾਰਜਾਂ ਦੀ ਬਹੁਤ ਜ਼ੋਰ ਸ਼ੋਰ ਨਾਲ ਆਲੋਚਨਾ ਹੋਈ ਤੇ ਧਰਨੇ ਲੱਗੇ।ਪਿਛਲੇ ਦੋ ਮਹੀਨਿਆਂ ਤੋਂ ਕਿਸਾਨਾਂ ਦੇ ਧਰਨਿਆਂ ਬਾਰੇ ਤਾਂ ਹਰ ਕੋਈ ਜਾਣਦਾ ਹੀ ਹੈ।

ਜਨਤਾ ਦੀ ਪਸੰਦ ਨਾਪਸੰਦ ਨੂੰ ਅਣਡਿੱਠ ਕਰਦੇ ਹੋਏ ” ਭਾਰਤ ਦੀ ਜਨਤਾ ਕਰ ਲਓ ਘਿਓ ਨੂੰ ਭਾਂਡਾ”ਸਰਕਾਰ ਕਹਿੰਦੀ ਹੈ ਅਸੀਂ ਇਹ ਜਨਤਾ ਦੇ ਫ਼ਾਇਦੇ ਲਈ ਇਨਕਲਾਬੀ ਕਦਮ ਚੁੱਕਦੇ ਹੋਏ ਖ਼ਾਸ ਕਾਨੂੰਨ ਬਣਾਏ ਹਨ, ਪਰ ਲੋਕਾਂ ਨੂੰ ਸਮਝ ਨਹੀਂ ਆਏ।ਕੇਂਦਰ ਸਰਕਾਰ ਨੂੰ ਕੋਈ ਪੁੱਛੇ ਕਿ ਸਾਰੀ ਭਾਰਤ ਦੀ ਜਨਤਾ ਅਨਪੜ੍ਹ ਤੇ ਬਿਨਾਂ ਦਿਮਾਗ ਤੋਂ ਹੈ?

ਜਿਸ ਨੂੰ ਆਪਣੇ ਭਲੇ ਦੇ ਕੀਤੇ ਕੰਮ ਸਮਝ ਨਾ ਆਏ ਹੋਣ।ਮੇਰਾ ਖ਼ਿਆਲ ਭਾਰਤੀ ਜਨਤਾ ਪਾਰਟੀ ਕਿਸੇ ਦੂਸਰੇ ਗ੍ਰਹਿ ਤੋਂ ਆਈ ਹੈ,ਜਿਸ ਦੀ ਭਾਸ਼ਾ ਸਾਨੂੰ ਸਮਝ ਨਹੀਂ ਆ ਰਹੀ।ਜਦੋਂ ਦੇ ਮੋਦੀ ਜੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਹਨ ਇਹ ਇਕ ਡਿਜੀਟਲ ਦਾ ਰਾਗ ਅਲਾਪਦੇ ਰਹਿੰਦੇ ਹਨ।ਡਿਜੀਟਲ ਤਕਨੀਕ ਹਮੇਸ਼ਾ ਤਰੱਕੀਆਂ ਕਰਦੀ ਰਹਿੰਦੀ ਹੈ ਤੇ ਇਸ ਤਰੱਕੀ ਦੀ ਕੜੀ ਵਿੱਚੋਂ ਇਹ ਖਾਸ ਕਾਨੂੰਨ ਜਨਤਾ ਲਈ ਬਣਾਏ ਹੋਣਗੇ ਤੇ ਭਾਰਤ ਦੀ ਜਨਤਾ ਨੂੰ ਸਿੱਖਿਆ ਦੀ ਕਮੀ ਹੈ ਸ਼ਾਇਦ ਇਸ ਲਈ ਵੀ ਕੋਈ ਨਵਾਂ ਜੁਮਲਾ ਕਾਨੂੰਨ ਡਿਜੀਟਲ ਸਿੱਖਿਆ ਸ਼ੁਰੂ ਹੋ ਸਕਦੀ ਹੈ।

