ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਟੈਲੀਸਕੋਪ ਲੱਗੇਗੀ

ਕੇਂਦਰ ਸਰਕਾਰ ਨੇ ਕਿਹਾ ਕਿ ਗੁਰਦਾਸਪੁਰ ਜ਼ਿਲੇ ਵਿਚ ਭਾਰਤ-ਪਾਕਿਸਤਾਨ ਸਰਹੱਦ ’ਤੇ ਉਚ ਸਮੱਰਥਾ ਵਾਲੀ ਟੈਲੀਸਕੋਪ ਲਾਈ ਜਾਵੇਗੀ ਤਾਂ ਕਿ ਸਿੱਖ ਸ਼ਰਧਾਲੂ ਸਰਹੱਦ ਦੇ ਉਸ ਪਾਰ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ। ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅਖੀਰਲੇ ਸਾਲ ਕਰਤਾਰਪੁਰ ਵਿਚ ਹੀ ਬਿਤਾਏ ਸਨ। ਗ੍ਰਹਿ ਮੰਤਰਾਲੇ ਨੇ ਇਕ ਬਿਆਨ ਵਿਚ ਦੱਸਿਆ ਕਿ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਵਲੋਂ ਗੁਰਦੁਆਰਾ ਡੇਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਉਚ ਸਮੱਰਥਾ ਵਾਲੀ ਟੈਲੀਸਕੋਪ ਲਾਈ ਜਾਵੇਗੀ ਤੇ ਰੇਲਵੇ ਵਲੋਂ ਇਕ ਵਿਸ਼ੇਸ਼ ਰੇਲਗੱਡੀ ਚਲਾਈ ਜਾਵੇਗੀ ਜੋ ਗੁਰੂ ਸਾਹਿਬ ਨਾਲ ਸਬੰਧਤ ਥਾਵਾਂ ਤੋਂ ਹੋ ਕੇ ਲੰਘੇਗੀ। ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਲਾਂਘੇ ਦੇਣ ਦਾ ਮੁੱਦਾ ਪਿੱਛੇ ਜਿਹੇ ਉਭਰ ਗਿਆ ਸੀ ਜਦੋਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਿਰਕਤ ਤੋਂ ਬਾਅਦ ਆਖਿਆ ਸੀ ਕਿ ਪਾਕਿਸਤਾਨ ਸਰਕਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਲਾਂਘਾ ਦੇਣ ਲਈ ਤਿਆਰ ਹੈ। ਸਿੱਖਾਂ ਦੀਆਂ ਵੱਖ ਵੱਖ ਜਥੇਬੰਦੀਆਂ ਲੰਮੇ ਸਮੇਂ ਤੋਂ ਲਾਂਘੇ ਲਈ ਭਾਰਤ ਸਰਕਾਰ ਵਲੋਂ ਪਾਕਿਸਤਾਨ ਨਾਲ ਗੱਲਬਾਤ ਕਰਨ ਦੀ ਮੰਗ ਕਰਦੀਆਂ ਆ ਰਹੀਆਂ ਹਨ। ਇਸ ਦੌਰਾਨ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਕ ਯਾਦਗਾਰੀ ਸਿੱਕਾ ਤੇ ਡਾਕ ਟਿਕਟਾਂ ਜਾਰੀ ਕਰਨ ਦਾ ਵੀ ਐਲਾਨ ਕੀਤਾ ਹੈ।

Previous articleਲੁਧਿਆਣਾ ਅਗਨੀਕਾਂਡ: ਪੀੜਤਾਂ ਨੂੰ ਅਜੇ ਵੀ ਇਨਸਾਫ਼ ਦੀ ਉਡੀਕ
Next articleRani Laxmibai was a visionary: Kangana Ranaut