ਸਾਲ ਪਹਿਲਾਂ ਪਲਾਸਟਿਕ ਫੈਕਟਰੀ ’ਚ ਹੋਏ ਧਮਾਕੇ ’ਚ 16 ਲੋਕਾਂ ਦੀ ਮਲਬੇ ਹੇਠ ਦਬ ਕੇ ਹੋ ਗਈ ਸੀ ਮੌਤ
ਸੂਫ਼ੀਆ ਚੌਕ ਨੇੜੇ ਗ਼ੋਲਾ ਪਲਾਸਟਿਕ ਫੈਕਟਰੀ ’ਚ ਹੋਏ ਅਗਨੀਕਾਂਡ ਦਾ ਭਿਆਨਕ ਮੰਜ਼ਰ ਇੱਕ ਸਾਲ ਬਾਅਦ ਵੀ ਲੁਧਿਆਣਾ ਵਾਸੀਆਂ ਦੇ ਜ਼ਹਿਨ ਵਿੱਚ ਹੈ। ਪੰਜ ਮੰਜ਼ਲਾ ਬਿਲਡਿੰਗ ਦੇ ਮਲਬੇ ਹੇਠ ਦਬ ਕੇ ਮਰੇ 9 ਫਾਇਰਮੈਨ ਸਮੇਤ 16 ਲੋਕਾਂ ਦੇ ਪਰਿਵਾਰਕ ਮੈਂਬਰ ਇਨਸਾਫ਼ ਤੇ ਸਰਕਾਰ ਵੱਲੋਂ ਐਲਾਨੀਆਂ ਨੌਕਰੀਆਂ ਦੀ ਰਾਹ ਤੱਕ ਰਹੇ ਹਨ। ਇਸ ਅਗਨੀਕਾਂਡ ਵਿੱਚ ‘ਆਪਣਿਆਂ’ ਨੂੰ ਗਵਾਉਣ ਵਾਲੇ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਤੇ ਸਰਕਾਰ ਦਾ ਉਨ੍ਹਾਂ ਪ੍ਰਤੀ ਰੁਖ਼ ਬੇਪਰਵਾਹੀ ਵਾਲਾ ਹੈ। ਅਗਨੀ ਕਾਂਡ ਮਗਰੋਂ ਸਰਕਾਰ ਤੇ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਹਮਦਰਦੀ ਜਤਾਉਂਦਿਆਂ ਵੱਡੇ ਵੱਡੇ ਵਾਅਦੇ ਕੀਤੇ, ਪਰ ਹਾਲਾਤ ਇਹ ਹਨ ਕਿ ਪਿਛਲੇ ਇੱਕ ਸਾਲ ਤੋਂ ਉਹ ਨੌਕਰੀ ਲਈ ਦਰ ਦਰ ਧੱਕੇ ਖਾ ਰਹੇ ਹਨ, ਪਰ ਉਨ੍ਹਾਂ ਦਾ ਕੋਈ ਲੜ ਪੱਲ੍ਹਾ ਨਹੀਂ ਫੜ ਰਿਹਾ। ਅਫ਼ਸਰਾਂ ਤੇ ਸਿਆਸਤਦਾਨਾਂ ਦੇ ਦਰਾਂ ’ਤੇ ਧੱਕੇ ਖਾਣ ਤੋਂ ਛੁੱਟ ਉਨ੍ਹਾਂ ਦੇ ਪੱਲੇ ਕੁਝ ਨਹੀਂ ਪਿਆ। ਇਹੀ ਨਹੀਂ ਮੁੱਖ ਮੰਤਰੀ ਦੇ ਨਿਰਦੇਸ਼ਾਂ ਦੇ ਬਾਵਜੂਦ ਇੱਕ ਸਾਲ ਮਗਰੋਂ ਵੀ ਡਿਵੀਜ਼ਨਲ ਕਮਿਸ਼ਨਰ ਪਟਿਆਲਾ ਇਸ ਅਗਨੀਕਾਂਡ ਦੀ ਅਜੇ ਤਕ ਜਾਂਚ ਰਿਪੋਰਟ ਨਹੀਂ ਦੇ ਸਕੇ। ਹੁਣ ਡਿਵੀਜ਼ਨਲ ਕਮਿਸ਼ਨਰ ਨਵੇਂ ਆਏ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਫਾਈਲ ਵੇਖਣ ਮਗਰੋਂ ਕੁਝ ਕਹਿਣਗੇ। ਉਧਰ, ਫੈਕਟਰੀ ਨੇੜੇ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਫੈਕਟਰੀ ਮਾਲਕ ਨੇ ਮੁੜ ਚਾਰਦੀਵਾਰੀ ਕਰ ਕੇ ਨਵੀਂ ਫੈਕਟਰੀ ਬਣਾਉਣ ਦੀ ਤਿਆਰੀ ਆਰੰਭ ਦਿੱਤੀ ਹੈ। ਚੇਤੇ ਰਹੇ ਕਿ ਇਸ ਅਗਨੀ ਕਾਂਡ ਦੌਰਾਨ ਫੈਕਟਰੀ ਵਿੱਚ ਅੱਗ ਬੁਝਾਉਂਦਿਆਂ ਲੁਧਿਆਣਾ ਜ਼ਿਲ੍ਹੇ ਦੇ 9 ਫਾਇਰ ਬ੍ਰਿਗੇਡ ਦੇ ਅਫ਼ਸਰਾਂ ਤੇ ਮੁਲਾਜ਼ਮਾਂ ਸਬ ਫਾਇਰ ਅਫ਼ਸਰ ਰਾਜਿੰਦਰ ਸ਼ਰਮਾ, ਸੈਮੂਅਲ ਗਿੱਲ ਤੇ ਰਾਜ ਕੁਮਾਰ, ਫਾਇਰਮੈਨ ਮਨੋਹਰ ਲਾਲ, ਵਿਸ਼ਾਨ, ਰਾਜਨ, ਪੂਰਨ ਸਿੰਘ, ਸੁਖਦੇਵ ਸਿੰਘ ਤੇ ਮਨਪ੍ਰੀਤ ਦੀ ਜਾਨ ਚਲੀ ਗਈ ਸੀ। ਫਾਇਰ ਬ੍ਰਿਗੇਡ ਅਮਲੇ ਨੇ ਇੱਕ ਵਾਰ ਤਾਂ ਅੱਗ ’ਤੇ ਕਾਬੂ ਪਾ ਲਿਆ ਸੀ, ਪਰ ਫੈਕਟਰੀ ਵਿੱਚ ਵੱਡੀ ਮਾਤਰਾ ’ਚ ਕੈਮੀਕਲ ਮੌਜੂਦ ਹੋਣ ਕਰਕੇ ਧਮਾਕੇ ਦੌਰਾਨ ਪੰਜ ਮੰਜ਼ਲਾ ਫੈਕਟਰੀ ਮਲਬੇ ਵਿੱਚ ਤਬਦੀਲ ਹੋ ਗਈ। ਫੈਕਟਰੀ ਢਹਿ ਢੇਰੀ ਹੋਣ ਤੋਂ ਪਹਿਲਾਂ ਅੰਦਰ 9 ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਸਮੇਤ 16 ਲੋਕ ਫਸੇ ਹੋਏ ਸਨ, ਜਿਨ੍ਹਾਂ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਦੇ ਅਮਲੇ ’ਚੋਂ ਤਿੰਨ ਦੀਆਂ ਲਾਸ਼ਾਂ ਪਰਿਵਾਰ ਵਾਲਿਆਂ ਨੂੰ ਨਹੀਂ ਮਿਲੀਆਂ, ਜਿਨ੍ਹਾਂ ਦੇ ਮੌਤ ਸਰਟੀਫਿਕੇਟ ਪ੍ਰਸ਼ਾਸਨ ਨੇ ਕਈ ਮਹੀਨਿਆਂ ਮਗਰੋਂ ਸਬੰਧਤ ਪਰਿਵਾਰਾਂ ਨੂੰ ਸੌਂਪੇ ਸਨ।