ਮੁਸਲਿਮ ਭਰਾਵਾਂ ਦਿੱਲੀ ਵਿੱਚ ਆਪਣੇ ਵਿਰੁੱਧ ਬਣੇ ਕਾਨੂੰਨ ਲਏ ਸਾਰਥਿਕ ਧਰਨਾ ਲਗਾਇਆ ਉਸ ਨੂੰ ਕਿਵੇਂ ਆਤੰਕਵਾਦੀਆਂ ਦਾ ਕਾਰਨਾਮਾ ਕਹਿ ਕੇ ਸਰਕਾਰ ਵੱਲੋਂ ਜ਼ੋਰ ਜਬਰਦਸਤੀ ਨਾਲ ਖ਼ਤਮ ਕੀਤਾ ਗਿਆ ਸਾਰੀ ਦੁਨੀਆਂ ਜਾਣਦੀ ਹੈ।ਕਸ਼ਮੀਰ ਦੀ ਖ਼ਾਸ ਧਾਰਾ ਸਮਾਪਤ ਕਰਨ ਵੇਲੇ ਸਰਕਾਰੀ ਤਾਕਤ ਦੀ ਵਰਤੋਂ ਇਥੋਂ ਤੱਕ ਕੀਤੀ ਜਾ ਰਹੀ ਹੈ ਕਿ ਕੋਈ ਫੋਨ ਕਰਨ ਦਾ ਵੀ ਤਰੀਕਾ ਨਹੀਂ ਪ੍ਰਸਾਰ ਭਾਰਤੀ ਮੀਡੀਆ ਸਰਕਾਰ ਦਾ ਆਪਣਾ ਹੈ ਤੇ ਪ੍ਰਾਈਵੇਟ ਮੀਡੀਆ ਪ੍ਰਿੰਟ ਮੀਡੀਆ ਤੇ ਬਿਜਲਈ ਮੀਡੀਆ ਹੋ ਤਾਂ ਮੋਦੀ ਸਰਕਾਰ ਦਾ ਗੋਦੀ ਮੀਡੀਆ ਬਣ ਕੇ ਰਹਿ ਗਿਆ ਹੈ।

ਸੋਸ਼ਲ ਮੀਡੀਆ ਕਸ਼ਮੀਰੀਆਂ ਲਈ ਬੰਦ ਹੈ ਉਨ੍ਹਾਂ ਦਾ ਕੀ ਹਾਲ ਜਾਂ ਬੁਰਾ ਹਾਲ ਹੈ ਕਿਸੇ ਨੂੰ ਕੀ ਪਤਾ ਲੱਗ ਸਕਦਾ ਹੈ। ਜੁਮਲਾ ਤਰੱਕੀ ਦੇ ਨਾਮ ਨਾਲ ਸਾਰੇ ਏਅਰ ਪੋਰਟ ਰੇਲ ਗੱਡੀਆਂ ਤੇ ਹੋਰ ਸਾਰੇ ਅਦਾਰੇ ਲੀਜ਼ ਜਾਂ ਠੇਕੇ ਤੇ ਚੜ੍ਹਾ ਦਿੱਤੇ ਗਏ ਹਨ ਸਾਰੇ ਕਰਮਚਾਰੀ ਬੇਰੁਜ਼ਗਾਰ ਹੋ ਗਏ ਹਨ ਜੇ ਕੋਈ ਆਪਣੇ ਮੂੰਹ ਤੋਂ ਆਵਾਜ਼ ਕੱਢਦਾ ਹੈ।ਤਾਂ ਗੋਦੀ ਮੀਡੀਆ ਉਸ ਨੂੰ ਦੇਸ਼ ਧ੍ਰੋਹੀ ਜਾਂ ਆਤੰਕਵਾਦੀ ਦਾ ਤਮਗਾ ਪਹਿਨਾ ਦਿੰਦਾ ਹੈ।ਕੋਰੋਨਾ ਮਹਾਂਮਾਰੀ ਦੀ ਆੜ ਥੱਲੇ ਖੇਤੀ ਵਿਰੋਧੀ ਤਿੰਨ ਕਨੂੰਨ ਧੜਾ ਧੜ ਪਾਸ ਕਰ ਦਿੱਤੇ,ਤੇ ਜੁਮਲਾ ਰੂਪੀ ਨਾਅਰਾ ਬੁਲੰਦ ਕੀਤਾ ਕਿ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਰਹੇ ਹਾਂ।

