” ਅਸੀਸ ਨਵਜੰਮੀ ਧੀ ਦੀ “

ਅਸਿ. ਪ੍ਰੋ. ਗੁਰਮੀਤ ਸਿੰਘ

(ਸਮਾਜ ਵੀਕਲੀ)

” ਨੀ ਧੰਨ ਕੁਰੇ, ਕੀ ਕਰੀ ਜਾਂਦੀਂ ਏ ” ਕਰਤਾਰੀ ਨੇ ਬੇਬੇ ਧੰਨ ਕੌਰ ਨੂੰ ਬੂਹਾ ਖੋਲਦੀ ਨੇ ਘਰ ਅੰਦਰ ਆਉਂਦੀ ਨੇ ਕਿਹਾ।
” ਕੁੱਝ ਨੀ ਕਰਤਾਰੀਏ , ਮੇਰੀ ਪੋਤੀ ਨੂੰ ਤਿਆਰ ਕਰਦੀ ਹਾਂ, ਸਕੂਲ ਜਾਣਾ ਇਸ ਨੇ ………”

” ਨੀ ਇਹਦੀ ਮਾਂ ਕੀ ਕਰਦੀ ਆ, ਉਹ ਕਰਦਿਆ ਕਰੇ ਤਿਆਰ ਇਹਨੂੰ, ਹਰ ਵੇਲੇ ਵੱਡਿਆਂ ਨੂੰ ਤੰਗ ਕਰਦੇ ਰਹਿੰਦੇ ਆ, ਅੱਜ ਕੱਲ੍ਹ ਦੇ ਜਵਾਕ ਜੇ ” ਬੇਬੇ ਧੰਨ ਕੋਰ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਬੇਬੇ ਕਰਤਾਰੀ ਬੇਬੇ ਨੂੰ ਗੱਲ ਕਹਿ, ਮੁਸ਼ਕੀ ਜੀ ਹੱਸਣ ਲੱਗ ਪਈ।
” ਨਹੀਂ ਕਰਤਾਰੀਏ ! ਉਹ ਛੋਟੀ ਕੁੜੀ ਨੂੰ ਦੁੱਧ-ਪਾਣੀ ਪਿਆਉਂਦੀ ਹੋਣੀਂ ਏ, ਨਾਲੇ ਹਰਮਨ ਨੇ ਵੀ ਡਿਊਟੀ ਜਾਣਾ ਹੁੰਦਾ, ਉਹਦਾ ਰੋਟੀ-ਟੁੱਕ ਤਿਆਰ  ਕਰਦੀ ਆ ” ਬੇਬੇ ਧੰਨ ਕੌਰ ਨੇ ਆਪਣੀ ਨੂੰਹ ਦੇ ਲਈ ਹਮਦਰਦੀ ਜਤਾਈ।

” ਦੋ ਕੁੜੀਆਂ , ਨਾ ਮੁੰਡਾ ਤੇਰਾ ਪੜ੍ਹਿਆ ਲਿਖਿਆ ਆ, ਐਨੀ ਉਹਨੇ ਵੱਡੇ ਕਾਲਜਾਂ ਚ’ ਪੜ੍ਹਾਈ ਕੀਤੀ ਹੋਈ ਆ , ਬਹੁਤ ਜਾਣ-ਪਛਾਣ ਹੋਣੀ ਆ ਤੇਰੇ ਪੁੱਤ ਦੀ, ਕਿਸੇ ਚੰਗੇ ਡਾਕਟਰ ਤੋਂ ਦਵਾਈ ਬੂਟੀ ਲੈ ਲੈਣੀ ਸੀ, ਜਾਂ ਕਿਸੇ ਤੋਂ ਚੈੱਕ-ਚੁੱਕ  ਜਾ ਹੀ ਕਰਾ ਲੈਂਦੇ, ਕਿਉਂ ਔਖੀ ਹੋਈ ਜਾਂਦੀ ਐਂ, ਰੱਬ ਦਾ ਦਿੱਤਾ ਸਭ ਕੁੱਝ ਆ ਤੇਰੇ ਕੋਲ ” ਇੱਕੋ ਸਾਹ ਕਰਤਾਰੀ ਬੇਬੇ ਧੰਨ ਕੋਰ ਨੂੰ ਕੲੀ ਗੱਲਾਂ ਕਹਿ ਗੲੀ।

