ਲੁਧਿਆਣਾ (ਸਮਾਜਵੀਕਲੀ) – ਇੱਕ ਮਹੀਨੇ ਤੋਂ ਕਰੋਨਾਵਾਇਰਸ ਕਾਰਨ ਸਨਅਤੀ ਸ਼ਹਿਰ ਦੀਆਂ ਫੈਕਟਰੀਆਂ ’ਤੇ ਹੋਈ ਤਾਲਾਬੰਦੀ ਸ਼ਰਤਾਂ ਤਹਿਤ ਖੁੱਲ੍ਹਣੀ ਸ਼ੁਰੂ ਹੋ ਗਈ ਹੈ ਅਤੇ ਜ਼ਿਲ੍ਹਾ ਲੁਧਿਆਣਾ ਵਿੱਚ ਹੁਣ ਤੱਕ 900 ਸਨਅਤਕਾਰਾਂ ਨੂੰ ਸਨਅਤਾਂ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਮਨਜ਼ੂਰੀ ਲੈਣ ਵਾਲੀਆਂ ਸਨਅਤਾਂ ਵਿੱਚ ਜ਼ਿਆਦਾਤਰ ਸਨਅਤਾਂ ਜ਼ਰੂਰੀ ਵਸਤਾਂ ਬਣਾਉਣ (ਫੂਡ, ਬਰੈੱਡ), ਮੈਡੀਕਲ ਕਿੱਟਾਂ ਤੇ ਮਾਸਕ, ਦਵਾਈਆਂ, ਖੇਤੀਬਾੜੀ ਦੇ ਸੰਦ ਬਣਾਉਣ ਤੇ ਧਾਗਾ ਬਣਾਉਣ ਵਾਲੀਆਂ ਕਤਾਈ ਮਿੱਲਾਂ ਸ਼ਾਮਲ ਹਨ।
ਜ਼ਿਲ੍ਹਾ ਲੁਧਿਆਣਾ ’ਚ ਇੱਕ ਲੱਖ ਦੇ ਕਰੀਬ ਛੋਟੀਆਂ ਵੱਡੀਆਂ ਸਨਅਤਾਂ ਹਨ, ਜਿਨ੍ਹਾਂ ਵਿੱਚੋਂ ਸਿਰਫ਼ 5 ਫ਼ੀਸਦੀ ਹੀ ਜ਼ਰੂਰੀ ਵਸਤਾਂ ਬਣਾਉਂਦੀਆਂ ਹਨ। ਪੂਰੇ ਜ਼ਿਲ੍ਹੇ ਵਿੱਚ 15 ਲੱਖ ਤੋਂ ਵੱਧ ਮਜ਼ਦੂਰ ਕੰਮ ਕਰਦੇ ਹਨ। ਤਾਲਾਬੰਦੀ ਨਾਲ ਸਨਅਤਾਂ ਬੰਦ ਹੋਣ ਕਾਰਨ ਵਿਹਲੇ ਹੋਏ ਮਜ਼ਦੂਰ ਲੁਧਿਆਣਾ ਛੱਡ ਕੇ ਆਪਣੇ ਪਿੰਡਾਂ ਵੱਲ ਜਾਣ ਲੱਗ ਪਏ ਸਨ, ਜਿਸ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਰਤਾਂ ਤਹਿਤ ਸਨਅਤਾਂ ਨੂੰ ਖੋਲ੍ਹਣ ਦੀ ਗੱਲ ਕੀਤੀ।