ਸਾਡਾ ਪੰਜਾਬ ਖੇਤੀਬਾੜੀ ਵਿੱਚ ਪੂਰੇ ਦੇਸ਼ ਵਿੱਚੋਂ ਮੋਢੀ ਹੈ ਤਾਂ ਇੱਥੋਂ ਦੇ ਕਿਸਾਨਾਂ ਨੇ ਤੁਰੰਤ ਆਵਾਜ਼ ਉਠਾਈ।ਤਾਂ ਕੇਂਦਰੀ ਸਰਕਾਰ ਵਿੱਚ ਸ਼ਾਮਲ ਸਾਰੀਆਂ ਪਾਰਟੀਆਂ ਨੇ ਉਨ੍ਹਾਂ ਬਿਲਾਂ ਨੂੰ ਕਿਸਾਨਾਂ ਦੇ ਭਲੇ ਲਈ ਦੱਸਣਾ ਲਈ ਥਾਂ ਥਾਂ ਤੇ ਅਨੇਕਾਂ ਤਰ੍ਹਾਂ ਦੇ ਤਰੀਕੇ ਅਪਣਾਏ।ਮੋਦੀ ਸਾਹਿਬ ਦਾ ਜੁਮਲਾ ਕਿ ਇਹ ਕਾਨੂੰਨ ਕਿਸਾਨਾਂ ਨੂੰ ਸਮਝ ਨਹੀਂ ਆਏ ਤੁਹਾਨੂੰ ਜਾ ਕੇ ਸਮਝਾਉਣੇ ਚਾਹੀਦੇ ਹਨ ਆਜ਼ਾਦੀ ਮਿਲਣ ਤੋਂ ਬਾਅਦ ਕਿਸਾਨੀ ਦਾ ਜੋ ਹਾਲ ਹੈ ਆਪਾਂ ਸਾਰੇ ਹੀ ਜਾਣਦੇ ਹਾਂ ਕਿਸਾਨਾਂ ਨੇ ਇਹ ਗੱਲ ਕਿੱਥੇ ਸੁਣਨੀ ਸੀ।

ਦੋ ਮਹੀਨੇ ਉਨ੍ਹਾਂ ਨੇ ਪੰਜਾਬ ਵਿੱਚ ਰੇਲਵੇ ਲਾਈਨਾਂ ਤੇ ਹੋਰ ਯੋਗ ਥਾਵਾਂ ਤੇ ਧਰਨੇ ਲਗਾਏ ਪਰ ਸਰਕਾਰ ਨੂੰ ਕੁਝ ਵਿਖਾਈ ਜਾਂ ਸੁਣਾਈ ਨਹੀਂ ਦਿੱਤਾ ਕਿਉਂਕਿ ਗੋਦੀ ਮੀਡੀਆ ਫ਼ਿਲਮੀ ਹੀਰੋ ਹੀਰੋਇਨਾਂ ਦੀਆਂ ਪ੍ਰੇਮ ਕਹਾਣੀਆਂ ਦਿਖਾ ਰਿਹਾ ਸੀ।ਸ਼ਾਇਦ ਉਨ੍ਹਾਂ ਨੂੰ ਸਮਝ ਨਹੀਂ ਸੀ ਕਿ ਅਸੀਂ ਜੋ ਰੋਟੀ ਖਾਂਦੇ ਹਾਂ ਇਹ ਕਿਸਾਨ ਦੇ ਖੇਤਾਂ ਵਿੱਚੋਂ ਹੀ ਪੈਦਾ ਹੁੰਦੀ ਹੈ।ਭਾਰਤ ਦੇ ਕਿਸਾਨਾਂ ਦੇ ਗੱਠਜੋੜ ਦਾ ਮੋਰਚਾ ਦਿੱਲੀ ਵਿੱਚ ਲੱਗਿਆ ਹੋਇਆ ਹੈ। ਨਵੰਬਰ ਮਹੀਨੇ ਦੇ ਮਨ ਕੀ ਬਾਤ ਜੁਮਲਾ ਪ੍ਰੋਗਰਾਮ ਵਿੱਚ ਮੋਦੀ ਸਾਬ ਫਿਰ ਉਹੀ ਰਾਗ ਅਲਾਪ ਰਹੇ ਹਨ ਕਿ ਕਿਸਾਨਾਂ ਦੇ ਭਲੇ ਲਈ ਕਾਨੂੰਨ ਬਣਾਏ ਗਏ ਹਨ।

