ਲੋਕਮਨਾਂ ਵਿੱਚੋਂ ਵਿਸਰੀ ਸੰਧਾਰੇ ਦੀ ਮਹਿਕ

ਸਾਉਣ ਮਹੀਨਾ ਚੜ੍ਹਦੇ ਹੀ ਖ਼ਾਸ ਤੌਰ ‘ਤੇ ਨਵ – ਵਿਆਹੀਆਂ ਮੁਟਿਆਰਾਂ ਨੂੰ ਇੱਕ ਅਨੌਖੀ ਖ਼ੁਸ਼ੀ ਚੜ੍ਹ ਜਾਂਦੀ ਹੈ ਅਤੇ ਪੇਕੇ – ਘਰ ਦੀ ਯਾਦ ਆਉਣ ਲੱਗ ਪੈਂਦੀ ਹੈ। ਮੁਟਿਆਰਾਂ ਨੂੰ ਇੱਕ ਵੱਖਰਾ ਚਾਅ ਹੁੰਦਾ ਹੈ ਕਿ ਪੇਕੇ – ਘਰੋਂ ਉਨ੍ਹਾਂ ਲਈ ਕੋਈ ਸੰਧਾਰਾ ਲੈ ਕੇ ਜ਼ਰੂਰ ਆਵੇਗਾ। ਸੰਧਾਰਾ ਅਸਲ ਵਿੱਚ ਦੇਸੀ ਘਿਓ , ਦੁੱਧ ਅਤੇ ਆਟੇ ਦੇ ਬਣੇ ਬਿਸਕੁਟਾਂ ਦੇ ਰੂਪ ਵਿੱਚ ਹੁੰਦਾ ਸੀ। ਭਾਵੇਂ ਸਹੁਰੇ – ਘਰ ਮੁਟਿਆਰਾਂ ਨੂੰ ਖਾਣ – ਪੀਣ  , ਪਹਿਨਣ ਆਦਿ ਲਈ ਬਹੁਤ ਕੁਝ ਹੋਵੇ , ਪਰ ਮਾਪਿਆਂ ਵੱਲੋਂ ਸਾਉਣ ਮਹੀਨੇ ਸਹੁਰੇ – ਘਰ ਸੰਧਾਰੇ ਵਿੱਚ ਬਿਸਕੁਟਾਂ ਵਾਲਾ ਪੀਪਾ ਅਤੇ ਪਹਿਨਣ ਲਈ ਮਿਲੇ ਸੂਟ ਦਾ ਅਨੰਦ ਧੀਆਂ ਲਈ ਵੱਖਰਾ ਹੀ ਹੁੰਦਾ ਸੀ। ਮਾਪੇ ਵੀ ਸਾਉਣ ਚੜ੍ਹਦੇ ਹੀ ਬਿਸਕੁਟ ਬਣਾਉਣ ਦੀ ਤਾਂਘ ਰੱਖਦੇ ਹੁੰਦੇ ਸੀ। ਸੰਧਾਰੇ ਦੀ ਖੁਸ਼ਬੋ ਸਹੁਰੇ – ਘਰ ਬੈਠੀ ਧੀ ਨੂੰ ਮਾਪਿਆਂ ਦੀ ਯਾਦ ਕਰਵਾ ਜਾਂਦੀ ਹੁੰਦੀ ਸੀ। ਮਾਪਿਆਂ ਦੇ ਵੱਲੋਂ ਜਦੋਂ ਕੋਈ ਸੰਧਾਰਾ ਲੈ ਕੇ ਸਹੁਰੇ – ਘਰ ਵਸੀ ਧੀ ਕੋਲ ਪਹੁੰਚਦਾ ਤਾਂ ਧੀ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਹਿੰਦਾ। ਜਦੋਂ ਸਾਵਣ ਮਹੀਨੇ ਨਵ – ਵਿਆਹੀ ਜਾਂ ਹੋਰ ਕਿਸੇ ਮੁਟਿਆਰ ਦਾ ਸੰਧਾਰਾ ਆਉਂਦਾ ਤਾਂ ਉਸ ਨੂੰ ਆਂਢ  – ਗੁਆਂਢ ਵਿੱਚ ਜ਼ਰੂਰ ਵੰਡਿਆ ਜਾਂਦਾ ਹੁੰਦਾ ਸੀ। ਜਿਸ ਨਾਲ ਆਪਸੀ ਮਿਲਵਰਤਨ , ਏਕਤਾ , ਵਿਚਾਰਾਂ ਦੀ ਸੋਝੀ ਤੇ ਪ੍ਰਗਟਾਓ , ਭਾਈਚਾਰਕ ਪਿਆਰ ਤੇ ਸਾਂਝ ਵੀ ਮਜ਼ਬੂਤ ਹੁੰਦੀ ਸੀ। ਸਾਉਣ ਮਹੀਨੇ ਅਤੇ ਸੰਧਾਰੇ ਨਾਲ ਅਨੇਕਾਂ ਬੋਲੀਆਂ , ਗੀਤ ਤੇ ਨੋਕ – ਝੋਕ ਵੀ ਜੁੜੀ ਹੋਈ ਹੈ। ਜੇਕਰ ਪੇਕਿਆਂ ਵੱਲੋਂ ਸੰਧਾਰਾ ਨਾ ਆਉਂਦਾ ਤਾਂ ਸੱਸ ਮਿਹਣੇ ਮਾਰਦੀ ਆਖਦੀ :-

”  ਬਹੁਤਿਆਂ ਭਰਾਵਾਂ ਵਾਲੀਏ ,
ਤੈਨੂੰ ਤੀਆਂ ‘ਤੇ ਲੈਣ ਨਾ ਆਏ।”
 ਮੁਟਿਆਰ ਵੀ ਆਪਣੇ ਆਏ ਹੋਏ ਵੀਰ ਦੀ ਸੇਵਾ ਕਰਦੀ ਤੇ ਸੱਸ ਨੂੰ ਮਿਹਣਾ ਮਾਰਦੀ ਆਖਦੀ :-
” ਸੱਸੇ ਤੇਰੀ ਮੱਝ ਮਰਜੇ ,
ਮੇਰੇ ਵੀਰ ਨੂੰ ਸੁੱਕੀ ਖੰਡ ਪਾਈ । “
ਇੱਕ ਮਿਥਿਹਾਸ ਅਨੁਸਾਰ ਸਾਉਣ ਮਹੀਨੇ ਜ਼ਿਆਦਾ ਵਾਰਿਸ਼ਾਂ ਪੈਣ ਕਰਕੇ ਹੜ੍ਹ ਆ ਜਾਂਦੇ ਹੁੰਦੇ ਸੀ , ਆਵਾਜਾਈ ਦੇ ਸਾਧਨ ਵੀ ਇੰਨੇ ਨਹੀਂ ਸੀ ਹੁੰਦੇ ਤੇ ਮੀਂਹ ਨਾਲ ਘਰਾਂ ਦੀ ਹਾਲਤ ਵੀ ਖ਼ਰਾਬ ਹੋ ਜਾਂਦੀ ਹੁੰਦੀ ਸੀ ; ਇਸ ਲਈ ਔਖੀ ਘੜੀ ਨਾਲ ਨਜਿੱਠਣ ਲਈ ਆਪਣੀ ਧੀ ਨੂੰ ਦੁੱਧ , ਆਟੇ ਅਤੇ ਦੇਸੀ ਘਿਓ ਦੇ ਬਣੇ ਬਿਸਕੁਟ ਜੋ ਕਿ ਜਲਦੀ ਖਰਾਬ ਨਹੀਂ ਸਨ ਹੁੰਦੇ ਤੇ ਬਹੁਤ ਸਮੇਂ ਲਈ ਟਿਕਾਊ ਵੀ ਹੁੰਦੇ ਸਨ , ਧੀ ਨੂੰ ਸਹੁਰੇ – ਘਰ ਭੇਜੇ ਜਾਂਦੇ ਹੁੰਦੇ ਸਨ। ਫਿਰ ਹੌਲੀ – ਹੌਲੀ ਇਹ ਇੱਕ ਪ੍ਰਥਾ ( ਰਸਮ ) ਬਣ ਗਈ , ਜੋ ” ਸੰਧਾਰਾ ” ਦੇ ਨਾਂ ਨਾਲ ਜਾਣੀ ਜਾਣ ਲੱਗ ਪਈ। ਪਰ ਸਮੇਂ ਦੇ ਬਦਲਣ ਨਾਲ ਹੁਣ ਧੀਆਂ ਲਈ ਪੇਕਿਆਂ ਤੋਂ ਸੰਧਾਰੇ ਆਉਣੇ ਬਹੁਤ ਘੱਟ ਗਏ ਹਨ। ਹੁਣ ਲੋਕੀਂ ਮਠਿਆਈ ਜਾਂ ਡਰਾਈ – ਫਰੂਟ ਦੇਣ ਨੂੰ ਤਰਜੀਹ ਦੇਣ ਲੱਗ ਪਏ ਹਨ ਜਾਂ ਫਿਰ ਬਾਜ਼ਾਰੀ ਬਿਸਕੁਟਾਂ ਨੇ ਖ਼ੁਦ ਬਣਾਏ ਜਾਂ ਬਣਵਾਏ ਬਿਸਕੁਟਾਂ ਦੀ ਥਾਂ ਲੈ ਲਈ ਹੈ।  ਅੱਜਕੱਲ੍ਹ ਭਾਵੇਂ ਸੰਧਾਰੇ ਆਉਣੇ ਘੱਟ ਗਏ ਹੋਣ , ਪਰ ਇਹ ਸਾਡੇ ਵਿਰਸੇ ਦਾ ਇੱਕ ਅਨਿੱਖੜਵਾਂ ਅੰਗ ਜ਼ਰੂਰ ਹੈ ਅਤੇ ਇਸ ਦੀ ਮਹਿਕ ਅੱਜ ਵੀ ਲੋਕਮਨਾਂ ਵਿੱਚ ਵਸੀ ਹੋਈ ਹੈ।

ਲੇਖਕ ਮਾਸਟਰ ਸੰਜੀਵ ਧਰਮਾਣੀ 
ਸ੍ਰੀ ਅਨੰਦਪੁਰ ਸਾਹਿਬ 
9478561356 
Previous articleਨਿਰੋਗੀ ਜੀਵਨ ਤੇ ਲੰਬੀ ਉਮਰ ( ਛੇਵਾਂ ਅੰਕ)
Next articleਸ਼ਬਦ-ਸਮੁੰਦਰ ਵਿੱਚ ਉਤਰਦਿਆਂ…..!