ਪਿਛਲੇ 20 ਦਿਨਾਂ ਵਿੱਚ 900 ਤੋਂ ਵੱਧ ਸਨਅਤਕਾਰਾਂ ਨੇ ਆਪਣੀਆਂ ਫੈਕਟਰੀਆਂ ਦੁਬਾਰਾ ਖੋਲ੍ਹਣ ਦੀ ਮਨਜ਼ੂਰੀ ਲਈ ਹੈ। ਸਨਅਤੀ ਵਿਭਾਗ ਅਨੁਸਾਰ ਇਨ੍ਹਾਂ ਵਿੱਚੋਂ 800 ਫੈਕਟਰੀਆਂ ਤਾਂ ਸਿੱਧੇ ਤੌਰ ’ਤੇ ਜ਼ਰੂਰੀ ਵਸਤਾਂ ਬਣਾਉਣ ਵਾਲੀਆਂ, ਜਿਨ੍ਹਾਂ ਵਿੱਚ ਬਰੈੱਡ, ਫੂਡ, ਆਟਾ ਚੱਕੀ, ਬਿਸਕੁਟ ਤੇ ਮੈਡੀਕਲ ਕਿੱਟਾਂ ਬਣਾਉਣ ਵਾਲੀਆਂ ਫੈਕਟਰੀਆਂ ਹਨ।
ਬਾਕੀ 100 ਦੇ ਕਰੀਬ ਫੈਕਟਰੀਆਂ ’ਚ ਕਤਾਈ ਮਿੱਲਾਂ, ਹੌਜ਼ਰੀਆਂ ਤੇ ਹੋਰਨਾਂ ਸਨਅਤਾਂ ਸ਼ਾਮਲ ਹਨ। ਇਨ੍ਹਾਂ ਸਨਅਤਾਂ ਲਈ ਪਹਿਲੀ ਸ਼ਰਤ ਹੈ ਕਿ ਇਹ ਸਾਰੀ ਆਪਣੀ ਲੇਬਰ ਨੂੰ ਜਾਂ ਤਾਂ ਫੈਕਟਰੀ ਦੇ ਅੰਦਰ ਰੱਖਣਗੇ, ਨਹੀਂ ਤਾਂ ਟਰਾਂਸਪੋਰਟ ਰਾਹੀਂ ਉਨ੍ਹਾਂ ਨੂੰ ਘਰੋਂ ਲਿਆਉਣ ਅਤੇ ਛੱਡਣ ਦਾ ਪ੍ਰਬੰਧ ਕਰਨਗੇ। ਬੱਸਾਂ ’ਚ ਸਿਰਫ਼ 40 ਫੀਸਦੀ ਹੀ ਲੇਬਰ ਬਿਠਾਈ ਜਾ ਸਕਦੀ ਹੈ।
ਸਨਅਤੀ ਸ਼ਹਿਰ ਵਿਚ ਇੰਡਸਟਰੀ ਵਿਭਾਗ ਦੇ ਜੀ.ਐੱਮ. ਮਹੇਸ਼ ਖੰਨਾ ਨੇ ਦੱਸਿਆ ਕਿ ਸ਼ਹਿਰ ਵਿੱਚ ਵਰਧਮਾਨ, ਆਰਤੀ ਸਟੀਲ, ਗੰਗਾ ਅਕਰੈਲਿਕ, ਐੱਸਟੀ ਕਾਟਕਸ, ਰਾਲਸਨ, ਸਪੋਰਟਕਿੰਗ, ਮੋਂਟੇ ਕਾਰਲੋ, ਸ਼ਿਵਾ ਟੈਕਸ ਆਦਿ ਸਨਅਤਾਂ ਨੇ ਖੁੱਲ੍ਹਣ ਦੀ ਮਨਜ਼ੂਰੀ ਲਈ ਹੈ। ਡੀਸੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਸ਼ਰਤਾਂ ਪੂਰੀਆਂ ਕਰਨ ਵਾਲੀ ਸਨਅਤਾਂ ਨੂੰ ਕੰਮ ਸ਼ੁਰੂ ਕਰਨ ਦੀ ਆਗਿਆ ਦਿੱਤੀ ਗਈ ਹੈ, ਜਿਸ ਨਾਲ 30 ਹਜ਼ਾਰ ਤੋਂ ਵਧੇਰੇ ਮਜ਼ਦੂਰ ਕੰਮ ’ਤੇ ਮੁੜੇ ਹਨ।