ਗੁਰੂ ਰਵਿਦਾਸ ਦੇ ਸਰੂਪ ਦੀ ਬੇਅਦਬੀ ਵਿਰੁੱਧ ਪ੍ਰਦਰਸ਼ਨ

ਆਦਮਪੁਰ ਦੋਆਬਾ : ਇਥੋਂ ਦੀਆਂ ਸ੍ਰੀ ਗੁਰੂ ਰਵਿਦਾਸ ਜਥੇਬੰਦੀਆਂ ਵਲੋਂ ਗੁਰੂ ਰਵਿਦਾਸ ਜੀ ਦੇ ਸਰੂਪ ਦੀ ਬੇਅਦਬੀ ਵਿਰੁੱਧ ਪੁਲੀਸ ਸਟੇਸ਼ਨ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਜਲੰਧਰ-ਹੁਸ਼ਿਆਰਪੁਰ ਹਾਈਵੇਅ ਜਾਮ ਕੀਤਾ ਗਿਆ। ਪ੍ਰਦਰਸ਼ਨਕਾਰੀ ਫੈਕਟਰੀ ਮਾਲਕ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਸਨ।

ਪ੍ਰਦਰਸ਼ਨ ਦੌਰਾਨ ਅੰਬੇਡਕਰ ਸੈਨਾ ਦੇ ਆਗੂਆਂ ਨੇ ਕਿਹਾ ਕਿ ਤੰਬਾਕੂ ਗੁਟਕੇ ’ਤੇ ਗੁਰੂ ਰਵਿਦਾਸ ਦੇ ਸਰੂਪ ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ, ਕਾਰਨ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਦੇ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚੀ ਹੈ। ਉਨ੍ਹਾਂ ਮੰਗ ਕੀਤੀ ਕਿ ਤੰਬਾਕੂ ਬਣਾਉਣ ਵਾਲੀ ਕੰਪਨੀ ਦੀ ਨਿਸ਼ਾਨਦੇਹੀ ਕਰਕੇ ਕੰਪਨੀ ਨੂੰ ਸੀਲ ਕੀਤਾ ਜਾਵੇ ਤੇ ਉਸ ਖ਼ਿਲਾਫ਼ ਸਖ਼ਤ ਧਾਰਾਵਾਂ ਹੇਠ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਆਗੂਆਂ ਨੇ ਡੀਐਸਪੀ ਸੁਰਿੰਦਰ ਸਿੰਘ ਨੂੰ ਮੰਗ-ਪੱਤਰ ਰਾਜਪਾਲ ਦੇ ਨਾਂ ਦਿੱਤਾ। ਲੋਕ ਮੰਗ ਕਰ ਰਹੇ ਸਨ ਕਿ ਪੁਲੀਸ ਆਦਮਪੁਰ ਵਿਚ ਵੀ ਕੰਪਨੀ ਮਾਲਕ ’ਤੇ ਕੇਸ ਦਰਜ ਕਰੇ। ਇਸ ਮੌਕੇ 5 ਘੰਟਿਆਂ ਤੋਂ ਵੱਧ ਥਾਣੇ ਅੱਗੇ ਧਰਨਾ ਦੇ ਕੇ ਜਲੰਧਰ-ਹੁਸ਼ਿਆਰਪੁਰ ਹਾਈਵੇਅ ਜਾਮ ਕੀਤਾ ਗਿਆ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਅਖੀਰ ਵਿੱਚ ਆਦਮਪੁਰ ਪੁਲੀਸ ਸਟੇਸ਼ਨ ਵਿਚ ਗੁਰੂ ਰਵਿਦਾਸ ਦੇ ਸਰੂਪ ਦੀ ਬੇਅਦਬੀ ਕਰਨ ਵਾਲੇ ਫੈਕਟਰੀ ਮਾਲਕ ਵਿਰੁੱਧ ਕੇਸ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਅੰਬੇਡਕਰ ਸੈਨਾ ਦੇ ਆਗੂਆਂ ਨੇ ਧਰਨਾ ਸਮਾਪਤ ਕੀਤਾ।

Previous articleਲੁਧਿਆਣਾ ਵਿੱਚ ਧਾਗਾ ਮਿੱਲ ਨੂੰ ਅੱਗ ਲੱਗੀ
Next articleਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦਾ ਦੇਹਾਂਤ