” ਨੀ ਬੱਸ ਸਭ ਰੱਬ ਦੇ ਰੰਗ ਦੇ ਨੇ ” ਬੇਬੇ ਧੰਨ ਕੌਰ ਨੇ ਹੱਥ ਜੋੜਦੇ ਹੌਕਾ ਜਿਹਾ ਲਿਆ।

” ਚੱਲ ਮੈਂ ਤਾਂ ਚੱਲਦੀ ਹਾਂ, ਮੈਂ ਤਾਂ ਗੁਰੂਘਰ ਭੋਗ ਤੇ ਚੱਲੀ ਆਂ ਤੂੰ ਨੀ ਜਾਣਾ ”

” ਤੂੰ ਚੱਲ ਕਰਤਾਰੀਏ , ਮੈਂ ਆਉਣੀ ਆਂ ”

ਕੁੱਝ ਦਿਨਾਂ ਬਾਅਦ ਬੇਬੇ ਧੰਨ ਕੌਰ ਨੂੰ ਕਰਤਾਰੀ ਦੀਆਂ ਗੱਲਾਂ ਨੇ ਪ੍ਰੇਸ਼ਾਨ ਜਾ ਕਰੀ ਰੱਖਿਆ ਆਖਿਰ ਇੱਕ ਦਿਨ ਬੇਬੇ ਨੇ ਹਰਮਨ ਨੂੰ ਕੋਲ ਬੁਲਾਇਆ ਤੇ ਮਨ ਦੇ ਬੋਝ ਨੂੰ ਹੌਲਾ ਕਰਦੀ ਹੋਈ ਬੋਲੀ ” ਵੇਖ ਪੁੱਤ ਤੇਰਾ ਪਿਓ ਤਾਂ ਪੋਤੇ ਦਾ ਮੂੰਹ ਵੇਖਣ ਤੋਂ ਪਹਿਲਾਂ ਹੀ ਤੁਰ ਗਿਆ, ਪੁੱਤ ਤੇਰੀ ਤਾਂ ਚੰਗੀ ਜਾਣ-ਪਛਾਣ ਹੈ ਤੂੰ ਟੈਸਟ ਜਿਹਾ ਕਰਵਾ ਲੈ ਇਹਨਾਂ ਧੀਆਂ ਨੂੰ ਵੀਰ ਮਿਲ ਜਾਊਗਾ ਤੇ ਮੈ ਜਿਉਂਦੇ ਜੀਅ ਪੋਤੇ ਦਾ ਮੂੰਹ ਵੇਖ ਲਵਾਂਗੀ” ਮਾਂ ਨੇ ਹਰਮਨ ਨੂੰ ਕਹਿ ਆਪਣਾ ਮਨ ਹੌਲਾ ਕੀਤਾ।

” ਮਾਂ,ਅੱਜ ਦੇ ਸਮੇਂ ਧੀਆਂ ਪੁੱਤਾਂ ਵਿੱਚ ਕੋਈ ਫਰਕ ਨਹੀਂ” ਹਰਮਨ ਨੇ ਜਵਾਬ ਦਿੱਤਾ।

“ਪਰ ਵੰਸ਼ ਤਾਂ ਪੁੱਤਰਾਂ ਨਾਲ ਹੀ ਅੱਗੇ ਤੁਰਦਾ ਪੁੱਤ, ਸਾਰੀ ਦੁਨੀਆਂ ਕਰੀ ਜਾਂਦੀ ਐ।” ਬੇਬੇ ਧੰਨ ਕੋਰ ਨੇ ਮੁੜ ਕਿਹਾ।

