ਚੰਡੀਗੜ੍ਹ ਪੁਲੀਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਇੰਸਪੈਕਟਰ ਰਣਜੀਤ ਸਿੰਘ ਦੀ ਨਿਗਰਾਨੀ ਅਤੇ ਡੀਐੱਸਪੀ ਰਾਜੀਵ ਕੁਮਾਰ ਦੀ ਅਗਵਾਈ ਹੇਠ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ’ਤੇ ਲੁੱਟਾਂ-ਖੋਹਾਂ ਕਰਨ ਦਾ ਦੋਸ਼ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਤਿੰਨ ਪੰਜਾਬ ਦੇ ਵਸਨੀਕ ਹਨ ਅਤੇ ਇਕ ਮੁਲਜ਼ਮ ਹਰਿਆਣਾ ਦਾ ਰਹਿਣ ਵਾਲਾ ਹੈ। ਉਨ੍ਹਾਂ ਦੀ ਪਛਾਣ ਜਸਬੀਰ ਸਿੰਘ ਵਾਸੀ ਜ਼ਿਲਾ ਬਰਨਾਲਾ, ਕੁਲਵਿੰਦਰ ਸਿੰਘ ਵਾਸੀ ਜ਼ਿਲ੍ਹਾ ਫਿਰੋਜ਼ਪੁਰ, ਅਜੇ ਕੁਮਾਰ ਵਾਸੀ ਜ਼ਿਲ੍ਹਾ ਹਿਸਾਰ ਅਤੇ ਸੋਨੂੰ ਵਾਸੀ ਜ਼ਿਲ੍ਹਾ ਮੁਕਤਸਰ ਵਜੋਂ ਹੋਈ ਹੈ।
ਪੁਲੀਸ ਅਨੁਸਾਰ ਗੁਪਤ ਸੂਚਨਾ ਮਿਲੀ ਸੀ ਕਿ ਜਸਬੀਰ ਅਤੇ ਕੁਲਵਿੰਦਰ ਆਪਣੀ ਕੈਬ ਦੀ ਵਰਤੋਂ ਕਰ ਕੇ ਸੈਕਟਰ-18 ਚੰਡੀਗੜ੍ਹ ਨੇੜੇ ਕੀਤੀ ਲੁੱਟ-ਖੋਹ ਦੀ ਵਾਰਦਾਤ ਵਿੱਚ ਸ਼ਾਮਲ ਸਨ। ਉਹ ਖੁੱਡਾ ਲਾਹੌਰਾ ਨੇੜੇ ਬੋਟੈਨੀਕਲ ਗਾਰਡਨ ਇਲਾਕੇ ਵਿੱਚ ਆਪਣੀ ਕੈਬ ਵਿੱਚ ਘੁੰਮ ਰਹੇ ਸਨ। ਇਸ ਸੂਚਨਾ ਦੇ ਆਧਾਰ ’ਤੇ ਕ੍ਰਾਈਮ ਬ੍ਰਾਂਚ ਦੇ ਐੱਸਆਈ ਸੁਮੇਰ ਸਿੰਘ ਨੇ ਨਾਕਾ ਲਗਾ ਕਿ ਧਨਾਸ ਵਾਲੇ ਪਾਸਿਓਂ ਕਾਰ ਵਿੱਚ ਆ ਰਹੇ ਜਸਬੀਰ ਅਤੇ ਕੁਲਵਿੰਦਰ ਨੂੰ ਕਾਬੂ ਕੀਤਾ। ਮੁਲਜ਼ਮਾਂ ’ਤੇ ਦੋਸ਼ ਹੈ ਕਿ 11 ਫਰਵਰੀ ਨੂੰ ਇਥੇ ਸੈਕਟਰ-18 ਦੇ ਪਾਰਕ ਨੇੜੇ ਇੱਕ ਮਹਿਲਾ ਦਾ ਉਨ੍ਹਾਂ ਨੇ ਮੋਬਾਈਲ ਫੋਨ ਝਪਟ ਲਿਆ ਸੀ। ਪੁਲੀਸ ਨੇ ਮੁਲਜ਼ਮਾਂ ਤੋਂ ਮੋਬਾਈਲ ਫੋਨ ਬਰਾਮਦ ਕਰ ਲਿਆ ਹੈ। ਮੁਲਜ਼ਮ ਜਸਬੀਰ ਸਿੰਘ ਆਪਣੀ ਕੈਬ ਟਰਾਈਸਿਟੀ ਵਿੱਚ ਚਲਾਉਂਦਾ ਸੀ।
ਮੁਲਜ਼ਮਾਂ ਨੇ ਪੁੱਛ-ਪੜਤਾਲ ਦੌਰਾਨ ਗੁਨਾਹ ਕਬੂਲੇ
ਪੁਲੀਸ ਵੱਲੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਦੋਵੇਂ ਮੁਲਜ਼ਮਾਂ ਨੇ ਪੁੱਛ-ਪੜਤਾਲ ਦੌਰਾਨ ਕਬੂਲ ਕੀਤਾ ਕਿ ਉਨ੍ਹਾਂ ਨੇ ਆਪਣੇ ਦੋ ਹੋਰ ਸਾਥੀਆਂ ਅਜੇ ਅਤੇ ਸੋਨੂੰ ਨਾਲ ਮਿਲ ਕੇ 13 ਫਰਵਰੀ ਨੂੰ ਸੈਕਟਰ 47-ਬੀ ਵਿੱਚ ਮੋਬਾਈਲ ਫੋਨ ਖੋਹਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲੀਸ ਨੇ ਮੁਜ਼ਲਮਾਂ ਦੀ ਨਿਸ਼ਾਨਦੇਹੀ ’ਤੇ ਅਜੇ ਅਤੇ ਸੋਨੂੰ ਨੂੰ ਸੈਕਟਰ-45 ਦੀ ਰੇਹੜੀ ਮਾਰਕੀਟ ਨੇੜਿਓਂ ਗ੍ਰਿਫਤਾਰ ਕਰ ਲਿਆ। ਪੁੱਛ-ਪੜਤਾਲ ਦੌਰਾਨ ਮੁਲਜ਼ਮ ਜਸਬੀਰ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਚੰਡੀਗੜ੍ਹ ਦੇ ਨਾਲ ਲੱਗਦੇ ਮੁਹਾਲੀ ਦੇ ਸੋਹਾਣਾ ਇਲਾਕੇ ਤੋਂ ਵੀ ਮੋਬਾਈਲ ਫੋਨ ਖੋਹਿਆ ਸੀ।