ਲੁਧਿਆਣਾ ਦੀ ਸਾਈਕਲ ਫੈਕਟਰੀ ’ਚ ਅੱਗ ਲੱਗੀ

ਫੋਕਲ ਪੁਆਇੰਟ ਸਥਿਤ ਫੇਜ਼-8 ’ਚ ਇੱਕ ਸਾਈਕਲ ਪਾਰਟਸ ਬਣਾਉਣ ਵਾਲੀ ਫੈਕਟਰੀ ’ਚ ਐਤਵਾਰ ਸਵੇਰੇ ਅਚਾਨਕ ਅੱਗ ਲੱਗ ਗਈ। ਅੱਗ ਸਭ ਤੋਂ ਪਹਿਲਾਂ ਐਡਮਿਨ ਰੂਮ ’ਚ ਲੱਗੀ। ਫਿਰ ਅੱਗ ਨੇ ਅਕਾਊਂਟ ਡਿਪਾਰਟਮੈਂਟ, ਰਿਸੈਪਸ਼ਨ, ਰੈਸਟ ਰੂਮ ਤੇ ਐੱਮਡੀ ਦਫ਼ਤਰ ਨੂੰ ਆਪਣੀ ਲਪੇਟ ’ਚ ਲੈ ਲਿਆ। ਦੇਖਦੇ ਹੀ ਦੇਖਦੇ ਅੱਗ ਪੂਰੀ ਫੈਕਟਰੀ ’ਚ ਫੈਲ ਗਈ।
ਇਸੇ ਦੌਰਾਨ ਕਿਸੇ ਨੇ ਇਸ ਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ’ਤੇ ਪੁੱਜ ਗਈਆਂ। ਉਸ ਤੋਂ ਬਾਅਦ ਬਾਕੀ ਪਾਣੀ ਫੈਕਟਰੀ ’ਚੋਂ ਲਿਆ ਗਿਆ। ਪੰਜ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਨਾਲ ਫੈਕਟਰੀ ’ਚ ਪਿਆ ਸਾਮਾਨ ਤੇ ਕਾਗਜ਼ ਸੜ ਕੇ ਖਾਕ ਹੋ ਗਏ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਫੋਕਲ ਪੁਆਇੰਟ ਦੀ ਫੇਜ਼-8 ’ਚ ਹਾਈਵੇਅ ਇੰਡਸਟਰੀ ਹੈ। ਜਿੱਥੇ ਸਾਈਕਲ ਪਾਰਟਸ ਬਣਦੇ ਹਨ। ਸਵੇਰੇ 7 ਵਜੇ ਸੁਰੱਖਿਆ ਇੰਚਾਰਜ ਬਲਵੀਰ ਸਿੰਘ ਨੇ ਐਡਮਿਨ ਰੂਮ ’ਚੋਂ ਧੂੰਆਂ ਨਿਕਲਦਾ ਦੇਖਿਆ। ਜਦੋਂ ਕਮਰਾ ਖੋਲ੍ਹਿਆ ਗਿਆ ਤਾਂ ਅੰਦਰ ਅੱਗ ਲੱਗੀ ਹੋਈ ਸੀ। ਇਸ ਤੋਂ ਬਾਅਦ ਘਟਨਾ ਦੀ ਜਾਣਕਾਰੀ ਇੰਡਸਟਰੀ ਮੈਨੇਜਰ ਤੇ ਮਾਲਕਾਂ ਨੂੰ ਦਿੱਤੀ ਗਈ ਤੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਵੀ ਫੋਨ ਕੀਤਾ ਗਿਆ। ਫਾਇਰ ਬ੍ਰਿਗੇਡ ਮੁਲਾਜ਼ਮਾਂ ਦੇ ਆਉਣ ਤੋਂ ਪਹਿਲਾਂ ਹੀ ਅੱਗ ਐਡਮਿਨ ਰੂਮ ’ਚੋਂ ਹੁੰਦੀ ਹੋਈ ਅਕਾਊਂਟ ਰੂਮ, ਰੈਸਟ ਰੂਮ ਤੇ ਰਿਸੈਪਸ਼ਨ ਰਾਹੀਂ ਐਮਡੀ ਰੂਮ ਤੱਕ ਪੁੱਜ ਚੁੱਕੀ ਸੀ।
ਸੂਚਨਾ ਤੋਂ ਕੁਝ ਸਮੇਂ ਬਾਅਦ ਫਾਇਰ ਬ੍ਰਿਗੇਡ ਮੌਕੇ ’ਤੇ ਪੁੱਜ ਗਈ ਸੀ। ਫਾਇਰ ਬ੍ਰਿਗੇਡ ਦੀਆਂ ਇੱਕ ਇੱਕ ਕਰਕੇ ਤਿੰਨ ਗੱਡੀਆਂ ਮੌਕੇ ’ਤੇ ਪੁੱਜ ਗਈਆਂ ਤੇ ਬਾਕੀ ਪਾਣੀ ਫੈਕਟਰੀ ’ਚ ਲੱਗੇ ਸਿਸਟਮ ’ਚੋਂ ਲਿਆ ਗਿਆ ਸੀ। ਪੰਜ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ਬੁਝਾਉਣ ’ਚ ਕਾਮਯਾਬੀ ਮਿਲੀ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਨਾਲ ਲੱਗੀ ਹੋ ਸਕਦੀ ਹੈ। ਫਿਲਹਾਲ ਨੁਕਸਾਨ ਕਿੰਨਾ ਹੋਇਆ ਹੈ, ਹਾਲੇ ਇਸਦਾ ਕੁਝ ਪਤਾ ਨਹੀਂ ਹੈ। ਫਿਰ ਵੀ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਗੱਲ ਕਹੀ ਜਾ ਰਹੀ ਹੈ।

Previous articleਸੜਕ ਹਾਦਸਿਆਂ ਵਿੱਚ ਤਿੰਨ ਹਲਾਕ, ਦੋ ਗੰਭੀਰ ਜ਼ਖ਼ਮੀ
Next articleਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਦੀ ਨਜ਼ਰ ਭਾਰਤੀ ਅਤੇ ਚੀਨੀ ਵਿਦਿਆਰਥੀਆਂ ’ਤੇ