ਹਰਮਨ ਮਾਂ ਦੀ ਗੱਲ ਅੱਣਸੁਣੀ ਜਿਹੀ ਕਰਕੇ ਚਲਾ ਗਿਆ।  ਹਰਮਨ ਨੇ ਆਪਣੇ ਬਚਪਨ ਦੇ ਦੋਸਤ ਪਰਮਿੰਦਰ ਨੂੰ ਸਾਰੀ ਗੱਲਬਾਤ ਦੱਸੀ, ਉਸ ਦੀ ਵਾਕਫੀਅਤ ਜ਼ਿਆਦਾ ਹੋਣ ਕਰਕੇ ਕਿਵੇਂ ਨਾ ਕਿਵੇਂ  ਉਸਨੇ ਟੈਸਟ ਕਰਵਾ ਦਿੱਤਾ। ਟੈਸਟ ਤੋਂ ਬਾਅਦ ਹਰਮਨ ਨੂੰ ਉਸ ਦੇ ਦੋਸਤ ਨੇ ਦੱਸਿਆ,” ਰਿਪੋਰਟ ਮੁਤਾਬਿਕ ਬੱਚੇ  ਜੋੜੇ ਹਨ,ਕੋਈ ਵੀ ਰਿਸਕ ਨਹੀਂ ਲੈ ਸਕਦੇ।ਅੱਗੇ ਫੈਸਲਾ ਤੁਹਾਡੇ ਹੱਥ ਵਿਚ ਹੈ ਕੀ ਕਰਨਾ ? ਬੱਚੇ ਰੱਖਣੇ ਹਨ ਜਾਂ ………?”

ਹਰਮਨ ਨੇ ਕਿਹਾ,”ਠੀਕ ਹੈ,ਅਸੀਂ  ਘਰ ਸਲਾਹ ਕਰਕੇ ਦੱਸਦੇ ਹਾਂ।”

ਘਰਵਾਲੀ ਸਿਮਰਨ ਨੇ ਦੋਵੇਂ ਬੱਚੇ ਰੱਖਣ ਲਈ ਹਰਮਨ ਨੂੰ ਕਿਹਾ ਤੇ ਹਰਮਨ ਵੀ ਝੱਟ ਮੰਨ ਗਿਆ। ਹਰਮਨ ਨੇ ਆਪਣੀ ਮਾਂ ਨੂੰ ਖੁਸ਼ ਕਰਨ ਲੲੀ ਆਖ ਦਿੱਤਾ ਕਿ ਚੈੱਕ ਕਰਵਾ ਲਿਆ ਹੈ। ਇਸ ਵਾਰ ਮੁੰਡਾ ਹੀ ਦੱਸਿਆ ਹੈ।

ਧੰਨ ਕੌਰ ਦੇ ਖੁਸ਼ੀ ਨਾਲ  ਧਰਤੀ ਪੈਰ ਨਹੀਂ ਲੱਗੇ! ਹੁਣ ਉਹ ਹਰ ਵੇਲੇ ਨੂੰਹ ਦਾ ਧਿਆਨ ਰੱਖਣ ਲੱਗ ਪਈ। ਸ਼ਾਇਦ ਉਸ ਨੂੰ ਆਪਣੇ ਆਉਣ ਵਾਲੇ ਪੋਤੇ ਦਾ ਬੇਸਬਰੀ ਨਾਲ ਚਾਅ ਜੋ ਹੈ।

ਸਮਾਂ ਬੀਤਿਆ ਘਰਵਾਲੀ ਦਾ ਜਾਪਾ ਕਰਵਾਉਣ ਲੲੀ  ਹਰਮਨ ਸ਼ਹਿਰ ਲੈ ਆਇਆ ਅਤੇ ਹਸਪਤਾਲ ਵਿਚ ਦਾਖਲ ਕਰਵਾ ਦਿੰਦਾ ਹੈ। ਥੋੜੀ ਦੇਰ ਬਾਦ ਅਪਰੇਸ਼ਨ ਥੀਏਟਰ ਚੋਂ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ।

