(ਸਮਾਜ ਵੀਕਲੀ)
ਮੌਜੂਦਾ ਸਮੇਂ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਲਈ ਆਪਣੇ-ਆਪਣੇ ਢੰਗ ਨਾਲ ਹਰ ਵਰਗ ਦੇ ਲੋਕ ਸੰਘਰਸ਼ ਕਰ ਰਹੇ ਹਨ। ਹੁਣ ਖੇਤੀ ਕਾਨੂੰਨਾਂ ਦੀ ਲੜਾਈ ਕਿਸਾਨਾਂ ਦੀ ਨਹੀਂ ਬਲਕਿ ਪੂਰੇ ਭਾਰਤ ਵਾਸੀਆਂ ਦੀ ਲੜਾਈ ਬਣਦੀ ਨਜਰ ਆ ਰਹੀ ਹੈ, ਕਿਸਾਨਾ ਵੱਲੋ ਸ਼ੁਰੂ ਕੀਤੀ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਦੀ ਲੜਾਈ ਵਿਚ ਮਜਦੂਰਾ ਅਤੇ ਨੋਜਵਾਨ ਦੀ ਪਹਿਲੇ ਦਿਨ ਤੋਂ ਹੀ ਸ਼ਮੂਲੀਅਤ ਨੇ ਕਿਸਾਨੀ ਅੰਦੋਲਨ ਨੂੰ ਮਜਬੂਤ ਕਰਨ ਵਿਚ ਵੱਡਾ ਯੋਗਦਾਨ ਪਾਇਆ ਹੈ।
ਹੁਣ ਸਮਾਂ ਹੈ ਕਿ ਕਿਸਾਨ ਆਗੂ ਆਪਣੇ ਛੋਟੇ-ਮੋਟੇ ਆਪਸੀ ਮੱਤ-ਭੇਦ ਮਿਟਾ ਅੰਦੋਲਨ ਦੀ ਮਜਬੂਤੀ ਲਈ ਨੋਜਵਾਨਾ ਵਰਗ , ਵਿਦਿਆਰਥੀ ਵਰਗ, ਮੁਲਾਜਮ ਵਰਗ ਕਹਿਣ ਦਾ ਭਾਵ ਜੋ ਵੀ ਇਸ ਸੰਘਰਸ਼ ਵਿਚ ਨਾਲ ਆਉਣਾ ਚਾਹੁੰਦੇ ਹਨ ਉਨ੍ਹਾਂ ਨੂੰ “ਜੀ ਆਇਆ” ਆਖ ਇਹ ਅੰਦੋਲਨ ਦੀ ਖਿੰਡਰੀ ਹੋਈ ਤਾਕਤ ਨੂੰ ਇਕੱਠਾ ਕਰਨ ਅਤੇ ਇਕ ਮੰਚ ਤੇ ਲਿਆਉਣ ਅਤੇ ਵਿਚਾਰ ਵਟਾਂਦਰਾ ਕਰ ਅਗਲੇ ਪ੍ਰੋਗਰਾਮ ਉਲੀਕ ਅੰਦੋਲਨ ਨੂੰ ਇਕ ਨਵੀਂ ਦਿਸ਼ਾ ਦੇਣ, ਕਿਉਕਿ ਇਹ ਕਿਸਾਨ ਅੰਦੋਲਨ ਹੁਣ ਸੀਮਿਤ ਨਹੀਂ ਰਿਹਾ, ਇਹ ਇਕ ਦੇਸ਼ ਵਿਆਪੀ ਅੰਦੋਲਨ ਬਣ ਚੁੱਕਾਂ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਹੀ ਨਹੀਂ ਬਲਕਿ ਪੂਰੇ ਦੇਸ਼ ਤੋਂ ਲੋਕ ਇਸ ਕਿਸਾਨ ਅੰਦੋਲਨ ਚ ਸਹਿਯੋਗ ਕਰਨ ਲਈ ਅੱਗੇ ਆ ਰਹੇ ਹਨ।
ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੀਆਂ ਕਿਸਾਨ ਅੰਦੋਲਨ ਦੀਆ ਸਟੇਜਾਂ ‘ਤੇ ਹਜ਼ਾਰਾਂ ਲੋਕਾ ਦਾ ਇਕੱਠ ਦਿਖਾਈ ਦੇ ਰਿਹਾ ਹੈ। ਦਿੱਲੀ ਦੇ ਬਾਰਡਰਾਂ ‘ਤੇ ਕਿਸਾਨਾਂ, ਮਜਦੂਰਾਂ ਤੇ ਇਸ ਅੰਦੋਲਨ ਦਾ ਸਮਰਥਨ ਕਰਨ ਵਾਲੇ ਸਭ ਵਰਗਾ ਦੇ ਲੋਕਾਂ ਦੀ ਆਮਦ ਵਧ ਗਈ ਹੈ, ਸਿੰਘੂ ਬਾਰਡਰ, ਟਿਕਰੀ ਬਾਰਡਰ ਅਤੇ ਗਾਜ਼ੀਪੁਰ ਬਾਰਡਰ ਦੀਆਂ ਸਟੇਜਾਂ ਨਵੇਂ ਜੋਸ਼, ਨਵੀਂ ਊਰਜਾ ਨਾਲ ਨਜ਼ਰ ਆ ਰਹੀਆਂ ਹਨ।
ਕਿਉ ਕਿ ਹੁਣ ਸ਼ਹਿਰਾਂ ਦਾ ਮਿਡਲ ਕਲਾਸ ਵਰਗ ਜੋ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਲਾਗੂ ਹੋਣ ਨਾਲ ਸਭ ਤੋਂ ਵੱਧ ਭਰ-ਭਾਵਿਤ ਹੋਵੇਂਗਾ ਉਸ ਦਾ ਵੱਡਾ ਹਿਸਾ ਜੋ ਘਰਾਂ ਚ ਬੈਠਾ ਸੀ ਹੁਣ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਲਈ ਆਪਣਾ ਸਮਰਥਨ ਦੇਣ ਦੇ ਲਈ ਅੱਗੇ ਆ ਰਿਹਾ ਹੈ ਕਿਉ ਕਿ ਹੁਣ ਸ਼ਹਿਰਾਂ ਦਾ ਮਿਡਲ ਕਲਾਸ ਵਰਗ ਇਹ ਜਾਣ ਚੁੱਕਾ ਹੈ ਕਿ ਜੇਕਰ ਇਹ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਆਉਣ ਵਾਲੇ ਸਮੇਂ ਬੇਰੋਜ਼ਗਾਰੀ ਤੇ ਮਹਿੰਗਾਈ ਦੀ ਮਾਰ ਸਬ ਤੋਂ ਵੱਧ ਮਿਡਲ ਕਲਾਸ ਵਰਗ ਤੇ ਹੀ ਪਏਗੀ। ਹੁਣ ਕਿਸਾਨੀ ਅੰਦੋਲਨ ਦਾ ਦਾਇਰਾ ਵੱਧਦਾ ਜਾਅ ਰਿਹਾ ਹੈ, ਕਿਸਾਨੀ ਅੰਦੋਲਨ ਹੁਣ ਇਕ ਲੋਕ ਲਹਿਰ ਦਾ ਰੂਪ ਲੈਚੁਕਾ ਹੈ।