ਇਨ੍ਹਾਂ ਨੂੰ ਸਮਝ ਨਹੀਂ ਆਏ ਤਾਂ ਲੱਖਾਂ ਕਰੋੜਾਂ ਜੋ ਧਰਨੇ ਤੇ ਬੈਠੇ ਹਨ ਉਹ ਸਾਰੇ ਲੋਕ ਸੋਚ ਸਮਝ ਤੋਂ ਖਾਲੀ ਹਨ ? ਪੰਜਾਬੀਆਂ ਦਾ ਇਤਿਹਾਸ ਕੁਰਬਾਨੀਆਂ ਭਰਪੂਰ ਹੈ।ਬਾਬਾ ਨਾਨਕ ਨੇ ਬਾਬਰ ਨੂੰ ਜਾਬਰ ਕਹਿ ਕੇ ਉਸ ਦੇ ਤਖ਼ਤ ਨੂੰ ਆਪਣੇ ਠੋਸ ਸ਼ਬਦਾਂ ਨਾਲ ਹਿਲਾ ਦਿੱਤਾ ਸੀ।”ਰਾਜੇ ਸ਼ੀਂਹ ਮੁਕੱਦਮ ਕੁੱਤੇ”ਇਹ ਉੱਚੀ ਸੋਚ ਦੀ ਲੜੀ ਨੇ ਬਾਬਾ ਨਾਨਕ ਦੀਆਂ ਉਦਾਸੀਆਂ ਨਾਲ ਕਿੱਥੇ ਬਾਬਾ ਨਾਨਕ ਜੀ ਨੇ ਜਿੱਤ ਪ੍ਰਾਪਤ ਨਹੀਂ ਕੀਤੀ ਸੀ ਇਤਿਹਾਸ ਇਸ ਗੱਲ ਦਾ ਗਵਾਹ ਹੈ।

ਸਾਡੇ ਗੁਰੂਆਂ ਪੀਰਾਂ ਦੇ ਦਿੱਤੇ ਸ਼ਬਦਾਂ ਨਾਲ ਸਾਡੇ ਕਿਸਾਨ ਕੇਂਦਰ ਸਰਕਾਰ ਨੂੰ ਸਾਰੀਆਂ ਮੀਟਿੰਗਾਂ ਵਿਚ ਹਰਾ ਰਹੇ ਹਨ।ਕਿਸਾਨਾਂ ਨਾਲ ਮੀਟਿੰਗ ਕਰ ਰਹੇ ਉੱਚ ਅਧਿਕਾਰੀ ਤੇ ਮੰਤਰੀਆਂ ਦੇ ਚਿਹਰੇ ਦੱਸ ਰਹੇ ਹਨ ਕਿ ਕਿਸਾਨਾਂ ਦੀ ਹਰ ਗੱਲ ਸਹੀ ਹੈ।ਪਰ ਅੰਬਾਨੀ ਅਡਾਨੀ ਦੇ ਇਸ਼ਾਰਿਆਂ ਤੇ ਹਾਲਾਂ ਵੀ ਕਿਸਾਨਾਂ ਨੂੰ ਆਪਣੇ ਨਵੇਂ ਨਵੇਂ ਤਰੀਕਿਆਂ ਨਾਲ ਚੁੱਪ ਕਰਾਉਣ ਤੇ ਧਰਨੇ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਮੋਦੀ ਜੀ ਨੇ ਵਿਦੇਸ਼ਾਂ ਦੇ ਟੂਰ ਸਭ ਤੋਂ ਵੱਧ ਲਗਾਉਣ ਦਾ ਰਿਕਾਰਡ ਪੈਦਾ ਕੀਤਾ ਹੈ।ਮੇਰਾ ਖ਼ਿਆਲ ਉਨ੍ਹਾਂ ਦੀ ਸੋਚ ਰਹੀ ਹੋਵੇਗੀ ਤੇ ਸਾਰੀ ਦੁਨੀਆਂ ਮੇਰੇ ਨਾਲ ਹੈ ਮੈਂ ਕਿਸੇ ਤਰ੍ਹਾਂ ਵੀ ਭਾਰਤ ਨੂੰ ਕਿਸੇ ਪਾਸੇ ਵੱਲ ਵੀ ਮੋੜ ਸਕਦਾ ਹਾਂ।

