ਮੇਰਠ (ਸਮਾਜਵੀਕਲੀ): ਪੰਜਾਬ ਦੀ ਇਕ ਮੁਟਿਆਰ ਨੂੰ ਵਰਗਲਾ ਕੇ ਉਸ ਨਾਲ ਵਿਆਹ ਕਰਨ ਅਤੇ ਮਗਰੋਂ ਕਥਿਤ ਤੌਰ ’ਤੇ ਉਸ ਦਾ ਬੇਰਹਿਮੀ ਨਾਲ ਕਤਲ ਕਰਨ ਕਰਨ ਵਾਲੇ ਮੁਲਜ਼ਮ ਸ਼ਾਕਿਬ ਨੂੰ ਉੱਤਰ ਪ੍ਰਦੇਸ਼ ਪੁਲੀਸ ਨੇ ਇਕ ਮੁਕਾਬਲੇ ਵਿੱਚ ਮਾਰ ਦਿੱਤਾ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਵਸਨੀਕ ਇਸ ਮੁਟਿਆਰ ਦਾ ਸਿਰ ਅਤੇ ਹੱਥ ਵੱਢੀ ਲਾਸ਼ ਇਕ ਵਰ੍ਹੇ ਪਹਿਲਾਂ ਲੋਹੀਆਂ ਪਿੰਡ ਵਿੱਚ ਇਕ ਖੇਤ ’ਚੋਂ ਬਰਾਮਦ ਹੋਈ ਸੀ
। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਲਾਈਨ ਵਿੱਚ ਪ੍ਰੈਸ ਕਾਨਫਰੰਸ ਤੋਂ ਥਾਣੇ ਲਿਜਾਣ ਸਮੇਂ ਸ਼ਾਕਿਬ ਸਿਪਾਹੀ ਦੀ ਪਿਸਤੌਲ ਖੋਹ ਕੇ ਭੱਜ ਗਿਆ। ਪਿੱਛਾ ਕਰਨ ’ਤੇ ਸ਼ਾਕਿਬ ਨੇ ਸਿਪਾਹੀ ਨੂੰ ਗੋਲੀ ਮਾਰ ਦਿੱਤੀ। ਸਥਾਨਕ ਲੋਕਾਂ ਅਤੇ ਪੁਲੀਸ ਦੀ ਮਦਦ ਨਾਲ ਸਿਵਾਇਆ ਦੇ ਜੰਗਲ ਵਿੱਚ ਸ਼ਾਕਿਬ ਨੂੰ ਘੇਰ ਲਿਆ ਗਿਆ ਅਤੇ ਗੋਲੀ ਲੱਗਣ ਕਾਰਨ ਸ਼ਾਕਿਬ ਜ਼ਖ਼ਮੀ ਹੋ ਗਿਆ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਸ ਮਾਮਲੇ ਵਿੱਚ ਪੁਲੀਸ ਨੇ ਸੋਮਵਾਰ ਨੂੰ ਸ਼ਾਕਿਬ, ਉਸ ਦੇ ਭਰਾ ਮੁਸਰੱਤ, ਪਿਤਾ ਮੁਸ਼ਤਕੀਮ, ਭਾਬੀ ਰੇਸ਼ਮਾ, ਇਸਮਤ ਅਤੇ ਦੋਸਤ ਅਯਾਨ ਨੂੰ ਗ੍ਰਿਫ਼ਤਾਰ ਕਰਨ ਬਾਅਦ ਪੁਲੀਸ ਲਾਈਨ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ। ਸਾਰੇ ਮੁਲਜ਼ਮਾਂ ਨੂੰ ਗੱਡੀ ਵਿੱਚ ਥਾਣੇ ਲਿਆਇਆ ਜਾ ਰਿਹਾ ਸੀ ਕਿ ਇਸ ਦੌਰਾਨ ਸ਼ਾਕਿਬ ਭੱਜ ਗਿਆ ਤੇ ਮੁਕਾਬਲੇ ਵਿੱਚ ਮਾਰਿਆ ਗਿਆ।