ਲੰਡਨ (ਸਮਰਾ): ਇਸ ਵਾਰ ਲੈਸਟਰਸ਼ਾਇਰ ਦੇ ਓਡਬੀ ਅਤੇ ਵਿਗਸਟਨ ਬਰੋ ਕੌਂਸਲ ਦੇ ਘੇਰੇ ਚ ਪੈਂਦੇ ਵਾਰਡਾਂ ਚ ਪੰਜਾਬੀ ਭਾਈਚਾਰੇ ਦੇ ਉਮੀਦਵਾਰ ਕਾਫ਼ੀ ਗਿਣਤੀ ਚ ਕੌਂਸਲ ਦੀ ਚੋਣ ਲੜ ਰਹੇ ਹਨ ਜਿਹਨਾਂ ਚ ਨਵੇਂ ਵੀ ਹਨ ਤੇ ਪੁਰਾਣੇ ਵੀ । ਇੰਗਲੈਂਡ ਦੀ ਮੌਜੂਦਾ ਸੱਤਾਧਾਰੀ ਕੰਜਰਵੇਟਿਵ ਪਾਰਟੀ ਨੇ ਇਸ ਵਾਰ ਸਥਾਨਕ ਕੌਸ਼ਲ ਦੀ ਚੋਣ ਵਾਸਤੇ ਕਈ ਨਵੇਂ ਪੰਜਾਬੀ ਚੇਹਰੇ ਮੈਦਾਨ ਚ ਉਤਾਰੇ ਹਨ ਜਿਹਨਾ ਚ ਨਾਮਵਰ ਪੰਜਾਬੀ ਵਿਦਵਾਨ ਤੇ ਲੇਖਕ ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ ਤੇ ਯੂ ਕੇ ਰਾਮਗੜ੍ਹੀਆ ਕੌਂਸਲ ਦੇ ਲੰਮਾ ਸਮਾਂ ਜਨਰਲ ਸਕੱਤਰ ਰਹੇ ਸ ਜਗਜੀਤ ਸਿੰਘ ਸਹੋਤਾ ਵੀ ਚੋਣ ਮੈਦਾਨ ਚ ਹਨ । ਇਸੇ ਤਰਾਂ ਕਮਲ ਸਿੰਘ ਘਟੋਰੇ, ਸਨਦੀਪ ਬਿਰਿੰਗ, ਨਿੱਕੀ ਘਟੋਰੇ ਤੇ ਜਗਤਾਰ ਸਿੰਘ ਵੀ ਆਪੋ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਇਹਨਾਂ ਚੋਣਾਂ ਦੇ ਨਾਲ ਇਸ ਵਾਰ ਲੈਸਟਰ ਸਿਟੀ ਕੌੰਸਲ ਦੇ ਮੇਅਰ ਦੀ ਚੋਣ ਵੀ ਹੋ ਰਹੀ ਜਿਸ ਵਾਸਤੇ ਲੇਬਰ ਪਾਰਟੀ ਵੱਲੋਂ ਪਹਿਲਾ ਰਹਿ ਚੁੱਕੇ ਮੇਅਰ ਪੀਟਰ ਸੋਲਸਬਾਈ ਦੁਬਾਰਾ ਮੈਦਾਨ ਚ ਹਨ ਜਦ ਕਿ ਉਹਨਾਂ ਦੇ ਮੁਕਾਬਲੇ ਚ ਕੰਜਰਵੇਟਿਵ ਪਾਰਟੀ ਵੱਲੋਂ ਇਕ ਪੰਜਾਬਣ ਸਨਦੀਪ ਵਰਮਾ ਜੋ ਕਿ ਹਾਊਸ ਆਫ ਲਾਰਡਜ ਦੀ ਮੈਂਬਰ ਹੈ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ । ਇਲਾਕੇ ‘ਚ ਚੋਣ ਪ੍ਰਚਾਰ ਇਸ ਵੇਲੇ ਪੂਰੇ ਜ਼ੋਰਾਂ ‘ਤੇ ਹੈ । 2 ਮਈ ਸਵੇਰੇ ਸੱਤ ਵਜੇ ਤੋਂ ਰਾਤ ਦੇ ਦਸ ਵਜੇ ਤੱਕ ਵੋਟਾਂ ਪੈਣਗੀ ਤੇ ਨਤੀਜੇ ਤਿੰਨ ਮਈ ਬਾਅਦ ਦੁਪਹਿਰ ਪ੍ਰਾਪਤ ਹੋਣਗੇ । ਇਹਨਾਂ ਚੋਣਾਂ ‘ਚ ਪੰਜਾਬੀ ਉਮੀਦਵਾਰਾਂ ਦੀ ਹਾਰ ਹੋਵੇ ਜਾਂ ਜਿੱਤ ਪਰ ਖ਼ੁਸ਼ੀ ਤੇ ਤਸੱਲੀ ਵਾਲੀ ਗੱਲ ਇਹ ਹੈ ਕਿ ਪੰਜਾਬੀ ਭਾਈਚਾਰੇ ਦੇ ਲੋਕ ਹੋਰਨਾਂ ਖੇਤਰਾਂ ਚ ਮੱਲਾ ਮਾਰਨ ਤੋ ਬਾਅਦ ਹੁਣ ਵਿਦੇਸ਼ਾਂ ਦੀ ਸਿਆਸਤ ਵਿੱਚ ਵੀ ਪੂਰੀ ਤਰਾਂ ਸਰਗਰਮ ਹੋ ਰਹੇ ਹਨ ।