ਅਗਲੇ ਵਿਦੇਸ਼ੀ ਦੌਰਿਆਂ ਲਈ ਬਹੁਤ ਮਹਿੰਗਾ ਤੇ ਵਧੀਆ ਹਵਾਈ ਜਹਾਜ਼ ਵੀ ਤਿਆਰ ਕੀਤਾ ਹੈ। ਪਰ ਸਾਡੇ ਮਜ਼ਦੂਰ ਕਿਸਾਨਾਂ ਦਾ ਸੰਗਠਨ ਕਿਵੇਂ ਹਰਿਆਣਾ ਸਰਕਾਰ ਵੱਲੋਂ ਕੀਤੀਆਂ ਕੰਧਾਂ ਨੂੰ ਤੋੜ ਕੇ ਦਿੱਲੀ ਪਹੁੰਚਿਆ ਹੈ,ਸਾਰੇ ਭਾਰਤ ਦੇ ਕਿਸਾਨ ਪੰਜਾਬ ਨੂੰ ਵੱਡਾ ਭਾਈ ਕਹਿ ਕੇ ਸੰਬੋਧਨ ਕਰਦੇ ਹਨ ਤੇ ਮੋਢੇ ਨਾਲ ਮੋਢਾ ਜੋਡ਼ ਕੇ ਆ ਕੇ ਖੜ੍ਹੇ ਹੋ ਗਏ ਹਨ।ਇੰਗਲੈਂਡ ਆਸਟ੍ਰੇਲੀਆ ਕੈਨੇਡਾ ਦੀਆਂ ਸਰਕਾਰਾਂ ਨੇ ਵੀ ਮੋਦੀ ਨੂੰ ਸਲਾਹ ਦਿੱਤੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ।

ਸਦਕੇ ਜਾਈਏ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਜੀ ਦੇ ਜਿਨ੍ਹਾਂ ਨੇ ਸ਼ਰ੍ਹੇਆਮ ਕਿਸਾਨਾਂ ਦੇ ਧਰਨਿਆਂ ਦੇ ਹੱਕ ਵਿੱਚ ਜ਼ੋਰ ਸ਼ੋਰ ਨਾਲ ਨਾਅਰਾ ਲਗਾਇਆ ਤਾਂ ਕੈਨੇਡਾ ਸਰਕਾਰ ਦੇ ਰਾਜਦੂਤ ਨੂੰ ਬੁਲਾ ਕੇ ਭਾਰਤ ਸਰਕਾਰ ਵੱਲੋਂ ਟਰੂਡੋ ਨੂੰ ਚੁੱਪ ਰਹਿਣ ਲਈ ਇਹ ਉਲਾਂਭਾ ਦਿੱਤਾ ਕਿ ਸਾਡੇ ਜਾਤੀ ਮਾਮਲਿਆਂ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ।ਪਰ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਟਰੂਡੋ ਸਾਬ੍ਹ ਨੇ ਮੋੜਵਾਂ ਜਵਾਬ ਦਿੰਦੇ ਹੋਏ ਅੱਜ ਫਿਰ ਕਿਹਾ ਹੈ ਕਿ ਮੋਦੀ ਸਾਹਿਬ ਜੇ ਤੁਸੀਂ ਕਿਸਾਨਾਂ ਨਾਲ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡਾ ਕੈਨੇਡਾ ਵਿੱਚ ਦਾਖ਼ਲਾ ਬੰਦ ਕਰ ਦਿੱਤਾ ਜਾਵੇਗਾ।