ਦਿੱਲੀ ਦੀਆ ਸਰਹੱਦਾਂ ਤੇ ਸ਼ਾਂਤਮਈ ਅੰਦੋਲਨ ਕਰਦੇ ਤਕਰੀਬਨ 100 ਦਿਨ ਤੋਂ ਵੱਧ ਹੋ ਚੱਲੇ ਹਨ, ਇਸ ਦੌਰਾਨ ਅੰਦੋਲਨ ਵਿਚ ਹੁਣ ਤਕ ਤਕਰੀਬਨ 200 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ ਅਤੇ ਲਗਾ ਤਾਰ ਸ਼ਾਂਤਮਈ ਅੰਦੋਲਨ ਕਰਦੇ ਹੋਏ ਹਰ ਦਿਨ ਕਿਸਾਨ ਸ਼ਹੀਦੀ ਪਾਅ ਰਹੇ ਹਨ। ਇਹ ਸਭ ਦੇਖ, ਸੁਣ ਕੇ ਮਨ ਬਹੁਤ ਉਦਾਸ ਹੋ ਜਾਂਦਾ ਹੈ ਤੇ ਇਹ ਸੋਚਦਾ ਹੈ, ਕਿ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਅਖਵਾਉਣ ਵਾਲੇ ਦੇਸ਼ ਵਿਚ ਸ਼ਾਂਤਮਈ ਅੰਦੋਲਨ ਕਰਦੇ ਦੇਸ਼ ਦੀ ਰਾਜਧਾਨੀ ਦਿੱਲੀ ਅੰਦਰ ਜਿਥੋਂ ਸਰਕਾਰ ਵੱਲੋ ਲੋਕਤੰਤਰ ਦੀ ਗੱਲ ਕੀਤੀ ਜਾਂਦੀ ਹੈ ਅੱਜ ਉਥੇ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਲਈ ਕਿਸਾਨ ਅੰਦੋਲਨ ਚ ਸ਼ਾਂਤਮਈ ਸੰਘਰਸ਼ ਕਰਦੇ ਲੋਕ ਆਪਣੀਆਂ ਜਾਨਾ ਗੁਆ ਸ਼ਹੀਦੀਆਂ ਪਾਅ ਰਹੇ ਹਨ।
ਕੀ ਹਰ ਦਿਨ ਹੋ ਰਹੀਆਂ ਇਹ ਮੌਤਾਂ ਕੇਂਦਰ ਸਰਕਾਰ ਨੂੰ ਦਿਖਾਈ ਨਹੀਂ ਦਿੰਦੀਆਂ ? ਹਰ ਦੇਸ਼ਵਾਸੀ ਦੀ ਸੁਰੱਖਿਆ ਕਰਨਾ ਸਰਕਾਰ ਦੀ ਜੁਮੇਵਾਰੀ ਬਣਦੀ ਹੈ। ਕਿਸੇ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਰਹੇ ਇਬਰਾਹਿਮ ਲਿੰਕਨ ਨੇ ਲੋਕਤੰਤ ਬਾਰੇ ਕਿਹਾ ਸੀ, ਕਿ ਲੋਕਤੰਤਰ ਲੋਕਾਂ ਦਾ , ਲੋਕਾਂ ਵਲੋਂ ਅਤੇ ਲੋਕਾਂ ਲਈ ਰਾਜ ਹੁੰਦਾ ਹੈ। ਮੌਜੂਦਾ ਸਮੇਂ ਇਬਰਾਹਿਮ ਲਿੰਕਨ ਦੀਆਂ ਇਹ ਸਤਰਾਂ ਸੋਚਣ ਲਈ ਮਜਬੂਰ ਕਰਦੀਆਂ ਹਨ। ਸਾਨੂੰ ਸਭ ਨੂੰ ਇਸ ਲੋਕਰਾਜ ਦੀ ਸੁਚੱਜੀ ਬਹਾਲੀ ਲਈ ਸੋਚਣਾ ਪਵੇਗਾ ।
ਹਰਮਨਪ੍ਰੀਤ ਸਿੰਘ,
ਸਰਹਿੰਦ, ਜ਼ਿਲ੍ਹਾ: ਫ਼ਤਹਿਗੜ੍ਹ ਸਾਹਿਬ,
ਸੰਪਰਕ ਨੰਬਰ: 9855010005.