ਧੰਨ ਕੌਰ ਦੀਆਂ ਅੱਖਾਂ ਪੋਤੇ ਨੂੰ ਵੇਖਣ ਲੲੀ ਦਰਵਾਜ਼ੇ ਵੱਲ ਹੀ ਹਨ! ਇੰਨੇ ਨੂੰ ਨਰਸ ਆਈ,”ਲੈ ਬੇਬੇ! ਵਧਾਈ ਹੋਵੇ ਤੇਰੇ ਘਰ ਲਕਸ਼ਮੀ ਨੇ ਪੈਰ ਪਾਏ ਨੇ ”

ਬੇਬੇ ਧੰਨ ਕੌਰ ਨੂੰ ਪੈਰੋਂ ਥੱਲੇ ਜ਼ਮੀਨ ਖਿਸਕ ਗੲੀ ਜਾਪੇ, ਜਿਵੇਂ ਸਾਰੇ ਚਾਅ ਤੇ ਖੁਸ਼ੀ ਕੋਈ ਲੁੱਟ ਕੇ ਹੀ ਲੈ ਗਿਆ ਹੁੰਦਾ ਤੇ ਉਸ ਨੂੰ ਗੱਸ਼ ਪੈਣ ਨੂੰ ਜਾਵੇ । ਬੇਬੇ ਧੰਨ ਕੋਰ ਗੁੱਸੇ ਚ ਹਰਮਨ ਵੱਲ ਵੇਖਦੀ ਰਹੀ, ਪਰ ਹਰਮਨ ਚੁੱਪ ਚਾਪ ਵੇਖਦਾ ਰਿਹਾ। ਐਨੇ ਨੂੰ ਨਰਸ ਫੇਰ ਆਈ ਤੇ ਬੋਲੀ ” ਵਧਾਈ ਹੋਵੇ ਜੁੜਵਾਂ ਬੱਚੇ ਹੋਏ ਨੇ ਇਸ ਵਾਰ ਮੁੰਡਾ ਹੋਇਆ , ਭੈਣ ਭਰਾ ਦੀ ਜੋੜੀ ਆਈ ਹੈ, ਬੇਬੇ ਤੈਨੂੰ ਵਧਾਈਆਂ ਹੋਣ ”
ਬੇਬੇ ਧੰਨ ਕੌਰ ਵਿਚ ਇੱਕ ਦਮ ਜਿਵੇਂ ਜਾਨ ਪੈ ਗੲੀ ਹੋਵੇ ਤੇ ਪੋਤੇ ਨੂੰ ਵੇਖ ਅੱਖਾਂ ਚ ਇਕ ਦਮ ਚੱਮਕ ਆ ਗਈ ।

ਉਸ ਨੇ ਇੱਕ ਸੋ ਸੋ ਦੇ ਦੋ ਨੋਟ ਕੱਢੇ ਇਕ ਮੁੰਡੇ ਤੋਂ ਤੇ ਇਕ ਕੁੜੀ ਤੋਂ ਵਾਰ ਕੇ ਨਰਸ ਨੂੰ ਫੜਾਏ ਆਖਣ ਲੱਗੀ,”ਲੈ ਧੀਏ ਤੈਨੂੰ ਵੀ ਰੱਬ ਵਧਾਵੇ, ਖੁਸ਼ ਰਹੋ ” ਲੈ ਦੱਸ ਆ ਕੁੜੀ ਕਿਹੜਾ ਮਾੜੀ ਐ, ਜਿਹੜਾ ਆਪਣਾ ਵੀਰ ਨਾਲ ਲੈ ਕੇ ਆਈ ਏ। ਬੇਬੇ ਧੰਨ ਕੌਰ ਦੇ ਮੱਮੋ ਠੱਗਣੇ ਬੋਲਾਂ ਚ ਸਵਾਰਥ ਸਾਫ ਝੱਲਕ ਰਿਹਾ ਸੀ ।ਕਦੇ ਕੁੜੀ ਨੂੰ ਪਿਆਰ ਕਰੇ ਤੇ ਕਦੇ ਮੁੰਡੇ ਦਾ ਮੱਥਾ ਚੁੰਮੇ।