ਸੰਯੁਕਤ ਰਾਸ਼ਟਰ ਸੰਘ ਦੇ ਸਕੱਤਰ ਨੇ ਵੀ ਖ਼ਾਸ ਭਾਸ਼ਨ ਵਿੱਚ ਸ਼ਾਂਤੀਪੂਰਵਕ ਕਿਸਾਨਾਂ ਦੇ ਧਰਨੇ ਨੂੰ ਸਹੀ ਠਹਿਰਾਇਆ ਹੈ। ਮੁੱਕਦੀ ਗੱਲ-ਭਾਰਤ ਦਾ ਇਤਿਹਾਸ ਗਵਾਹ ਹੈ ਜੋ ਵੀ ਸਾਡੇ ਦੇਸ਼ ਨਾਲ ਜ਼ੁਲਮ ਹੋਇਆ, ਉਸ ਲਈ ਟੱਕਰ ਪੰਜਾਬ ਤੋਂ ਸ਼ੁਰੂ ਹੋਈ ਤੇ ਜਿੱਤ ਪ੍ਰਾਪਤ ਕੀਤੀ ਗਈ।ਗੁਰੂ ਗੋਬਿੰਦ ਸਿੰਘ ਜੀ ਨੇ ਮੁਗ਼ਲ ਕਾਰਜਕਾਲ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਜਿਹੇ ਯੋਧਿਆਂ ਨੇ ਅੰਗਰੇਜ਼ਾਂ ਦਾ ਤਖਤ ਪਲਟ ਦਿੱਤਾ।ਹੁਣ ਤਾਂ ਲੋਕਰਾਜ ਹੈ ਲੋਕਾਂ ਦੀ ਆਵਾਜ਼ ਨੂੰ ਕਿਸੇ ਵੀ ਤਰੀਕੇ ਜਾਂ ਜੁਮਲੇ ਨਾਲ ਬੰਦ ਨਹੀਂ ਕੀਤਾ ਜਾ ਸਕਦਾ।ਭਾਰਤ ਸਰਕਾਰ ਨੂੰ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰ ਦੇਣਾ ਚਾਹੀਦਾ ਹੈ।

ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਕਾਨੂੰਨਾਂ ਦੀ ਪਰਿਭਾਸ਼ਾ ਕਰਨ ਦਾ ਕੋਈ ਫ਼ਾਇਦਾ ਨਹੀਂ।ਹੁਣ ਪੂਰੇ ਭਾਰਤ ਦੇ ਕਿਸਾਨ ਇੱਕੋ ਹੀ ਆਵਾਜ਼ ਵਿੱਚ ਨਾਅਰੇ ਲਗਾ ਰਹੇ ਹਨ ਜੈ ਜਵਾਨ ਜੈ ਕਿਸਾਨ ਜੈ ਸੰਘਰਸ਼, ਭਾਰਤ ਸਰਕਾਰ ਨੂੰ ਇਨ੍ਹਾਂ ਦੋ ਕੁਝ ਸ਼ਬਦਾਂ ਦਾ ਮਤਲਬ ਖ਼ੁਦ ਸਮਝ ਲੈਣਾ ਚਾਹੀਦਾ ਹੈ।ਮੋਦੀ ਜੀ ਆਪਣਾ ਇਹ ਜੁਮਲਾ ਇੱਜ਼ਤ ਨਾਲ ਵਾਪਸ ਲੈ ਲਵੋ ਇਹ ਕਾਨੂੰਨ ਲੋਕਾਂ ਦੇ ਭਲੇ ਲਈ ਬਣਾਏ ਹੋਏ ਹਨ ਤੁਸੀਂ ਸਮਝ ਨਹੀਂ ਰਹੇ।ਭਾਰਤੀ ਕਿਸਾਨਾਂ ਨੇ ਤੁਹਾਡੇ ਬਣਾਏ ਹੋਏ ਕਾਲੇ ਕਾਨੂੰਨਾਂ ਦੀ ਪਰਿਭਾਸ਼ਾ ਸਹੀ ਤਰੀਕੇ ਨਾਲ ਕੀਤੀ ਗੱਲਬਾਤ ਮੀਡੀਆ ਤੇ ਸੋਸ਼ਲ ਮੀਡੀਆ ਰਾਹੀਂ ਤੁਹਾਨੂੰ ਸਮਝਾ ਦਿੱਤੀ ਹੈ।

