ਲੁਧਿਆਣਾ (ਸਮਾਜਵੀਕਲੀ) : ਸਥਾਨਕ ਚੀਮਾ ਚੌਕ ਨੇੜੇ ਆਰ.ਕੇ. ਰੋਡ ’ਤੇ ਸਥਿਤ ਇੱਕ ਧਾਗਾ ਮਿੱਲ ਨੂੰ ਅੱਜ ਅਚਾਨਕ ਅੱਗ ਲੱਗ ਗਈ। ਇਸ ਅੱਗ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।ਇਸ ਤਿੰਨ ਮੰਜ਼ਿਲਾ ਧਾਗਾ ਮਿੱਲ ਵਿੱਚ ਅੱਗ ਬਾਅਦ ਦੁਪਹਿਰ 12.30 ਵਜੇ ਦੇ ਕਰੀਬ ਲੱਗੀ। ਅੱਗ ਮਿੱਲ ਦੀ ਦੂਜੀ ਮੰਜ਼ਿਲ ਤੋਂ ਸ਼ੁਰੂ ਹੋਈ ਅਤੇ ਦੇਖਦੇ ਹੀ ਦੇਖਦੇ ਹੋਰ ਮੰਜ਼ਿਲਾਂ ਤੱਕ ਫੈਲ ਗਈ। ਐਤਵਾਰ ਦੀ ਛੁੱਟੀ ਹੋਣ ਕਾਰਨ ਅੱਜ ਮਿੱਲ ਬੰਦ ਸੀ, ਇਸ ਵਾਸਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਅੱਗ ਲੱਗਣ ਵੇਲੇ ਮਾਲਕ ਮਿੱਲ ਦੇ ਅੰਦਰ ਹੀ ਸੀ ਪਰ ਧੂੰਆਂ ਨਿਕਲਦਾ ਦੇਖ ਕੇ ਉਹ ਤੁਰੰਤ ਸਹੀ ਸਲਾਮਤ ਬਾਹਰ ਨਿਕਲ ਆਇਆ। ਅੱਗ ਲੱਗਣ ਦੇ ਕਾਰਨਾਂ ਦਾ ਅਧਿਕਾਰਤ ਤੌਰ ’ਤੇ ਤਾਂ ਪਤਾ ਨਹੀਂ ਲੱਗ ਸਕਿਆ ਹੈ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਅੱਗ ਬਿਜਲੀ ਦਾ ਸਰਕਟ ਸ਼ਾਰਟ ਹੋਣ ਕਰ ਕੇ ਲੱਗੀ ਹੋ ਸਕਦੀ ਹੈ। ਫਾਇਰ ਸਟੇਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰੇ 12.55 ਵਜੇ ਦੇ ਕਰੀਬ ਅੱਗ ਲੱਗਣ ਬਾਰੇ ਸੂਚਨਾ ਮਿਲੀ ਸੀ।
ਉਨ੍ਹਾਂ ਤੁਰੰਤ ਅੱਗ ਬੁਝਾਉਣ ਵਾਲੇ ਦਸਤੇ ਦੀਆਂ ਗੱਡੀਆਂ ਮੌਕੇ ’ਤੇ ਰਵਾਨਾ ਕਰ ਦਿੱਤੀਆਂ ਸਨ। ਉਨ੍ਹਾਂ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ਲਈ 10 ਦੇ ਕਰੀਬ ਫਾਇਰ ਟੈਂਡਰ ਲਗਾਏ ਗਏ ਜੋ ਸੱਤ-ਅੱਠ ਵਾਰ ਪਾਣੀ ਭਰ ਕੇ ਲਿਜਾ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਮਾਲਕਾਂ ਵੱਲੋਂ ਮਿੱਲ ਵਿੱਚ ਅੱਗ ਬੁਝਾਉਣ ਲਈ ਪ੍ਰਬੰਧ ਨਹੀਂ ਸਨ ਕੀਤੇ ਹੋਏ ਅਤੇ ਇਸ ਬਾਰੇ ਐੱਨਓਸੀ ਵੀ ਨਹੀਂ ਸੀ ਲਿਆ ਗਿਆ। ਅੱਗ ਲੱਗਣ ਕਾਰਨ ਇਲਾਕੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ। ਅੱਗ ਲੱਗਣ ਦੌਰਾਨ ਇਸ ਧਾਗਾ ਮਿੱਲ ਦੇ ਨਾਲ ਲੱਗਦੇ ਹੋਰ ਕਾਰਖਾਨਾ ਮਾਲਕਾਂ ਨੇ ਵੀ ਆਪਣਾ ਸਾਮਾਨ ਸਮੇਟਣਾ ਸ਼ੁਰੂ ਕਰ ਦਿੱਤਾ।