ਨਰਸ ਨੇ ਦੋਨੋਂ ਬੱਚੇ ਸਾਫ ਕੱਪੜੇ ਵਿਚ ਲਪੇਟ ਕੇ ਇਕੱਠੇ ਬੈੱਡ ਤੇ ਲਿਟਾ ਦਿੱਤੇ । ਛੋਟੀ ਬੱਚੀ ਦੀਆਂ ਅੱਖਾਂ ਆਪਣੇ ਵੀਰ  ਵੱਲ ਵੇਖਦੀਆਂ ਚਿਹਰੇ ਤੇ ਖੁਸ਼ੀਆਂ ਵੰਡ  ਦੀਆਂ ਜਾਪੀਆਂ ਜਿਵੇਂ ਉਹ ਆਖ ਰਹੀ ਹੋਵੇ,”ਧੰਨਵਾਦ ਵੀਰ, ਤੇਰੇ ਕਰਕੇ ਮੇਰਾ ਇਸ ਜਹਾਨ ਵਿਚ ਆਉਣਾ ਹੋਇਆ ਨਹੀਂ ਤਾਂ ਮੇਰੇ ਵਰਗੀਆਂ ਪਤਾ ਨਹੀਂ ਕਿੰਨੀਆਂ  ਕੁੜੀਆਂ ਕੁੱਖਾਂ ਵਿਚੋਂ ਹੀ ਅਲੋਪ ਹੋ ਗੲੀਆਂ ਜਾਂ ਇਹਨਾਂ ਬੁੱਚੜਾਂ ਨੇ ਵੱਡ ਟੁੱਕ ਕੇ ਕਿਸੇ ਕੂੜੇ ਦੇ ਢੇਰ ਤੇ ਸੁੱਟ ਦਿੱਤੀਆਂ ਨੇ , ਜਿਉਂਦਾ ਰਹਿ ਲੰਮੀਆਂ ਉਮਰਾਂ ਮਾਣੇ  ” ਹਰਮਨ ਨੂੰ ਆਪਣੀ ਨਵਜਨਮੀ ਧੀ ਦੇ ਚਿਹਰੇ ਦੀ ਖੁਸ਼ੀ ਆਪਣੇ ਆਪ ਨੂੰ ਵੀ ਆਸੀਸ ਦਿੰਦੀ ਜਾਪੀ। ਹਰਮਨ ਨੂੰ ਪਤਾ ਸੀ ਕਿ ਜੋੜੇ ਬੱਚਿਆਂ ਵਿੱਚੋਂ ਇੱਕ ਕੁੜੀ ਤੇ ਇਕ ਮੁੰਡਾ ਸੀ , ਉਸਨੇ ਜਾਣ ਬੁੱਝ ਆਪਣੀ ਮਾਂ ਤੋਂ ਛੁਪਾ ਕੇ ਰੱਖਿਆ ਕਿਉਂਕਿ ਉਸ ਨੂੰ ਆਪਣੀ ਨਵਜਨਮੀ ਧੀ ਦੀਆਂ ਅਸੀਸਾਂ ਦੀ ਵੀ ਲੋੜ ਹੈ ।

ਅਸਿ. ਪ੍ਰੋਫੈਸਰ ਗੁਰਮੀਤ ਸਿੰਘ
ਸਰਕਾਰੀ ਕਾਲਜ ਮਾਲੇਰਕੋਟਲਾ
9417545100

Previous articleAdmissions to Telangana’s Covid hospitals up by 150%
Next articleਬਲਾਕ ਸੰਮਤੀ ਮੈਂਬਰ ਕੁਲਬੀਰ ਖੈੜਾ ਨੇ ਕੀਤਾ ਖੈੜਾ ਦੋਨਾਂ ਵਿੱਚ ਚੱਲਦੇ ਵਿਕਾਸ ਕਾਰਜਾਂ ਦਾ ਨਿਰੀਖਣ