ਪੰਜਾਬ ਨੇ ਜੋ ਵੀ ਇਨਕਲਾਬ ਲਿਆਂਦਾ ਹੈ” ਹੱਕ ਜਿਨ੍ਹਾਂ ਦੇ ਆਪਣੇ ਉਹ ਆਪੇ ਲੈਣਗੇ ਖੋਹ”ਵਾਲੀ ਨੀਤੀ ਲਾਗੂ ਕਰ ਕੇ ਪ੍ਰਾਪਤ ਕੀਤੇ।ਤੁਹਾਡੀ ਸਰਕਾਰ ਨੂੰ ਕਿਸਾਨੀ ਸੋਚ ਨੇ ਵਾਹਣੀ ਪਾ ਲਿਆ ਹੈ। ਤੁਹਾਡੇ ਨਵੇਂ ਬਣਾਏ ਜਹਾਜ਼ ਜੋ ਵਿਦੇਸ਼ੀ ਯਾਤਰਾ ਲਈ ਬਣਾਏ ਹਨ ਉਹ ਵੀ ਕਿਸੇ ਕੰਮ ਨਹੀਂ ਆਉਣਗੇ ਕਿਉਂਕਿ ਵਿਦੇਸ਼ੀ ਸਰਕਾਰਾਂ ਵੀ ਤੁਹਾਨੂੰ ਥਾਂ ਨਹੀਂ ਦੇਣਗੀਆਂ।ਲੋਕਰਾਜ ਕੀ ਹੁੰਦਾ ਹੈ ਇਹ ਸਮਝੋ ਤੁਸੀਂ ਲੋਕਾਂ ਦੀਆਂ ਗੱਲਾਂ ਸਮਝੋ ਨਹੀਂ ਤਾਂ ਜਿਹੜੇ ਗ੍ਰਹਿ ਤੋਂ ਤੁਹਾਡੀ ਸਰਕਾਰ ਆਈ ਹੈ ਉਸ ਥਾਂ ਤੇ ਵਾਪਸ ਭੇਜ ਦਿੱਤੀ ਜਾਵੇਗੀ।

ਅੱਜ ਹੀ” ਮਨ ਕੀ ਬਾਤ” ਦਾ ਸਿਰਲੇਖ ਬਦਲ ਕੇ “ਜੈ ਜਵਾਨ ਜੈ ਕਿਸਾਨ ਜੈ ਸੰਘਰਸ਼” ਕਰੋ ਤੇ ਬੜੀ ਸ਼ਾਨ ਨਾਲ ਅੱਜ ਹੀ ਗੋਦੀ ਮੀਡੀਆ ਨੂੰ ਛੱਡ ਕੇ ਕਿਸਾਨਾਂ ਦੇ ਵਿਚ ਬੈਠ ਕੇ ਇਹੋ ਨਾਅਰਾ ਲਗਾਓ ਆਪਾਂ ਪੂਰੀ ਦੁਨੀਆ ਤੇ ਰਾਜ਼ ਕਰ ਸਕਣ ਦੇ ਕਾਬਿਲ ਹਾਂ ਹੋ ਜਾਵਾਂਗੇ ਤੇ ਹਮੇਸ਼ਾ ਰਹਾਂਗੇ।ਲੋਕਰਾਜ ਵਿੱਚ ਲੋਕਾਂ ਦਾ ਰਾਜ ਹੁੰਦਾ ਹੈ ਜੁਮਲੇ ਤੋਂ ਸੰਨਿਆਸ ਲੈਣਾ ਤੁਹਾਡਾ ਹੀ ਭਲਾ ਹੋਵੇਗਾ।

-ਆਮੀਨ

ਰਮੇਸ਼ਵਰ ਸਿੰਘ

ਸੰਪਰਕ ਨੰਬਰ -9914880392

Previous articleਜੇ ਹੁਣ ਤੂੰ ਨਾ ਸਮਝੀ ਦਿੱਲੀਏ ਤੈਨੂੰ ਅਸੀਂ ਸਮਝਾ ਦਿਆਗੇ!
Next articleਕੋਰੋਨਾ ਫਤਹਿ ਮੁਹਿੰਮ ਤਹਿਤ ਜਾਗਰੂਕਤਾ ਵੈਨ ਪਹੁੰਚੀ ਕਾਲਾ ਸੰਘਿਆ